ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਟੈਚੀ ‘ਚ ਅੰਮ੍ਰਿਤਸਰ ਤੋਂ ਪੁਨੇ ਲਿਜਾ ਰਹੇ ਪਿਉ-ਪੁੱਤ ਗ੍ਰਿਫ਼ਤਾਰ

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸਪਾਈਸ ਜੈੱਟ ਦੀ ਉਡਾਣ ਰਾਹੀਂ ਅਟੈਚੀ ‘ਚ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਬੀਤੀ ਸ਼ਾਮ ਸਪਾਈਸ ਜੈਟ ਹਵਾਈ ਕੰਪਨੀ ਦੀ ਉਡਾਣ ਰਾਹੀਂ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਦਿੱਲੀ ਰਾਹੀਂ ਪੁਨੇ ਜਾ ਰਹੇ ਸਨ।

ਫੜ੍ਹੇ ਗਏ ਮੁਲਜ਼ਮ ਜਵਾਲਾ ਸਿੰਘ ਤੇ ਜਸਵੀਰ ਸਿੰਘ

ਜਾਣਕਾਰੀ ਅਨੁਸਾਰ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਜਵਾਲਾ ਸਿੰਘ, ਜਸਵੀਰ ਸਿੰਘ ਵਜੋਂ ਹੋਈ ਹੈ ਜੋ ਦੋਵੇਂ ਪਿਓ-ਪੁੱਤ ਹਨ, ਜਿਨ੍ਹਾਂ ਦਾ ਪਿੱਛਾ ਮੋਗਾ ਤੋਂ ਹੈ ਅਤੇ ਉਨ੍ਹਾਂ ਦੀ ਰਿਹਾਇਸ਼ ਪੁਨੇ ਵਿਚ ਹੈ। ਇਹ ਦੋਵੇਂ ਪਿਓ-ਪੁੱਤਰ ਹਨ ਅਤੇ ਗੁਰਦੁਆਰਾ ਨਾਨਕਸਰ ਸਮਾਧ ਭਾਈ ਨਾਲ ਸਬੰਧ ਰੱਖਦੇ ਹਨ। ਦਰਅਸਲ ਬੇਅਦਬੀ ਦੀ ਘਟਨਾ ਸਬੰਧਤ ਇੱਕ ਆਟੋ ਚਾਲਕ ਦੁਆਰਾ ਪੁਲਿਸ ਨੂੰ ਦੱਸਿਆ ਗਿਆ। ਦੋਵੇਂ ਨੌਜਵਾਨ ਅੰਮ੍ਰਿਤਸਰ ਤੋਂ ਏਅਰਪੋਰਟ ਲਈ ਜਿਸ ਆਟੋ ‘ਤੇ ਸਵਾਰ ਹੋਏ ਉਸ ਦੇ ਡਰਾਈਵਰ ਨੂੰ ਸੂਟਕੇਸ ਨਾਲ ਸਬੰਧਤ ਗੱਲਬਾਤ ਦੌਰਾਨ ਇਹ ਸਭ ਪਤਾ ਲੱਗਿਆ। ਇਸ ਤੋਂ ਬਾਅਦ ਜਿਵੇਂ ਹੀ ਇਸ ਦੀ ਖਬਰ ਸ਼੍ਰੋਮਣੀ ਕਮੇਟੀ ਨੂੰ ਮਿਲੀ ਤਾਂ ਚਾਰ ਮੈਂਬਰੀ ਟੀਮ ਨੂੰ ਹਵਾਈ ਅੱਡੇ ਭੇਜਿਆ ਗਿਆ, ਜਿਨ੍ਹਾਂ ਇਹ ਪਾਵਨ ਸਰੂਪ ਗੁਰਦੁਆਰਾ ਸ੍ਰੀ ਰਾਮਸਰ ਵਿਖੇ ਲਿਆਂਦਾ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਆਖਿਆ ਕਿ ਪਾਵਨ ਸਰੂਪ ਨੂੰ ਅਟੈਚੀ ਵਿੱਚ ਬੰਦ ਕਰਕੇ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ ਸਿੱਖ ਮਰਿਆਦਾ ਦੇ ਉਲਟ ਹੈ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪਾਵਨ ਸਰੂਪ ਨੂੰ ਸਾਧਾਰਨ ਸਾਮਾਨ ਵਾਂਗ ਲਿਜਾਣਾ ਵੱਡਾ ਨਿਰਾਦਰ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਸ ਮਾਮਲੇ ਵਿੱਚ ਇਕ ਉਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜੋ ਮਾਮਲੇ ਦੀ ਡੂੰਘਾਈ ਤਕ ਪੜਤਾਲ ਕਰੇਗੀ। ਜਥੇਦਾਰ ਨੇ ਇਸ ਮਾਮਲੇ ਵਿੱਚ ਬਾਬਾ ਕੁਲਵੰਤ ਸਿੰਘ ਕੋਲੋਂ ਪੰਜ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਹੈ।

  • 203
  •  
  •  
  •  
  •