ਅਸੀਂ ਰਿਆਇਤਾਂ ਦੀ ਲੜਾਈ ਨਹੀਂ ਸਗੋਂ ਆਪਣੇ ਹੱਕਾਂ ਦੀ ਲੜਾਈ ਲੜੀਏ: ਦੀਪ ਸਿੱਧੂ

ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਸ਼ੰਭੂ ਬਾਰਡਰ ਤੇ ਲਗਾਏ ਧਰਨੇ ਅਤੇ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਮਨਸ਼ਾ ਨਾਲ ਨੇੜਲੇ ਪਿੰਡ ਨੋਸਿਹਰਾ ਵਿਖੇ 20 ਨਵੰਬਰ ਤੋਂ ਅਖੰਡ ਪਾਠ ਸਾਹਿਬ ਆਰੰਭ ਅਤੇ ਭੋਗ ਉਪਰੰਤ ਸ਼ੰਭੂ ਧਰਨੇ ਵਾਲੇ ਸਥਾਨ ਤੇ ਰੱਖੇ ਇਕ ਸਮਾਗਮ ਵਿਚ ਸਮੁੱਚੇ ਪੰਜਾਬ ਤੋਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰ ਕੇ ਦਿੱਲੀ ਜਾਣ ਲਈ ਰੂਪ ਰੇਖਾ ਤਿਆਰ ਕਰਦਿਆਂ ਆਪੋ-ਅਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਦੀਪ ਸਿੱਧੂ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਰਿਆਇਤਾਂ ਦੀ ਲੜਾਈ ਨਹੀਂ ਸਗੋਂ ਅਪਣੇ ਹੱਕਾਂ ਦੀ ਲੜਾਈ ਲੜਕੇ ਪੰਜਾਬ ਨੂੰ ਖ਼ੁਦਮੁਖਤਿਆਰੀ ਦੇ ਕਾਬਲ ਬਣਾ ਸਕਦੇ ਹਾਂ ਜਦਕਿ ਕੇਂਦਰ ਸਰਕਾਰ ਵਲੋਂ ਥੋਪੇ ਕਾਲੇ ਕਾਨੂੰਨਾਂ ਬਾਬਤ ਕਿਸਾਨੀ ਸੰਘਰਸ਼ ਇਕੱਲੇ ਪੰਜਾਬ ਦਾ ਨਹੀਂ ਸਗੋਂ ਦੇਸ਼ ਦੀਆਂ ਹੋਰਨਾਂ ਸੂਬਿਆਂ ਦਾ ਸੰਘਰਸ਼ ਵੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਤਕ ਪੰਜਾਬ ਕੋਲ ਅਪਣੀਆਂ ਨੀਤੀਆਂ ਘੜਨ ਦੇ ਹੱਕ ਨਹੀਂ ਹੋਣਗੇ ਉਨਾ ਚਿਰ ਪੰਜਾਬ ਦੇ ਹੱਕੀ ਮਸਲਿਆਂ ਨੂੰ ਕੇਂਦਰ ਸਰਕਾਰ ਅੱਖੋਂ ਪਰੋਖੇ ਕਰਦੀ ਰਹੇਗੀ ਜਿਸ ਕਰਕੇ ਪੰਜਾਬ ਦਾ ਅਵਾਮ ਜਿਥੇ ਸਾਂਝੀ ਅਤੇ ਫ਼ੈਸਲਾਕੁੰਨ ਲੜਾਈ ਲੜਨ ਲਈ ਸੜਕਾਂ ‘ਤੇ ਉਤਰਿਆ ਹੈ, ਉਥੇ 26/27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਲਈ ਵਹੀਰਾਂ ਘੱਤ ਕੇ ਸ਼ਮੂਲੀਅਤ ਕਰੇਗਾ।

ਦੀਪ ਸਿੱਧੂ ਨੇ ਕਿਹਾ ਕਿ ਜੇਕਰ ਹੁਣ ਵੀ ਕਿਸਾਨ, ਮਜ਼ਦੂਰ, ਵਪਾਰੀ ਸਮੇਤ ਪੰਜਾਬ ਦਾ ਅਵਾਮ ਨਾ ਜਾਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮੁੱਚੇ ਪੰਜਾਬ ਤੇ ਅੰਬਾਨੀ ਅਡਾਨੀ ਸਮੇਤ ਕਾਰਪੋਰੇਟ ਘਰਾਣੇ ਕਾਬਜ਼ ਹੋ ਕੇ ਪੰਜਾਬ ਦੀ ਹੋਂਦ ਨੂੰ ਖ਼ਤਮ ਕਰ ਦੇਣਗੇ ਅਤੇ ਰਾਜ ਵਿਚ ਜਾਇਦਾਦ ਦੇ ਮਾਲਕ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਕਾਰਪੋਰੇਟ ਘਰਾਣਿਆਂ ਡੂੰਘੀ ਸਾਜ਼ਸ਼ ਦੀ ਭੇਟ ਚੜ੍ਹ ਜਾਣਗੇ।

ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਅਪਣੇ ਸੰਬੋਧਨ ਕਿਹਾ ਕਿ ਕੇਂਦਰ ਸਰਕਾਰ ਨੇ ਕਾਨੂੰਨ ਜਾਰੀ ਕਰ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਦੀ ਕਗਾਰ ਤੇ ਖੜਾ ਕਰਦਿਆਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਸਾਨੀ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਪੰਜਾਬ ਅੱਜ ਅਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਉਥੇ ਹੋਰ ਵੀ ਪੰਜਾਬ ਪਾਣੀਆਂ ਸਮੇਤ ਕਈ ਵੱਡੇ ਮਸਲੇ ਰਾਜ ਅਤੇ ਕੇਂਦਰ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੁੰਦਿਆਂ ਅਧੂਰੇ ਪਏ ਹਨ।

ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਪਰਮਜੀਤ ਸਿੰਘ ਗਾਜੀ, ਭਾਈ ਮਨਧੀਰ ਸਿੰਘ, ਜਸਪਾਲ ਸਿੰਘ ਮੰਝਪੁਰ ਸਮੇਤ ਜਗਤਾਰ ਸਿੰਘ ਹਵਾਰਾ ਦੇ ਪਿਤਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਜੈਪਾਲ ਸਿੰਘ ਬਰਾੜ, ਹਰਪ੍ਰੀਤ ਸਿੰਘ ਦੇਵਗਨ ਅਤੇ ਮਹਿੰਦਰਪਾਲ ਸਿੰਘ ਦਾਨਗੜ੍ਹ ਸਣੇ ਕਈ ਅਹਿਮ ਸ਼ਖਸੀਅਤਾਂ ਹਾਜ਼ਰ ਸਨ।

  • 744
  •  
  •  
  •  
  •