ਭਾਈ ਰਮਨਦੀਪ ਸਿੰਘ ਗੋਲਡੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਰਿਹਾਅ

ਫਰੀਦਕੋਟ: ਆਰ ਐੱਸ ਐੱਸ ਆਗੂ ਰੁਲਦਾ ਸਿੰਘ ਕਤਲ ਕੇਸ ਵਿਚ ਨਾਮਜ਼ਦ ਭਾਈ ਰਮਨਦੀਪ ਸਿੰਘ ਗੋਲਡੀ ਰਿਹਾਅ ਹੋ ਗਏ ਹਨ। ਪੰਜਾਬ-ਹਾਈਕੋਰਟ ਵੱਲੋਂ ਜ਼ਮਾਨਤ ਮਨਜੂਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਫਰੀਦਕੋਟ ਵਿਚੋਂ ਰਿਹਾਅ ਕੀਤਾ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਹੁਣਾ ਦਿੱਤੀ। ਦੱਸਣਯੋਗ ਹੈ ਕਿ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਪੁਲਿਸ ਨੇ ਸਾਲ 2014 ‘ਚ ਬੈਂਕਾਂਕ ਤੋਂ ਗ੍ਰਿਫਤਾਰ ਕੀਤਾ ਸੀ।

ਦੱਸਣਯੋਗ ਹੈ ਕਿ ਸਾਲ 2009 ‘ਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਉੱਤੇ ਕੁੱਝ ਹਥਿਆਰਬੰਦ ਲੋਕਾਂ ਨੇ ਉਸ ਦੇ ਘਰ ਅੱਗੇ ਹਮਲਾ ਕਰ ਦਿੱਤਾ ਸੀ।ਇਸ ‘ਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ 15 ਅਗਸਤ 2009 ਨੂੰ ਉਸ ਦੀ ਪੀ.ਜੀ.ਆਈ. ‘ਚ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ‘ਚ ਪਹਿਲਾਂ ਜਿਨ੍ਹਾਂ 5 ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਸੀ ਉਨ੍ਹਾਂ ਨੂੰ ਅਦਾਲਤ ਵੱਲੋਂ ਬਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਇਸ ਮਾਮਲੇ ‘ਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਵੀ ਨਾਮਜ਼ਦ ਕੀਤਾ ਸੀ।

ਇਸਤੋਂ ਪਹਿਲਾਂ ਆਰਿਆ ਸਮਾਜ ਬੰਬ ਧਮਾਕੇ ਦੇ ਦੋਸ਼ ਵਿੱਚ ਵੀ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਪਟਿਆਲਾ ਦੀ ਅਦਾਲਤ ਨੇ ਬਾ-ਇੱਜਤ ਬਰੀ ਕਰ ਦਿੱਤਾ ਸੀ। ਅਪ੍ਰੈਲ 2010 ‘ਚ ਪਟਿਆਲਾ ਦੇ ਆਰਿਆ ਸਮਾਜ ਮੰਦਰ ਕੋਲ ਹੋਏ ਇਸ ਬੰਬ ਧਮਾਕੇ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਬਾਅਦ ‘ਚ ਭਾਈ ਰਮਨਦੀਪ ਸਿੰਘ ਗੋਲਡੀ ਦਾ ਨਾਮ ਜੋੜ ਦਿੱਤਾ ਗਿਆ ਸੀ। ਸਬੂਤਾਂ ਦੀ ਘਾਟ ਕਾਰਨ ਪਟਿਆਲਾ ਦੀ ਅਦਾਲਤ ਨੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਰਿਹਾਅ ਕੀਤਾ ਸੀ।

  • 303
  •  
  •  
  •  
  •