ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਦਿੱਲੀ ਗੁਰਦੁਆਰਾ ਚੋਣਾਂ ਲੜਨ ਦਾ ਐਲਾਨ

ਨਵੀਂ ਦਿੱਲੀ: ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ‘ਪੰਥਕ ਅਕਾਲੀ ਲਹਿਰ’ ਜੱਥੇਬੰਦੀ ਦੀ ਦਿੱਲੀ ਯੂਨਿਟ ਦਾ ਗਠਨ ਕਰਦੇ ਹੋਏ ਨੇੜਲੇ ਭਵਿੱਖ ‘ਚ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ‘ਚ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਦੇ ਪ੍ਰੈਸ ਕਲੱਬ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਦੇ ਮੱਦੇਨਜ਼ਰ ਪੰਥਕ ਅਕਾਲੀ ਲਹਿਰ ਵੱਲੋਂ ਦਿੱਲੀ ਗੁਰਦੁਆਰਾ ਚੋਣਾਂ ‘ਚ ਸਰਗਰਮ ਸ਼ਮੂਲੀਅਤ ਕਰਦੇ ਹੋਏ ਸੰਗਤਾਂ ਦੇ ਸਹਿਯੋਗ ਨਾਲ ਸਾਰੇ 46 ਚੋਣ ਹਲਕਿਆਂ ‘ਚ ਉਮੀਦਵਾਰ ਖੜ੍ਹੇ ਕੀਤੇ ਜਾਣਗੇ।

ਉਨ੍ਹਾਂ ਸਪਸ਼ਟ ਕੀਤਾ ਕਿ ਸਾਡਾ ਕੋਈ ਰਾਜਸੀ ਟੀਚਾ ਨਹੀਂ ਹੈ ਅਤੇ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਉਮੀਦਵਾਰ ਦਾ ਸਮਰਥਨ ਕੀਤਾ ਜਾਵੇਗਾ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਗਿਆਨੀ ਰਣਜੀਤ ਸਿੰਘ ਵੱਲੋਂ ਦਿੱਲੀ ਕਮੇਟੀ ਮੈਂਬਰ ਮਲਕਿੰਦਰ ਸਿੰਘ ਨੂੰ ਦਿੱਲੀ ਯੂਨਿਟ ਦਾ ਸੀਨੀਅਰ ਮੀਤ ਪ੍ਰਧਾਨ, ਡਾ. ਤਜਿੰਦਰ ਪਾਲ ਸਿੰਘ ਨਲਵਾ ਨੂੰ ਜਨਰਲ ਸਕੱਤਰ, ਤਜਿੰਦਰ ਸਿੰਘ ਬਾਵਾ ਨੂੰ ਮੀਤ ਪ੍ਰਧਾਨ, ਮਨਮੀਤ ਸਿੰਘ ਨੂੰ ਜੱਥੇਬੰਦਕ ਸਕੱਤਰ, ਹਰਜੀਤ ਸਿੰਘ ਨੂੰ ਖਜਾਂਚੀ ਤੇ ਹਰਲੀਨ ਸਿੰਘ ਨੂੰ ਜਾਇੰਟ ਸਕੱਤਰ ਥਾਪਿਆ ਗਿਆ ਹੈ।

  • 563
  •  
  •  
  •  
  •