ਹਰਿਆਣਾ ‘ਚ ਕਿਸਾਨਾਂ ਦੀ ਫੜ੍ਹੋ-ਫੜੀ ਸ਼ੁਰੂ ਤੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਸੀਲ

ਹਰਿਆਣਾ ਸਰਕਾਰ ਨੇ ਕਿਸਾਨਾਂ ਦੇ 26-27 ਨਵੰਬਰ ਦੇ ‘ਦਿੱਲੀ ਚੱਲੋ’ ਅੰਦੋਲਨ ਦਾ ਰਾਹ ਰੋਕਣ ਲਈ ਪੰਜਾਬ-ਹਰਿਆਣਾ ਸਰਹੱਦ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਪੁਲੀਸ ਨੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਛੇ ਜ਼ਿਲ੍ਹਿਆਂ ’ਤੇ ਪੁਲਿਸ ਤਾਇਨਾਤ ਕਰ ਦਿੱਤੀ ਹੈ। ਅੰਤਰਰਾਜੀ ਸਰਹੱਦ ’ਤੇ ਬੈਰੀਕੇਡ ਲਗਾ ਦਿੱਤੇ ਗਏ ਹਨ। ਹਰਿਆਣਾ ਪੁਲੀਸ ਨੇ ਤਿੰਨ ਦਰਜਨ ਦੇ ਕਰੀਬ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਖਨੌਰੀ ਸਰਹੱਦ ’ਤੇ ਹੀ ਰੋਕ ਦਿੱਤਾ।

ਖੱਟਰ ਸਰਕਾਰ ਵੱਲੋਂ ਹਰਿਆਣਾ ਵਿੱਚ ਕਿਸਾਨ ਆਗੂਆਂ ਦੀ ਫੜੋ-ਫੜੀ ਵੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਨੇ ਤਾਂ ਅੱਜ ਟਰੈਵਲ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਹਰਿਆਣਾ ਪੁਲੀਸ ਬੁੱਧਵਾਰ ਤੋਂ ਪੰਜਾਬ ਹਰਿਆਣਾ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦੇਵੇਗੀ। ਅੰਤਰਰਾਜੀ ਸਰਹੱਦ ’ਤੇ ਹਰਿਆਣਾ ਪੁਲੀਸ ਦੀ ਨਫਰੀ ਵੀ ਵਧਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪੰਜਾਬ ਦੀ ਖਨੌਰੀ ਸੀਮਾ ’ਤੇ ਰੋਕੇ ਕਿਸਾਨਾਂ ਨੂੰ ਅੱਜ ਹਰਿਆਣਾ ਦੇ ਗੁਰੂਘਰ ਦੇ ਪ੍ਰਬੰਧਕਾਂ ਨੇ ਲੰਗਰ ਭੇਜਿਆ।

ਹਰਿਆਣਾ ਪੁਲਿਸ ਤਰਫੋਂ ਚਾਰ ਕੌਮੀ ਸੜਕ ਮਾਰਗਾਂ ਜਿਨ੍ਹਾਂ ਵਿਚ ਅੰਬਾਲਾ-ਦਿੱਲੀ, ਹਿਸਾਰ-ਦਿੱਲੀ, ਰਿਵਾੜੀ-ਦਿੱਲੀ ਅਤੇ ਪਲਵਲ-ਦਿੱਲੀ ਸ਼ਾਮਲ ਹਨ, ’ਤੇ ਬੈਰੀਕੇਡ ਲਗਾਏ ਜਾਣੇ ਹਨ ਅਤੇ ਆਮ ਆਵਾਜਾਈ ਲਈ ਬਦਲਵੇਂ ਰੂਟ ਦਿੱਤੇ ਜਾਣੇ ਹਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਇਸ ਪਾਸੇ ਹਰਿਆਣਾ ਦੇ ਲੋਕ ਨਾ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਜਾਂ ਹਰਿਆਣਾ ਵਿਚੋਂ ਕਿਸੇ ਨੂੰ ਵੀ ਦਿੱਲੀ ਵਲ ਜਾਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਸਥਿਤੀ ਦੇ ਟਾਕਰੇ ਲਈ ਹਰਿਆਣਾ ਦੀ ਪੁਲਿਸ ਫ਼ੋਰਸ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਕਿਸਾਨ ਜਥੇਬੰਦੀਆਂ ਨੇ ਖੱਟੜ ਨੂੰ ਕਾਰਪੋਰੇਟਾਂ ਦਾ ਦਲਾਲ ਅਤੇ ਕਿਸਾਨ-ਵਿਰੋਧੀ ਕਰਾਰ ਦਿੱਤਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਖੱਟੜ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਹੈ।

  • 109
  •  
  •  
  •  
  •