ਪੁਲਿਸ ਦੀਆਂ ਰੋਕਾਂ ਤੋੜ ਕੇ ਅੱਗੇ ਵਧੇ ਕਿਸਾਨ, ਦਿੱਲੀ ਘੇਰਨ ਲਈ ਤਿਆਰ

ਪੰਜਾਬ ਤੋਂ ਦਿੱਲੀ ਕੂਚ ਕਰਨ ਦੀ ਲਹਿਰ ਨੇ ਜ਼ੋਰ ਫੜ੍ਹਿਆ ਹੋਇਆ ਹੈ। ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਅਤੇ ਹਰਿਆਣਾ ਨਾਲ ਲਗਦੀ ਸਰਹੱਦ ’ਤੇ ਰਾਤ ਤੱਕ ਪਹੁੰਚਣੇ ਸ਼ੁਰੂ ਹੋ ਗਏ ਸਨ। ਪੁਲਿਸ ਅਤੇ ਕਿਸਾਨਾਂ ਦਰਮਿਆਨ ਸਭ ਤੋਂ ਜ਼ਿਆਦਾ ਟਕਰਾਅ ਸ਼ੰਭੂ ਸਰਹੱਦ ਅਤੇ ਕਰਨਾਲ ਵਿਖੇ ਹੋਇਆ। ਸ਼ੰਭੂ ਤੋਂ ਬਾਅਦ ਕਿਸਾਨਾਂ ਨੇ ਜੱਦੋਜ਼ਹਿਦ ਮਗਰੋਂ ਕਰਨਾਲ ਮੋਰਚਾ ਵੀ ਫਤਹਿ ਕਰ ਲਿਆ। ਹੁਣ ਅੱਜ ਸਵੇਰੇ ਪਾਣੀਪਤ ਕੋਲ ਪੁਲਿਸ ਨੇ ਸੜਕ ਉੱਪਰ 20 ਫੁੱਟ ਖਾਈ ਪੁੱਟ ਦਿੱਤੀ ਹੈ ਅਤੇ ਵੱਡੀ ਗਿਣਤੀ ਵਿਚ ਟਰੱਕ ਅਤੇ ਕਨਟੇਨਰ ਖੜੇ ਕਰਕੇ ਭਾਰੀ ਗਿਣਤੀ ਵਿਚ ਪੁਲਿਸ ਬਲ ਲਾਈ ਹੋਈ ਹੈ। ਇਸ ਨਾਕੇ ‘ਤੇ ਇਸ ਵੇਲੇ ਹਜ਼ਾਰਾਂ ਦੀ ਗਿਣਤੀ ‘ਚ ਟਰਾਲੀਆਂ ਖੜੀਆਂ ਹਨ ਤੇ ਤਣਾਅ ਬਣਿਆ ਹੋਇਆ ਹੈ। ਉੱਥੇ ਹੀ ਅੱਜ ਇੱਕ ਦੁਖਦਾਈ ਖ਼ਬਰ ਅਨੁਸਾਰ ਹਰਿਆਣਾ ਰਸਤਿਓਂ ਦਿੱਲੀ ਜਾ ਰਹੇ ਮਾਨਸਾ ਜ਼ਿਲ੍ਹੇ ਦੇ ਕਿਸਾਨ ਜਥੇ ‘ਚ ਸ਼ਾਮਲ ਪਿੰਡ ਖਿਆਲੀ ਚਹਿਲਾਂਵਾਲੀ ਦੇ ਇੱਕ ਕਿਸਾਨ ਦੀ ਸੜਕ ਦੁਰਘਟਨਾ ‘ਚ ਮੌਤ ਹੋ ਗਈ ਹੈ ਅਤੇ ਇੱਕ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।

ਬੀਤੀ ਸ਼ਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਖਨੌਰੀ ਅਤੇ ਡੱਬਵਾਲੀ ਸਰਹੱਦ ’ਤੇ ਡੇਰਾ ਲਾ ਕੇ ਬੈਠੇ ਗਏ ਸਨ ਤੇ ਆਗੂਆਂ ਨੇ ਇੱਥੇ ਹੀ ਪੱਕੇ ਮੋਰਚੇ ਦਾ ਐਲਾਨ ਕੀਤਾ ਸੀ। ਪਰ ਨੌਜਵਾਨਾਂ ਨੇ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਜਥੇਬੰਦੀਆਂ ਦੇ ਆਗੂਆਂ ਤੋਂ ਬਾਹਰ ਹੋ ਕੇ ਅਤੇ ਉਨ੍ਹਾਂ ਦੇ ਝੰਡੇ ਲਾਹ ਬੈਰੀਕੇਡ ਪੁੱਟ ਸੁੱਟ ਤੇ ਅੱਗੇ ਵਧੇ। ਇਸ ਤੋਂ ਬਾਅਦ ਦਬਾਅ ਵਧਦਾ ਦੇਖ ਕੇ ਜਥੇਬੰਦੀ ਦੇ ਆਗੂਆਂ ਨੇ ਵੀ ਅੱਜ ਸਵੇਰੇ ਕੂਚ ਕਰਨ ਦਾ ਐਲਾਨ ਕਰ ਦਿੱਤਾ।

ਸ਼ੰਭੂ ਸਰਹੱਦ ’ਤੇ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਜਲ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਮੀਂਹ ਵਰ੍ਹਾਇਆ। ਕਿਸਾਨਾਂ ਨੇ ਪੁਲਿਸ ਦੇ ਇਨ੍ਹਾਂ ਹਮਲਿਆਂ ਦੀ ਪ੍ਰਵਾਹ ਨਾ ਕੀਤੀ ਅਤੇ ਪੁਲੀਸ ਰੋਕਾਂ ਹਟਾਉਣ ਦਾ ਕੰਮ ਜਾਰੀ ਰੱਖਿਆ। ਦੇਖਦਿਆਂ ਹੀ ਦੇਖਦਿਆਂ ਕਿਸਾਨਾਂ ਨੇ ਪੁਲੀਸ ਦੇ ਬੈਰੀਕੇਡ ਘੱਗਰ ਦਰਿਆ ਵਿੱਚ ਸੁੱਟ ਦਿੱਤੇ ਅਤੇ ਰਾਹ ਰੋਕਣ ਲਈ ਖੜ੍ਹੇ ਕੀਤੇ ਵਾਹਨ ਵੀ ਹਟਾ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਵੱਧਣੇ ਸ਼ੁਰੂ ਹੋਏ ਅਤੇ ਫਿਰ ਕਤਾਰਾਂ ਦੇ ਰੂਪ ਵਿੱਚ ਟਰੈਕਟਰ-ਟਰਾਲੀਆਂ ਅਤੇ ਨਿੱਜੀ ਵਾਹਨਾਂ ’ਤੇ ਸਵਾਰ ਕਿਸਾਨਾਂ ਨੇ ਦਿੱਲੀ ਵੱਲ ਨੂੰ ਮੂੰਹ ਸਿੱਧੇ ਕਰ ਲਏ।

ਅੱਜ ਸਵੇਰੇ ਦੀਪ ਸਿੱਧੂ ਦੀ ਅਗਵਾਈ ਵਾਲਾ ਕਾਫ਼ਲਾ ਰਸਤੇ ਵਿਚਲੇ ਸਾਰੇ ਨਾਕੇ ਤੋੜ ਕੇ ਦਿੱਲੀ ਪਹੁੰਚ ਗਿਆ ਹੈ। ਉਧਰ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਝਰਮੜੀ ਨੇੜੇ ਹਰਿਆਣਾ ਦੀ ਸਰਹੱਦ ਪਾਰ ਕਰਨ ਵੇਲੇ ਹਰਿਆਣਾ ਪੁਲਿਸ ਨਾਲ ਕਾਫ਼ੀ ਬਹਿਸਬਾਜ਼ੀ ਹੋਈ ਪਰ ਕਿਸਾਨ ਜੋਸ਼ ਤੇ ਜਜ਼ਬੇ ਨਾਲ ਮੋਰਚਾ ਫ਼ਤਹਿ ਕਰਦਿਆਂ ਸਭ ਰੋਕਾਂ ਹਟਾ ਕੇ ਦਿੱਲੀ ਵੱਲ ਕੂਚ ਕਰ ਗਏ।

ਦੂਜੇ ਪਾਸੇ ਸਿਆਸੀ ਬਿਆਨਬਾਜ਼ੀ ਵੀ ਜਾਰੀ ਹੈ ਤੇ ਕੱਲ੍ਹ ਸੁਖਪਾਲ ਖਹਿਰਾ, ਪਰਮਿੰਦਰ ਸਿੰਘ ਢੀਂਡਸਾ ਸਮੇਤ ਹੋਰ ਕਈ ਲੀਡਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਦਮ ਨੂੰ ਕਿਸਾਨਾਂ ਦੇ ਸੰਵਿਧਾਨਕ ਅਤੇ ਜਮਹੂਰੀ ਹੱਕਾਂ ’ਤੇ ਹਮਲਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੱਟਰ ਸਰਕਾਰ ਦੀਆਂ ਕਾਰਵਾਈਆਂ ਸੰਵਿਧਾਨਕ ਭਾਵਨਾ ਦੇ ਖਿਲਾਫ ਹੋਣ ਦੇ ਨਾਲ-ਨਾਲ ਕਿਸਾਨਾਂ ਦੀ ਬੋਲਣ ਦੀ ਆਜ਼ਾਦੀ ਦੇ ਵੀ ਖਿਲਾਫ਼ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦਾ ਰਾਹ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਕੀਤੇ ਯਤਨਾਂ ਨੂੰ ‘ਪੰਜਾਬ ਲਈ 26/11’ ਕਰਾਰ ਦਿੱਤਾ ਹੈ। ਉਧਰ ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਖੱਟਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਸਾਨਾਂ ਦੇ ਹਰਿਆਣਾ ਵਿੱਚ ਦਾਖਲੇ ’ਤੇ ਲਾਈ ਰੋਕ ਨੂੰ ‘ਜਮਹੂਰੀਅਤ ਦਾ ਕਤਲ’ ਦੱਸਿਆ ਹੈ।

  • 200
  •  
  •  
  •  
  •