ਅਮਰੀਕਾ ਤੇ ਕੈਨੇਡਾ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ

ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਜੋ ਸੰਘਰਸ਼ ਵਿੱਢਿਆ ਹੋਇਆ ਹੈ, ਉਹ ਹੁਣ ਸਿਖਰਾਂ ‘ਤੇ ਹੈ। ਇਸ ਸੰਘਰਸ਼ ‘ਚ ਹੁਣ ਵਿਦੇਸ਼ੀ ਸਿੱਖ ਵੀ ਕਿਸਾਨਾਂ ਨੂੰ ਹਮਾਇਤ ਦੇ ਰਹੇ ਹਨ। ਅਮਰੀਕਾ ਦਾ ਸਮੁੱਚਾ ਸਿੱਖ ਭਾਈਚਾਰਾ ਗੁਰਦੁਆਰਿਆਂ ਨਾਲ ਸਬੰਧਿਤ ਹੈ ਅਤੇ ਹੁਣ ਅਮਰੀਕਾ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਵੱਲੋਂ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ।

ਸਿੱਖ ਗੁਰਦੁਆਰਾ ਸੇਨ ਹੋਜ਼ੇ ਦੀ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਕਮੇਟੀ ਅਤੇ ਸਮੂਹ ਸਾਧ ਸੰਗਤ ਕਿਸਾਨ ਸੰਘਰਸ਼ ‘ਚ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਆਖਦੇ ਹਾਂ ਕਿ ਉਹ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਦੇ ਅੰਦੋਲਨ ਨੂੰ ਸ਼ਾਂਤ ਕਰੇ। ਨਿਊਜਰਸੀ ਸਿੱਖ ਗੁਰਦੁਆਰਾ ਕੌਂਸਲ ਦੇ ਕੋਆਰਡੀਨੇਟਰ ਯਾਦਵਿੰਦਰ ਸਿੰਘ ਨੇ ਮੀਡੀਆ ਦੇ ਨਾਂਅ ਜਾਰੀ ਕੀਤੇ ਪ੍ਰੈੱਸ ਨੋਟ ‘ਚ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੇ ਨਾਲ ਹਨ ਕੇਂਦਰ ਸਰਕਾਰ ਨੂੰ ਆਖਦੇ ਹਨ ਕਿ ਕਿਸਾਨਾਂ ਦਾ ਸਿਦਕ ਨਾ ਪਰਖੇ। ਗੁਰੂ ਨਾਨਕ ਸਿੱਖ ਟੈਂਪਲ ਫੇਅਰਫੀਲਡ ਕੈਲੀਫੋਰਨੀਆ ਵੱਲੋਂ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲਈ ਪ੍ਰਬੰਧਕਾਂ ਦੀ ਇਕ ਮੀਟਿੰਗ ਕੀਤੀ ਗਈ।

ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਬਾਰੇ ਕੈਨੇਡੀਅਨ ਸਿੱਖ ਜਥੇਬੰਦੀਆਂ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਤੇ ਸੰਸਦ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ ਹਨ। ਇੱਕ ਚਿੱਠੀ ਵਿਚ ਉਨ੍ਹਾਂ ਲਿਖਿਆ ਹੈ ਕਿ ”ਇਹ ਲੈਟਰ ਮਿਨਿਸਟਰ ਆਫ ਫੋਰਿਨ ਅਫੇਅਰਜ਼ (ਕੈਨੇਡਾ) ਨੂੰ ਭੇਜਿਆ ਗਿਆ ਹੈ (ਕੈਨੇਡਾ ਦੇ ਸਮੂਹ ਪੋਲਿਟੀਕਲ ਪਾਰਟੀਜ਼ ਦੇ ਲੀਡਰਾਂ ਨੂੰ ਵੀ ਭੇਜਿਆ ਗਿਆ ਹੈ)। ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਦੀ ਜਾਣਕਾਰੀ ਤੋਂ ਇਲਾਵਾ ਮਿਨਿਸਟਰ ਆਫ ਫੋਰਿਨ ਅਫੇਅਰਜ਼ (ਕੈਨੇਡਾ) ਨੂੰ ਕਿਹਾ ਗਿਆ ਹੈ ਕਿ ਉਹ ਇੰਡੀਆ ਖ਼ਿਲਾਫ਼ ਸਟੇਟਮੈਂਟ ਦੇਣ ਕਿਉਂਕਿ ਇੰਡੀਆ ਨੇ ਕਿਸਾਨਾਂ ‘ਤੇ ਜ਼ੁਲਮ ਕਰਕੇ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਕੈਨੇਡਾ ਨੇ ਕਈ ਵਾਰ ਹੋਰ ਦੇਸ਼ਾਂ ਦੇ ਖ਼ਿਲਾਫ਼ ਸਟੇਟਮੇਂਟ ਦਿੱਤੇ ਨੇ ਜਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ (ਚਾਈਨਾ, ਸਾਊਦੀ ਅਰੇਬੀਆ, ਮਿਆਂਮਾਰ)। ਸੋ, ਹੁਣ ਇੰਡੀਆ ਖ਼ਿਲਾਫ਼ ਸਟੇਟਮੈਂਟ ਦੇਣਾ ਕੋਈ ਨਵੀਂ ਗੱਲ ਨਹੀਂ ਹੈ।”

  • 135
  •  
  •  
  •  
  •