ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਦੁਆਵਾਂ ਤੋਂ ਲੈ ਕੇ ਲੰਗਰ ਤੱਕ ਦੀ ਮਦਦ

ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਦੀ ਕੀਤੀ ਜਾ ਰਹੀ ਘੇਰਾਬੰਦੀ ਵਿਚਕਾਰ ਮੁਸਲਿਮ ਭਾਈਚਾਰੇ ਨੇ ਕਿਸਾਨਾਂ ਲਈ ਦਿੱਲੀ ਦੀਆਂ ਮਸਜਿਦਾਂ ਰਾਹੀਂ ਮਦਦ ਦਾ ਐਲਾਨ ਕਰ ਦਿੱਤਾ ਹੈ ਅਤੇ ਮਦਦ ਲਈ ਮੋਬਾਈਲ ਨੰਬਰ ਵੀ ਜਾਰੀ ਕੀਤੇ ਹਨ। ਮੁਸਲਿਮ ਭਾਈਚਾਰੇ ਵਲੋਂ ਕਿਸਾਨਾਂ ਦੀ ਫਤਹਿ ਲਈ ਦੁਆ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੀਤੇ ਦਿਨ ਸਵੇਰੇ ਜਦੋਂ ਕਿਸਾਨਾਂ ਦਾ ਕਾਫਲਾ ਸਮਾਲਖਾ ਰਾਹੀਂ ਦਿੱਲੀ ਵਲ ਵਧ ਰਿਹਾ ਸੀ ਤਾਂ ਮੁਸਲਮਾਨ ਭਾਈਚਾਰੇ ਦੇ ਲੋਕ ਖਾਣ ਪੀਣ ਦੀਆਂ ਵਸਤਾਂ ਲੈ ਸੜਕਾਂ ਤੇ ਖੜੇ ਸਨ।

ਮਾਨਸਾ ਵਿਚ ਵੀ ਮੁਸਲਿਮ ਫਰੰਟ ਪੰਜਾਬ ਦੇ ਸੱਦੇ ਤੇ ਲੰਘੇ ਦਿਨ ਮੁਸਲਮਾਨ ਭਾਈਚਾਰੇ ਨੇ ਜੁੰਮੇ ਦੀ ਨਮਾਜ ਅਦਾ ਕਰਦਿਆਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਸਫਲਤਾ ਲਈ ਦੁਆ ਮੰਗੀ ਹੈ। ਮੁਸਲਿਮ ਭਾਈਚਾਰੇ ਨੇ ਕਿਸਾਨਾਂ ਨੂੰ ਦਿੱਲੀ ਚੱਲੋ ਪ੍ਰੋਗਰਾਮ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਫਰੰਟ ਦੇ ਸੂਬਾ ਪ੍ਰਧਾਨ ਹੰਸਰਾਜ ਮੋਫਰ ਨੇ ਕਿਹਾ ਕਿ ਮਿਤੀ 24 ਸਤੰਬਰ ਤੋਂ ਲੈ ਕੇ ਮੁਸਲਿਮ ਫਰੰਟ ਪੰਜਾਬ ਦੇ ਸੱਦੇ ਤੇ ਮੁਸਲਿਮ ਭਾਈਚਾਰਾ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਤੇ ਖ਼ੜ੍ਹਾ ਰਹੇਗਾ।

ਉਹਨਾਂ ਆਖਿਆ ਕਿ ਪੰਜਾਬੀਅਤ ਦੇ ਭਾਈਚਾਰੇ ਨਾਲ ਵਰਸੋਈ ਪੰਜ ਪਾਣੀਆਂ ਦੀ ਧਰਤੀ ਪੰਜਾਬ ਤੇ ਜਦੋਂ ਵੀ ਜ਼ੁਲਮ ਜਬਰ ਦਾ ਦੌਰ ਚਲਾਇਆ ਗਿਆ ਹੈ ਤਾਂ ਸਮੂਹ ਪੰਜਾਬੀਆਂ ਨੇ ਬਿਨਾਂ ਕਿਸੇ ਜਾਤ ਪਾਤ ਜਾਂ ਧਾਰਮਿਕ ਵਿਤਕਰੇ ਤੋਂ ਇਕਜੁੱਟ ਹੋ ਕੇ ਲੜਾਈ ਲੜੀ ਹੈ। ਉਹਨਾਂ ਕਿਹਾ ਕਿ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਮੁਲਕ ਦੇ ਪਾਣੀਆਂ ਤੋਂ ਲੈ ਕੇ ਜਰਖੇਜ਼ ਜ਼ਮੀਨਾਂ ਅਤੇ ਪੰਜਾਬ ਦੇ ਹੋਰ ਕੁਦਰਤੀ ਸੋਮਿਆਂ ਤੇ ਅੱਖ ਰੱਖੀ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਵਧੇਰੇ ਮਾਲਾਮਾਲ ਕਰਵਾਉਣ ਲਈ ਭਾਰਤ ਦੇ ਲੋਕਾਂ ਦਾ ਕਚੂੰਬਰ ਕੱਢਣ ਲੱਗੀ ਹੈ ਤਾਂ ਅਜਿਹੇ ਦੌਰ ’ਚ ਸਾਰੇ ਹੀ ਭਾਈਚਾਰਿਆਂ ਦਾ ਸਾਂਝੇ ਥੜ੍ਹੇ ਤੋਂ ਸੰਘਰਸ਼ ਕਰਨਾ ਨੈਤਿਕ ਫਰਜ ਬਣਦਾ ਹੈ।

ਉਹਨਾਂ ਦੱਸਆ ਕਿ ਮੁਸਲਿਮ ਫਰੰਟ ਪੰਜਾਬ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਡਟ ਕੇ ਖੜ੍ਹਨ ਦੀ ਅਪੀਲ ਕਰਦਿਆਂ ਜਿੰਦਗੀ ਮੌਤ ਦੀ ਇਸ ਲੜਾਈ ਲਈ ਮਾਨਸਾ ਵਿਖੇ ਮਦੀਨਾ ਮਸਜਿਦ ਵਿਚ ਇਮਾਮ ਮਜ਼ਹਰ ਅਲੀ ਅਤੇ ਕਬਰਸਤਾਨ ਵਾਲੀ ਮਸਜਿਦ ਵਿਚ ਇਮਾਮ ਉਮਰਦੀਨ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਲਈ ਦੁਆਵਾਂ ਕਾਰਵਾਈਆਂ ਹਨ।

  • 5.2K
  •  
  •  
  •  
  •