ਲਾਪਤਾ 328 ਸਰੂਪਾਂ ਦੇ ਮਾਮਲੇ ‘ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰਹੇਗਾ- ਪੰਥਕ ਆਗੂ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦਾ ਵਿਰੋਧ ਕਰਦਿਆਂ ਅਤੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਸੰਘਰਸ਼ ਨੂੰ ਅੱਗੇ ਤੋਰਦਿਆਂ ਲੰਘੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਥਾ ਸਿਰਲੱਥ ਖ਼ਾਲਸਾ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ੍ਰੀ ਦਰਬਾਰ ਸਾਹਿਬ ਤਕ ਮਾਰਚ ਕਰਦਿਆਂ ਘੰਟਾ ਘਰ ਗੇਟ ਅੱਗੇ ਤਿੰਨ ਘੰਟੇ ਧਰਨਾ ਲਾਇਆ ਗਿਆ। ਇਸ ਧਰਨੇ ਦੀ ਅਗਵਾਈ ਸ. ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਸ. ਈਮਾਨ ਸਿੰਘ ਮਾਨ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਬਾਬਾ ਰਾਜ ਰਾਜ ਸਿੰਘ ਨਿਹੰਗ ਵੱਲੋਂ ਕੀਤੀ ਗਈ।

ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਮਝਦੀ ਸੀ ਕਿ ਮੋਰਚੇ ਨੂੰ ਤਹਿਸ-ਨਹਿਸ ਕਰਕੇ ਤੇ ਸਿੰਘਾਂ ਨੂੰ ਜਖ਼ਮੀ ਕਰਕੇ 328 ਸਰੂਪਾਂ ਦਾ ਮੁੱਦਾ ਖ਼ਤਮ ਹੋ ਜਾਵੇਗਾ ਪਰ ਉਹਨਾਂ ਕਿਹਾ ਕਿ ਸਾਡਾ ਸੰਘਰਸ਼ ਅੱਜ ਵੀ ਜਾਰੀ ਹੈ ਤੇ ਓਦੋਂ ਤਕ ਜਾਰੀ ਰਹੇਗਾ ਜਿੰਨਾ ਚਿਰ ਤਕ ਸ਼੍ਰੋਮਣੀ ਕਮੇਟੀ ਇਹ ਨਹੀਂ ਦੱਸਦੀ ਕਿ 328 ਪਾਵਨ ਸਰੂਪ ਕੀਹਨੂੰ, ਕੀਹਦੇ ਕਹਿਣ ‘ਤੇ ਦਿੱਤੇ ? ਉਸ ਪਿੱਛੇ ਸਾਜਿਸ਼ ਕੀ ਸੀ ? ਤੇ ਹੁਣ ਉਹ ਪਾਵਨ ਸਰੂਪ ਕਿੱਥੇ ਅਤੇ ਕਿਸ ਹਾਲਾਤ ‘ਚ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਿਪੋਰਟ ‘ਚ ਦੋਸ਼ੀ ਪਾਏ 16 ਅਧਿਕਾਰੀਆਂ ‘ਤੇ ਪਰਚਾ ਦਰਜ ਕਰਵਾ ਕੇ ਹੀ ਅਸੀਂ ਸਾਹ ਲਵਾਂਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਰਕੇ 450 ਸਰੂਪ ਕੈਨੇਡਾ ‘ਚ ਸਲਾਬੇ ਗਏ, 80 ਸਰੂਪ ਰਾਮਸਰ ਅਗਨ ਭੇਟ ਹੋਏ ਅਤੇ ਫ਼ੌਜ ਵੱਲੋਂ ਵਾਪਸ ਕੀਤੇ 200 ਦੇ ਕਰੀਬ ਪੁਰਾਤਨ ਗ੍ਰੰਥ ਅਤੇ ਹੁਕਮਨਾਮੇ ਕਮੇਟੀ ਵੱਲੋਂ ਗਾਇਬ ਕਰ ਦਿੱਤੇ ਗਏ ਜੋ ਕਿ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਬਾਦਲ ਪਰਿਵਾਰ ਦਾ ਬੁਲਾਰਾ ਬਣ ਚੁੱਕਾ ਹੈ ਤੇ ਅਕਾਲੀ ਦਲ ਨੂੰ ਗੁਰਸਿੱਖਾਂ ਉੱਤੇ ਡਾਂਗਾਂ ਵਰ੍ਹਾਉਣ ਦਾ ਹੁਕਮ ਕਰਕੇ ਕੌਮ ‘ਚ ਨਵੀਂ ਖਾਨਾਜੰਗੀ ਪੈਦਾ ਕਰ ਰਿਹਾ ਹੈ। ਉਹਨਾਂ ਨੇ ਬਾਦਲ ਪਰਿਵਾਰ ਨੂੰ ਕੌਮ ਦਾ ਗ਼ੱਦਾਰ ਐਲਾਨਦਿਆਂ ਕਿਹਾ ਕਿ ਇਸ ਪਰਿਵਾਰ ਤੋਂ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਉਣੀ ਬੇਹੱਦ ਜ਼ਰੂਰੀ ਹੈ।

  • 87
  •  
  •  
  •  
  •