ਕਿਸਾਨ ਆਗੂ ਦਾ ਦਾਅਵਾ; ਕੇਂਦਰ ਸਰਕਾਰ ਬਿਨਾਂ ਸ਼ਰਤ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ

ਨਵੀਂ ਦਿੱਲੀ: ਕਿਸਾਨ ਯੂਨੀਅਨਾਂ ਵਲੋਂ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਸੰਘਰਸ਼ ਵਿਚ ਜਿੱਥੇ ਕੇਂਦਰ ਕਿਸਾਨਾਂ ਨਾਲ ਸ਼ਰਤਾਂ ਮਿੱਥ ਕੇ ਗੱਲਬਾਤ ਦੀ ਪੇਸ਼ਕਸ਼ ਕਰ ਰਿਹਾ ਸੀ, ਉਸੇ ਵਿਚਕਾਰ ਹੁਣ ਖ਼ਬਰਾਂ ਇਹ ਆ ਰਹੀਆਂ ਨੇ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਦੇ ਗੱਲਬਾਤ ਦਾ ਸੱਦਾ ਦੇ ਰਹੀ ਹੈ।
ਮੀਡੀਆ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਰਾਹੀਂ ਗੱਲ ਕਰਦਿਆਂ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਦਿੱਤਾ ਹੈ।

ਦੱਸ ਦਈਏ ਕਿ ਉਧਰ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚੱਲ ਰਹੀ ਬੈਠਕ ਖ਼ਤਮ ਹੋ ਗਈ ਹੈ। ਜਾਣਕਾਰੀ ਅਨੁਸਾਰ ਇਸ ਬੈਠਕ ‘ਚ ਕਿਸਾਨਾਂ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਰਕਾਰ ਵਲੋਂ ਦਿੱਤੇ ਗਏ ਗੱਲਬਾਤ ਦੇ ਸੱਦੇ ਨੂੰ ਕਿਸਾਨਾਂ ਨੇ ਇਹ ਆਖ ਕੇ ਠੁਕਰਾ ਦਿੱਤਾ ਸੀ ਕਿ ਉਹ ਸ਼ਰਤਾਂ ਤਹਿਤ ਕੋਈ ਗੱਲਬਾਤ ਨਹੀਂ ਕਰਨਗੇ।

ਉਧਰ ਦੂਜੇ ਪਾਸੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਸਰਕਾਰ ਨੇ ਸਫ਼ਾਈ ਦਿੱਤੀ ਹੈ। ਕੇਂਦਰੀ ਮੰਤਰੀਆਂ ਨੇ ਟਵੀਟ ਕਰਕੇ ਕਿਹਾ ਕਿ ਐਮ. ਐਸ. ਪੀ. ਖ਼ਤਮ ਨਹੀਂ ਹੋਏਗੀ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਨਾਲ ਮੰਡੀਆਂ ਖ਼ਤਮ ਨਹੀਂ ਹੋਣਗੀਆਂ। ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕਿਸਾਨ ਗੁਮਰਾਹ ਨਾ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਤੋਂ ਜ਼ਿਆਦਾ ਝੋਨਾ ਮੰਡੀ ‘ਚ ਵੇਚਿਆ ਅਤੇ ਜ਼ਿਆਦਾ ਐਮ. ਐਸ. ਪੀ. ‘ਤੇ ਵੇਚਿਆ। ਉਨ੍ਹਾਂ ਕਿਹਾ ਕਿ ਐਮ. ਐਸ. ਪੀ. ਵੀ ਜਿੰਦਾ ਹੈ, ਮੰਡੀ ਵੀ ਜਿੰਦਾ ਹੈ ਅਤੇ ਸਰਕਾਰੀ ਖ਼ਰੀਦ ਵੀ ਹੋ ਰਹੀ ਹੈ।

  • 107
  •  
  •  
  •  
  •