ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼ ਲੇਖ

-ਯਸ਼ਪ੍ਰੀਤ ਕੌਰ

ਗੁਰੂ ਨਾਨਕ, ਬਾਬਾ ਨਾਨਕ, ਪੀਰ ਨਾਨਕ, ਨਾਨਕ ਵਲੀ ਤੇ ਪਤਾ ਨਹੀਂ ਦੁਨੀਆਂ ਭਰ ਵਿੱਚ ਹੋਰ ਕਿੰਨੇ ਨਾਮ ਨਾਲ ਜਾਣਿਆ ਜਾਂਦਾ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ। ਵੱਖ ਵੱਖ ਸਰੋਤਾਂ ਦੇ ਹਵਾਲੇ ਤੋਂ ਜਾਂ ਇੰਝ ਕਹਿ ਲਈਏ ਕਿ ਆਪੋ ਆਪਣੇ ਨਜ਼ਰੀਏ ਨਾਲ ਅਸੀਂ ਸਭ ਗੁਰੂ ਨਾਨਕ ਨਾਮ ਤੋਂ ਵਾਕਫ ਹਾਂ। ਕੋਈ ਆਖਦਾ ਉਹ ਫਿਲਾਸਫਰ ਸਨ, ਕੋਈ ਆਖਦਾ ਉਹ ਮਹਾਤਮਾ ਸਨ, ਕੋਈ ਕਹਿੰਦਾ ਗਿਆਨਵਾਨ ਸੀ, ਉਹ ਵਿਦਵਾਨ ਸਨ, ਉਹ ਪਹੁੰਚੇ ਹੋਏ ਫਕੀਰ ਸਨ, ਉਹ ਪੀਰ ਸਨ, ਉਹ ਪੈਗੰਬਰ ਸਨ, ਉਹ ਅਧਿਆਤਮਕ ਗੁਰੂ ਸਨ, ਇਹ ਸਾਡੀ ਸਭ ਦੀ ਆਪੋ ਆਪਣੀ ਸੋਚ ਹੈ ਜਾਂ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਦੇ ਇਹ ਨਾਂ ਸਿਰਫ ਸਾਡੀ ਸਮਝ ਨੂੰ ਹੀ ਬਿਆਨ ਸਕਦੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਆਓ! ਇਕ ਨਿਮਾਣਾ ਯਤਨ ਕਰਦਿਆਂ ਧੁਰ ਕੀ ਬਾਣੀ ਅਤੇ ਗੁਰਬਾਣੀ ਦੀ ਕੁੰਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਨੂੰ ਜਾਣੀਏ ਅਤੇ ਸਿਫਤ ਸਲਾਹ ਕਰੀਏ।

ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਬਾਈ।
ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ।
ਕਾਜੀ ਹੋਏ ਰਿਸਵਤੀ ਵਢੀ ਲੈ ਕੇ ਜਕ ਗਵਾਈ।
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ।
ਵਰਤਿਆ ਪਾਪ ਸਭਸ ਜਹ ਮਾਹੀਂ। (ਵਾਰ 1/30)

ਐਸੇ ਕਲਜੁਗ ਨੂੰ ਤਾਰਣ ਲਈ ਹਾਏ ਹਾਏ ਪੁਕਾਰਦੀ ਲੋਕਾਈ ਨੂੰ ਧੀਰ ਬੰਨ੍ਹਣ ਲਈ, ਪਾਪਾਂ ਦੇ ਬੋਝ ਥੱਲੇ ਦੱਬੇ ਜਾ ਚੁੱਕੇ ਅਤੇ ਭਟਕ ਚੁੱਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। (ਵਾਰ 1/27)

ਨਾਨਕ ਸਤਿਗੁਰੂ ਹੈ, ਜਿਵੇਂ ਸੂਰਜ ਦੇ ਨਿਕਲਦੇ ਤਾਰੇ ਲੁਕ ਜਾਂਦੇ ਹਨ, ਹਨੇਰਾ ਦੂਰ ਹੋ ਜਾਂਦਾ ਹੈ, ਇਸ ਤਰਾਂ ਜਦੋਂ ਸਤਿਗੁਰੂ ਨਾਨਕ ਪ੍ਰਗਟ ਹੋਏ ਤਾਂ ਧਰਤੀ ‘ਤੇ ਛਾਈ ਅਗਿਆਨ ਦੀ ਧੁੰਧ ਮਿਟ ਗਈ ਅਤੇ ਚਾਨਣ ਹੋ ਗਿਆ।

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਈ. ਰਾਇ ਭੋਇ ਦੀ ਤਲਵੰਡੀ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਘਰ ਹੋਇਆ। ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸਨ। ਬੇਦੀ ਪਰਿਵਾਰ ਵਿੱਚ ਜਨੇਊ ਪਾਉਣ ਦੀ ਰਸਮ ਚਲਦੀ ਹੋਣ ਕਾਰਨ ਪੰਡਿਤ ਹਰਦਿਆਲ ਜਦੋਂ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਲੱਗੇ ਤਾਂ ਬਚਪਨ ਵਿੱਚ ਹੀ ਦਲੇਰੀ ਅਤੇ ਉਤਮ ਸੋਝੀ ਦੇ ਮਾਲਕ ਹੋਣ ਦਾ ਸਬੂਤ ਦਿੰਦਿਆਂ ਪੰਡਿਤ ਨੂੰ ਫੁਰਮਾਉਂਦੇ ਹਨ ਕਿ

ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨਾ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ (ਅੰਗ 471)

ਕਿੰਨੇ ਦਲੇਰ ਹਨ ਗੁਰੂ ਨਾਨਕ ਪਾਤਸ਼ਾਹ ਬਚਪਨ ਤੋਂ ਹੀ ਜੋ ਸਦੀਆਂ ਤੋਂ ਚਲੀ ਆਉਂਦੀ ਰਸਮ ਨੂੰ ਨਿਭਾਉਣ ਤੋਂ ਇਨਕਾਰ ਵੀ ਕਰਦੇ ਹਨ ਅਤੇ ਕਿੰਨੇ ਗਿਆਨਵਾਨ ਹਨ ਜੋ ਧਾਰਮਿਕ ਨਜ਼ਰੀਏ ਤੋਂ ਰਸਮ ਦੇ ਅਸਲ ਮਾਇਨੇ ਸਮਝਾਉਂਦੇ ਹਨ। ਜਿਹਨਾਂ ਗੁਣਾਂ ਰੂਪੀ ਜਨੇਊ ਨੂੰ ਪਾਉਣ ਦੀ ਗੱਲ ਗੁਰੂ ਸਾਹਿਬ ਨੇ ਪੰਡਿਤ ਨੂੰ ਆਖੀ ਉਹਨਾਂ ਸਾਰੇ ਗੁਣਾਂ ਬਾਰੇ ਜਗ ਨੂੰ ਸਮਝਾਉਣ ਲਈ ਖੁਦ ਉਹਨਾਂ ਸਾਰੇ ਗੁਣਾਂ ਨੂੰ ਆਪਣੇ ਦੁਨਿਆਵੀ ਜੀਵਨ ਵਿੱਚ ਅਪਣਾਇਆ। ਗੁਰੂ ਸਾਹਿਬ ਜੀ ਦਾ ਕਰਮ ਖੇਤਰ ਵਧੇਰੇ ਵਿਸਤਰਤ ਸੀ। ਆਪ ਨੇ ਜੋ ਕੁਝ ਕਿਹਾ ਉਹ ਕਰਕੇ ਵਿਖਾਇਆ ਅਤੇ ਹੋਰਨਾਂ ਨੂੰ ਕਰਮਸ਼ੀਲ ਅਤੇ ਕਰਮਵੰਤ ਬਣਨ ਲਈ ਪ੍ਰੇਰਿਆ।

ਗੁਰੂ ਨਾਨਕ ਪਾਤਸ਼ਾਹ ਵੱਡੇ ਦਾਨੀ ਹਨ, ਲੋੜਵੰਦ ਭੁੱਖੇ ਸਾਧੂਆਂ ਲਈ ਲੰਗਰ ਲਗਾ 20 ਰੁ: ਦਾ ਅਜਿਹਾ ਸੱਚਾ ਸੌਦਾ ਕੀਤਾ ਕਿ ਲੰਗਰ ਦੇ ਭੰਡਾਰ ਅੱਜ ਤੱਕ ਚਲ ਰਹੇ ਹਨ ਅਤੇ ਰਹਿੰਦੀ ਦੁਨੀਆਂ ਤੱਕ ਚਲਦੇ ਰਹਿਣਗੇ। ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਨੌਕਰੀ ਕਰਦਿਆਂ ਦਿਆਲਤਾ ਡੁੱਲ੍ਹ-ਡੁੱਲ੍ਹ ਪੈਂਦੀ ਸੱਚੇ ਰੱਬ ਨਾਲ ਐਸੀ ਲਿਵ ਲੱਗਦੀ ਕਿ ਸਭ ਤੇਰਾ ਤੇਰਾ ਬੋਲਦਿਆਂ ਗਰੀਬਾਂ ਵਿੱਚ ਵੰਡ ਦਿੰਦੇ।

ਵੇਈਂ ਨਦੀ ਵਿਚੋਂ ਤਿੰਨ ਦਿਨਾਂ ਬਾਅਦ ਜਦੋਂ ਗੁਰੂ ਜੀ ਪ੍ਰਗਟ ਹੋਏ ਤਾਂ ਧਰਮਾਂ ਦੇ ਨਾਮ ਹੇਠ ਵੰਡੀਆਂ ਪਾ ਚੁੱਕੀ ਖਲਕਤ ਨੂੰ ਸੱਚ ਦਾ ਹੋਕਾ ਦਿੱਤਾ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਭਾਵ ਕੋਈ ਸੱਚਾ ਹਿੰਦੂ ਨਹੀਂ ਹੈ ਤੇ ਨਾ ਕੋਈ ਸੱਚਾ ਮੁਸਲਮਾਨ ਹੈ। ਵੇਂਈ ਦੇ ਕੰਢੇ ‘ਤੇ ਹੀ ਸਿੱਖ ਫਲਸਫੇ ਦਾ ਆਧਾਰ ਮੂਲ ਮੰਤਰ ਉਚਾਰਿਆ ਅਕਾਲ-ਪੁਰਖ ਬਾਰੇ ਫਰਮਾਇਆ ਕਿ ਉਹ ਇਕ ਹੈ, ਉਹ ਹੀ ਸੱਚ ਹੈ, ਉਹ ਹੀ ਇਸ ਸ੍ਰਿਸ਼ਟੀ ਦਾ ਕਰਤਾ ਹੈ, ਉਹ ਡਰ ਰਹਿਤ ਹੈ, ਉਹ ਵੈਰ ਰਹਿਤ ਹੈ, ਉਹ ਕਾਲ ਤੋਂ ਪਰੇ ਹੈ, ਉਸਦੀ ਕੋਈ ਮੂਰਤ ਨਹੀਂ, ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਉਸ ਸਮੇਂ ਵੱਖ ਵੱਖ ਤਰਾਂ ਦੇ ਰੂਪਾਂ ਵਿੱਚ ਰੱਬ ਨੂੰ ਪੂਜਣ ਵਾਲਿਆਂ ਲਈ ਇਹ ਇਕ ਵੱਡੀ ਲਲਕਾਰ ਸੀ।

ਅੰਤਰਯਾਮੀ ਗੁਰੂ ਨਾਨਕ ਪਾਤਸ਼ਾਹ ਜਾਣਦੇ ਹਨ ਕਿ ਨਮਾਜ਼ ਪੜ੍ਹ ਰਹੇ ਮੌਲਵੀ ਦਾ ਧਿਆਨ ਅੱਲ੍ਹਾ ਵੱਲ ਨਾ ਹੋ ਕੇ ਘਰੇਲੂ ਝੰਜਟਾਂ ਵਿੱਚ ਜਾ ਫਸਿਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਰੰਕਾਰ ਅਕਾਲ ਪੁਰਖ ਨੂੰ ਪ੍ਰਤੱਖ ਦੇਖਿਆ ਤੇ ਸਪੱਸ਼ਟ ਦਿਖਾਇਆ ਹੈ। ਭੈ, ਭਰਮ, ਭੁਲੇਖੇ ਕੱਟ ਕੇ ਪਰਾਂ ਸੁੱਟੇ ਹਨ, ਖੂਬਸੂਰਤ ਪੱਧਰੇ ਰਾਹ ਉੱਤੇ ਡੀਗਨ-ਡੋਲੇ ਬਾਝੋਂ ਅਡੋਲ ਤੁਰਨਾ ਸਿਖਾਇਆ ਹੈ। ਗੁਰੂ ਸਾਹਿਬ ਨੇ ਨਿਰਭਉ, ਸੱਚੇ ਨਿਰੰਕਾਰ ਨੂੰ ਇਕ ਤੇ ਅਟੱਲ ਇਕ ਦਿਖਾਇਆ ਹੈ। ਸੱਚ ਦਾ ਹੋਕਾ ਦੇਣ ਲਈ ਗੁਰੂ ਨਾਨਕ ਸਾਹਿਬ ਨੇ ਵੱਡੀਆਂ ਚਾਰ ਯਾਤਰਾਵਾਂ ਕੀਤੀਆਂ, ਜਿਹਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਲਿਖਦੇ ਹਨ:

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥ ਚੜਿਆ ਸੋਧਣਿ ਧਰਤਿ ਲੁਕਾਈ॥ (ਵਾਰ 1/24)

ਗੁਰੂ ਸਾਹਿਬ ਜੀ ਨੇ ਸੱਚ ਦਾ ਪ੍ਰਚਾਰ ਕਰਨ ਲਈ ਹਰ ਉਸ ਜਗ੍ਹਾ ‘ਤੇ ਜਾ ਡੇਰਾ ਕੀਤਾ ਜਿਥੇ ਕਿਸੇ ਵੀ ਤਰਾਂ ਦਾ ਕੋਈ ਝੂਠ, ਵਹਿਮ ਜਾਂ ਭਰਮ ਪ੍ਰਚਾਰਿਆ ਜਾ ਰਿਹਾ ਸੀ ਅਤੇ ਲੋਕ ਬੁਰੀ ਤਰਾਂ ਇਸ ਭਵਜਲ ਵਿੱਚ ਫਸੇ ਭਟਕ ਰਹੇ ਸਨ। ਜਗਨਨਨਾਥ ਪੁਰੀ ਦੇ ਮੰਦਰ ਵਿੱਚ ਦੀਵਿਆਂ ਦੀ ਆਰਤੀ ਉਤਾਰਨ ਵਾਲੇ ਪੁਜਾਰੀਆਂ ਨੂੰ ਉਪਦੇਸ਼ ਦਿੱਤਾ ਕਿ ਜਗਨ ਨਾਥ ਜਗਤ ਦਾ ਸੁਆਮੀ ਤਾਂ ਸਰਬ ਵਿਆਪਕ ਪ੍ਰਮਾਤਮਾ ਹੈ। ਉਹ ਹਰ ਥਾਂ ਮੌਜੂਦ ਹੈ ਅਤੇ ਉਸ ਕਰਤੇ ਦੀ ਆਰਤੀ ਇਸ ਸ੍ਰਿਸ਼ਟੀ ਵਿੱਚ ਆਪ ਹੀ ਹੋ ਰਹੀ ਹੈ। ਸ੍ਰਿਸ਼ਟੀ ਦੇ ਕਰਤਾ ਦੀ ਹੋਂਦ ਤੋਂ ਕਦੇ ਇਨਕਾਰੀ ਨਹੀਂ ਹੋਇਆ ਜਾ ਸਕਦਾ, ਉਹ ਕਣ ਕਣ ਵਿੱਚ ਹਰ ਸਮੇਂ ਮੌਜੂਦ ਹੈ। ਇਹ ਸਬਜ ਅਤੇ ਸ਼ਾਦਾਬ ਧਰਤੀ, ਬਿਨਾਂ ਕਿਸੇ ਸਹਾਰੇ ਤੋਂ ਉਸਾਰਿਆ ਇਹ ਨੀਲਾ ਅੰਬਰ, ਰੰਗ ਬਿਖੇਰਦੇ ਬੱਦਲ, ਅਠਖੇਲੀਆਂ ਕਰਦੀ ਰੁਮਕਦੀ ਇਹ ਹਵਾ, ਗੁਨਗੁਨਾਉਂਦੇ ਝਰਨੇ, ਮਹਿਕਾਂ ਵੰਡਦੇ ਫੁੱਲ, ਆਕਾਸ਼ ਨੂੰ ਛੂੰਹਦੇ ਮਸਤ ਅਤੇ ਬੇਖੁਦ ਖੜੇ ਪਹਾੜ, ਵੱਲ ਖਾਂਦੇ ਦਰਿਆ, ਠਾਠਾਂ ਮਾਰਦੇ ਡੂੰਘੇ ਸਮੁੰਦਰ, ਤਪਦਾ ਸੂਰਜ, ਰੌਸ਼ਨ ਚੰਨ, ਜਗਮਗ ਜਗਮਗ ਕਰਦੇ ਤਾਰੇ ਅਤੇ ਬਦਲਦੇ ਮੌਸਮ ਪੁਕਾਰ ਪੁਕਾਰ ਕੇ ਉਸ ਪਰਮ ਪਿਤਾ ਦੀ ਹੋਂਦ ਦੀ ਗਵਾਹੀ ਭਰਦੇ ਨਿਰੰਤਰ ਉਸਦੀ ਮਹਿਮਾ ਦਾ ਗੁਨਗਾਨ ਗਾ ਰਹੇ ਹਨ। ਗੁਰੂ ਸਾਹਿਬ ਸ਼ਬਦ ਉਚਾਰਦੇ ਹਨ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੁਪ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥
(ਅੰਗ 13)

ਗੁਰੂ ਨਾਨਕ ਇਕ ਉਹ ਜਾਂਬਾਜ਼ ਆਵਾਜ ਹੈ ਜੋ ਹੱਕ ਤੇ ਸੱਚ ਲਈ ਗਰੀਬ ਤੇ ਹਾਕਮਾਂ ਹੱਥੋਂ ਲਤਾੜੇ ਜਾ ਰਹੇ ਲੋਕਾਂ ਦੇ ਲਈ ਬੁਲੰਦ ਹੋਈ। ਮਲਕ ਭਾਗੋ ਵਰਗਿਆਂ ਦਾ ਗਰੂਰ ਤੋੜ ਭਾਈ ਲਾਲੋ ਜਿਹੇ ਸੱਚੇ ਕਿਰਤੀ ਨੂੰ ਮਾਣ ਬਖਸ਼ਿਆ। ਪੱਥਰਾਂ ‘ਚੋਂ ਨਿਰਮਲ ਨੀਰ ਦੇ ਝਸ਼ਮੇ ਫੁਟਾ ਵਲੀ ਕੰਧਾਰੀ ਦੇ ਹੰਕਾਰ ਨੂੰ ਤੋੜਿਆ। ਗੁਰੂ ਨਾਨਕ ਉਹ ਦਲੇਰੀ ਹੈ ਜਿਸਨੇ ਹਰਦੁਆਰ ‘ਚ ਲੱਖਾਂ ਲੋਕਾਂ ਦੇ ਉਲਟ ਪੱਛਮ ਦਿਸ਼ਾ ਵੱਲ ਪਾਣੀ ਦੇਹ ਸੂਰਜ ਤੱਕ ਪਾਣੀ ਪਹੁੰਚ ਜਾਣ ਦੇ ਭਰਮ ਨੂੰ ਮਿਟਾਇਆ।

ਗੁਰੂ ਨਾਨਕ ਉਹ ਨਿਮਰਤਾ ਹੈ ਜੋ ਦੁੱਧ ‘ਚ ਚੰਬੇਲੀ ਵਾਂਗ ਹਰ ਹਿਰਦੇ ਵਿੱਚ ਘੁੱਲ ਜਾਂਦੀ ਹੈ ਤੇ ਰੂਹ ਫੁਲਾਂ ਦੀ ਮਹਿਕ ਭਾਂਤੀ ਮਹਿਕ ਉਠਦੀ ਹੈ। ਐਸੀ ਸ਼ਕਤੀ ਹੈ ਗੁਰੂ ਨਾਨਕ ਜੋ ਇਸਲਾਮ ਮਜ਼ਹਬ ਦੇ ਕੇਂਦਰ ਸਥਾਨ ਮੱਕਾ ਜਾ ਮੁਸਲਮਾਨ ਹੋਣ ਦੇ ਭਾਵ ਸਮਝਾਉਂਦੇ ਹਨ ਅਤੇ ਕਾਜੀਆਂ ਦਾ ਭਰਮ ਤੋੜ ਇਹ ਪ੍ਰਤੱਖ ਕਰਦੇ ਹਨ ਕਿ ਅੱਲਾ ਉਹ ਸੱਚਾ ਪਰਵਰਦਗਾਰ ਹਰ ਪਾਸੇ ਹਰ ਦਿਸ਼ਾ ਵਿੱਚ ਬਿਰਾਜਮਾਨ ਹੈ।ਕਾਜ਼ੀਆਂ ਵੱਲੋਂ ਪੁੱਛੇ ਜਾਣ ਤੇ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ ਤਾਂ ਗੁਰੂ ਸਾਹਿਬ ਧਰਮਾਂ ਦੇ ਨਾਂ ਹੇਠ ਪ੍ਰਚਾਰੇ ਜਾ ਰਹੇ ਵੱਡੇ ਛੋਟੇ ਦੇ ਵਹਿਮ ਨੂੰ ਮੁੱਢ ਤੋਂ ਪੱਟ ਸਟੁਦੇ ਹਨ ਅਤੇ ਜਵਾਬ ਦਿੰਦੇ ਹਨ, ‘ਸ਼ੁਭ ਅਮਲਾਂ ਬਾਝੋਂ ਦੋਨੋ ਰੋਈ’ ਭਾਵ ਉਹੀ ਚੰਗਾ ਹੈ ਉਹੀ ਵੱਡਾ ਹੈ ਜਿਸ ਦੇ ਅਮਲ ਚੰਗੇ ਹਨ, ਕਿਉਂਕਿ ਸੱਚੀ ਦਰਗਾਹ ਵਿੱਚ ਪਰਖ ਧਰਮ ਦੀ ਨਹੀਂ ਚੰਗੇ ਕੰਮਾਂ ਦੀ ਹੋਣੀ ਹੈ।

ਗੁਰੂ ਨਾਨਕ ਵੱਡਾ ਪਰਉਪਕਾਰੀ ਹੈ ਉਹ ਸਮਾਜ ਦੇ ਠੁਕਰਾਏ ਜਾ ਚੁੱਕੇ ਕੋਹੜੀ ਦਾ ਉਧਾਰ ਕਰਨ ਲਈ ਖੁਦ ਉਸ ਪਾਸ ਜਾਂਦੇ ਹਨ। ਗੁਰੂ ਨਾਨਕ ਉਹ ਵੱਡਾ ਵਿਦਵਾਨ ਹੈ ਜਿਨ੍ਹਾਂ ਕਸ਼ਮੀਰ ਦੇ ਪੰਡਤ ਬ੍ਰਹਮ ਦਾਸ ਦਾ ਫੋਕੀ ਵਿਦਿਆ ਦੀ ਹਉਮੈ ਨੂੰ ਤੋੜਦਿਆਂ ਵਿਦਵਤਾ ਦੇ ਸਹੀ ਮਾਇਨੇ ਸਮਝਾਏ।

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਅੰਗ 62)

ਉਹਨਾਂ ਨੇ ਸੱਚ ਅਨੁਭਵ ਕੀਤਾ, ਸੱਚ ਜੀਵਿਆ ਅਤੇ ਸੱਚ ਹੀ ਪ੍ਰਚਾਰਿਆ। ਗੁਰੂ ਨਾਨਕ ਪਾਤਸ਼ਾਹ ਨੇ ਕਰਾਮਾਤਾਂ, ਜਾਦੂ-ਟੂਣਿਆਂ ਦੀ ਜਿਲ੍ਹਣ ਵਿਚੋਂ ਕੱਢ ਲੋਕਾਈ ਸਤਿਨਾਮ ਦਾ ਉਪਦੇਸ ਦਿੱਤਾ। ਜੀਵਨ ਜੁਗਤਿ ਦਾ ਇਕ ਨਿਵੇਕਲਾ ਅਤੇ ਉਤਮ ਰਾਹ ਦਿਖਾਇਆ।

ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। (ਵਾਰ 1/45)

ਗ੍ਰਹਿਸਥ ਜੀਵਨ ਦਾ ਤਿਆਗ ਕਰ ਰੱਬ ਨੂੰ ਮਿਲਣ ਦੀ ਚਲ ਰਹੀ ਰੀਤ ਦੇ ਉਲਟ ਗੁਰੂ ਨਾਨਕ ਸਾਹਿਬ ਨੇ ਗ੍ਰਹਿਸਥ ਨੂੰ ਹੀ ਸਭ ਤੋਂ ਨਿਆਰਾ ਧਰਮ ਆਖਿਆ। ਗ੍ਰਹਿਸਤ ਜੀਵਨ ਗੁਜਾਰਦਿਆਂ ਮੋਹ ਮਾਇਆ ਵਿੱਚ ਖੁੱਬ ਨਾ ਜਾਵੋ, ਉਸ ਵਿੱਚ ਨਾ ਫਸੋ ਪਰ ਰੱਬ ਨੂੰ ਪਾਉਣ ਵਾਸਤੇ ਸੰਸਾਰ ਨੂੰ ਛੱਡਣ ਦੀ ਕੋਈ ਲੋੜ ਨਹੀਂ ਹੈ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈੲੈ॥ (ਅੰਗ 730)

ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਹਰ ਪੱਖ ਤੋਂ ਲਿਤਾੜੀ ਜਾ ਰਹੀ ਔਰਤ ਜਾਤ ਦੇ ਹੱਕ ਵਿੱਚ ਇਨਕਲਾਬੀ ਹੋਕਾ ਦਿੰਦਿਆਂ ਔਰਤ ਨੂੰ ਖੁਦ ਨੂੰ ਵੀ ਉਸਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਅੰਗ 473)

ਗੁਰੂ ਨਾਨਕ ਦੀ ਗਰਜ ਇਨਕਲਾਬੀ ਜਰਨੈਲ ਦੀ ਹੈ ਜੋ ਸਿੱਖੀ ਦੇ ਰਾਹ ਉੱਤੇ ਚਲਣ ਦੀ ਆਵਾਜ਼ ਦਿੰਦਿਆਂ ਫਰਮਾਉਂਦੇ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥ (ਅੰਗ 1412)

ਗੁਰੂ ਨਾਨਕ ਸ਼ੇਰ ਭਬਕ ਹੈ ਜੋ ਸਮੇਂ ਦੇ ਜਾਲਮ ਹਾਕਮ ਬਾਬਰ ਨੂੰ ਜਾਬਰ ਆਖ ਵੰਗਾਰਦੇ ਹਨ। ਗੁਰੂ ਨਾਨਕ ਸਾਹਿਬ ਦਾ ਹਿਰਦਾ ਕਿੰਨਾ ਕੋਮਲ ਹੈ ਜੋ ਜੁਲਮ ਦੀ ਇੰਤਹਾ ਵੇਖਦਿਆਂ ਰੱਬ ਨੂੰ ਉਲਾਮਾ ਦਿੰਦੇ ਹਨ:

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ॥ (ਅੰਗ 360)

ਗੁਰੂ ਨਾਨਕ ਸੱਚਾ ਕਿਰਤੀ ਹੈ, ਚਾਰ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਦੀ ਧਰਤੀ ਦੀ ਹਿੱਕ ਆਪ ਹਲ ਵਾਹਿਆ। ਹੱਥੀਂ ਕਿਰਤ ਕੀਤੀ ਅਤੇ ਦੂਜੇ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਸਿਰ ਪਹਿਲੀ ਮਿਲਣੀ ਮੌਕੇ ਹੀ ਚਾਰੇ ਦੀ ਪੰਢ ਰੱਖ ਕਿਰਤ ਦੇ ਸਿੱਖੀ ਦਾ ਮੂਲ ਸਿਧਾਂਤ ਬਣਾਇਆ ਅਤੇ ਸ਼ੁਭ ਕਰਮਾਂ ਦੀ ਖੇਤੀ ਕਰਨ ਦੇ ਪੂਰਨੇ ਪਾਏ।

ਗੁਰੂ ਨਾਨਕ ਸਾਹਿਬ ਇਕ ਸੁਘੜ ਸੁਜਾਨ ਵੈਦ ਹਨ। ਉਨ੍ਹਾਂ ਨੇ ਸੰਸਾਰ ਦੀ ਹਾਲਤ ਵੇਖ ਕੇ ਉਸ ਦੀ ਦੁਖਦੀ ਰਗ ਨੂੰ ਫੜਿਆ। ਉਨ੍ਹਾਂ ਨੇ ਇਕ ਮਰਦੇ-ਕਾਮਿਲ ਪੁਰਖ ਸੁਜਾਨ ਵਾਂਗ ਰੋਗਾਂ ਦੇ ਕਾਰਨ ਨੂੰ ਸਮਝਿਆ ਤੇ ਰੋਗਾਂ ਦੇ ਮੰਬੇ ਨੂੰ ਮੁੱਢ ਤੋਂ ਦਰੁਸਤ ਕਰਨ ਦਾ ਸਫਲਤਰੀਨ ਉਪਰਾਲਾ ਕੀਤਾ ਅਤੇ ਮਨੁੱਖ ਨੂੰ ਲੱਗੇ ਹਰ ਪ੍ਰਕਾਰ ਦੇ ਰੋਗਾਂ ਨੂੰ ਨਿਵਾਰਿਆ। ਗੁਰੂ ਨਾਨਕ ਪਾਤਸ਼ਾਹ ਦੀ ਵਿਲੱਖਣਤਾ ਭਰੀ ਵਿਚਾਰ ਸ਼ਕਤੀ ਦੀ ਵਿਵਿਧਤਾ ਵਿਸਮਾਦੀ ਹੈ। ਉਹਨਾਂ ਦੀ ਦ੍ਰਿਸ਼ਟੀ ਅਤਿ ਵਿਸ਼ਾਲ ਹੈ ਜੋ ਸਾਰੇ ਹੀ ਬ੍ਰਹਿਮੰਡ ਨੂੰ ਇਕੋ ਤੱਕਣੀ ਵਿੱਚ ਤੱਕ ਲੈਂਦੀ ਹੈ। ਗੁਰੂ ਨਾਨਕ ਬਾਣੀ ਨੂੰ ਪੜ ਕੇ ਇੰਝ ਲੱਗਦਾ ਹੈ ਜਿਵੇਂ ਸਾਰੀ ਦੀ ਸਾਰੀ ਵੱਥ ਹੱਥ ਵਿੱਚ ਆ ਗਈ ਹੈ। ਬੇਸ਼ੁਮਾਰ, ਅਥਾਹ, ਅਗਣਤ, ਅਤੋਲ, ਅਸਰੂਪ, ਬ੍ਰਹਮ ਦਾ ਸਰੂਪ ਹਿਰਦੇ ਵਿੱਚ ਸਾਕਾਰ ਹੋਇਆ ਜਾਪਦਾ ਹੈ।

ਗੁਰੂ ਨਾਨਕ ਪਾਤਸ਼ਾਹ ਕੋਈ ਸਰੀਰ ਨਹੀਂ ਹਨ, ਜੋ ਸਮੇਂ ਦੇ ਬੀਤਣ ਨਾਲ ਹੰਢਦਾ ਤੇ ਬੁੱਢਾ ਹੁੰਦਾ ਹੈ। ਉਹ ਇਕ ਜੋਤ ਹਨ। ਜੋਤ, ਜੋਤ ਵਿੱਚੋਂ ਆਈ ਤੇ ਸਮਾਂ ਪਾ ਕੇ ਜੋਤ, ਜੋਤ ਵਿਚ ਸਮਾ ਗਈ। ਬਾਬਾ ਅਕਾਲ ਰੂਪ ਹੈ, ਕਾਲ ਦਾ ਉਸ ‘ਤੇ ਕੋਈ ਅਸਰ ਨਹੀਂ। ਉਹ ਤਾਂ ਅਕਾਲ ਪੁਰਖ ਦੀ ਨੂਰਾਨੀ-ਰੂਹਾਨੀ ਨਿਰੰਕਾਰੀ ਜੋਤਿ ਹਨ।ਗੁਰਬਾਣੀ ਦਾ ਪਾਵਨ ਕਥਨ ਹੈ:

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰ ਆਕਾਰ ਜੋਤਿ ਜਗ ਮੰਡਲ ਕਰਿਯਉ॥
(ਅੰਗ 1395)

ਗੁਰੂ ਨਾਨਕ ਪਾਤਸ਼ਾਹ ਦਾ ਗਿਆਨ, ਅਨੁਭਵ, ਤਰਕ ਤੇ ਭਾਵਾਂ ਦੀ ਡੂੰਘਾਈ ਇੰਨੇ ਬਲਵਾਨ ਹਨ ਕਿ ਉਹਨਾਂ ਤੋਂ ਮਨੁੱਖ ਪ੍ਰਭਾਵਤ ਹੁੰਦਾ ਰਹੇਗਾ ਅਤੇ ਉਨ੍ਹਾਂ ਦੇ ਚਾਨਣ ਤੋਂ ਆਪਣਾ ਜੀਵਨ-ਮਾਰਗ ਰੁਸ਼ਨਾਉਂਦਾ ਰਹੇਗਾ।

  • 97
  •  
  •  
  •  
  •