ਕਿਸਾਨ ਆਗੂ ਆਰਐਸਐਸ ਤੇ ਭਾਜਪਾ ਦੇ ਛਲ-ਕਪਟਾਂ ਤੋਂ ਸੁਚੇਤ ਰਹਿਣ: ਦਲ ਖ਼ਾਲਸਾ

ਅੰਮ੍ਰਿਤਸਰ: ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ਉਨ੍ਹਾਂ ਦੀ ਸਰਕਾਰ ਦੇ ਇਰਾਦੇ ਗੰਗਾ ਵਾਂਗ ਪਵਿੱਤਰ ਹਨ, ‘ਤੇ ਸਖ਼ਤ ਟਿੱਪਣੀ ਕਰਦਿਆਂ ਤੇ ਕਿਸਾਨ ਸੰਗਠਨਾਂ ਦੀ ਲੀਡਰਸ਼ਿਪ ਨੂੰ ਆਰ. ਐਸ. ਐਸ. ਤੇ ਭਾਜਪਾ ਦੇ ਛਲ-ਕਪਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਅਸਲ ਵਿਚ ਗੰਗਾ ਵਾਂਗ ਭਾਜਪਾ ਸਰਕਾਰ ਦੇ ਇਰਾਦੇ ਵੀ ਸਾਫ ਨਹੀਂ ਹਨ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਵਾਰਾਨਸੀ ‘ਚ ਤਿੰਨ ਖੇਤੀ ਕਾਨੂੰਨਾਂ ਦੇ ਹੱਕ ‘ਚ ਬੋਲਦਿਆਂ ਇਹ ਸ਼ਬਦ ਕਹੇ ਸਨ। ਇਸ ਸਬੰਧੀ ਪ੍ਰਤੀਕਰਮ ਪ੍ਰਗਟ ਕਰਦਿਆਂ ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਕੇਵਲ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਹੀ ਇਨ੍ਹਾਂ ਵਿਵਾਦਿਤ ਖੇਤੀ ਕਾਨੂੰਨਾਂ ਦੇ ਲਾਭਾਂ ਦਾ ਗਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕਿਸਾਨਾਂ ਦੀ ਗੱਲ ਹੈ ਉਹ ਇਨ੍ਹਾਂ ਕਾਨੂੰਨਾਂ ਨੂੰ ਕਿਸਾਨੀ ਤੇ ਕਿਸਾਨਾਂ ਖ਼ਿਲਾਫ਼ ਮੰਨਦੇ ਹੋਏ ਮੁੱਢੋਂ ਰੱਦ ਕਰ ਚੁੱਕੇ ਹਨ ਅਤੇ ਸਰਕਾਰ ਕੋਲੋਂ ਇਨ੍ਹਾਂ ਨੂੰ ਰੱਦ ਕਰਵਾਉਣ ਲਈ ਸੜਕਾਂ ‘ਤੇ ਬੈਠੇ ਸੰਘਰਸ਼ ਕਰ ਰਹੇ ਹਨ।

ਜਿਕਰਯੋਗ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਸੰਬੰਧ ਵਿਚ ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ। ਇਸ ਲਈ ਬੀਤੇ ਦਿਨ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨ ਆਗੂਆਂ ਨਾਲ ਵਿਗਿਆਨ ਭਵਨ ਦਿੱਲੀ ਵਿਖੇ ਮੀਟਿੰਗ ਵੀ ਕੀਤੀ ਸੀ, ਜੋ ਕਿ ਬੇਸਿੱਟਾ ਰਹੀ। ਇਸ ਲਈ ਹੁਣ ਅਗਲੀ ਮੀਟਿੰਗ 3 ਦਸੰਬਰ ਨੂੰ ਨਿਸ਼ਚਿਤ ਕੀਤੀ ਗਈ ਹੈ।

  • 95
  •  
  •  
  •  
  •