ਮੋਦੀ ਅਤੇ ਸ਼ਾਹ ਨੂੰ ਪੰਜਾਬ ਦੀ ਰਾਜਨੀਤੀ ਦੀ ਸਮਝ ਨਹੀਂ ਹੈ

-ਸ਼ੇਖਰ ਗੁਪਤਾ, ਮੁੱਖ ਸੰਪਾਦਕ, ‘ਦਾ ਪ੍ਰਿੰਟ’

ਭਾਜਪਾ ਪੰਜਾਬ ਦੀ ਰਾਜਨੀਤੀ ਨੂੰ ਕਿੰਨੀ ਸਮਝਦੀ ਹੈ? ਮੇਰੇ ਖਿਆਲ ਵਿੱਚ ਜਵਾਬ ਇਹ ਹੋਵੇਗਾ ਕਿ ਇਸ ਮਾਮਲੇ ਵਿਚ ਇਹਨਾਂ ਦੀ ਸਮਝ ਬਹੁਤ ਕਮਜ਼ੋਰ ਹੈ। ਮੋਦੀ-ਸ਼ਾਹ ਨਿਸ਼ਚਤ ਤੌਰ ‘ਤੇ ਨਾਂ ਪੰਜਾਬ ਨੂੰ, ਨਾ ਹੀ ਪੰਜਾਬੀਆਂ ਨੂੰ ਸਮਝਦੇ ਹਨ ਅਤੇ ਨਾ ਹੀ ਉਨ੍ਹਾਂ ਸਿੱਖਾਂ ਬਾਰੇ ਪਤਾ ਹੈ। ਨਹੀਂ ਤਾਂ ਉਹ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਵਿੱਚ ਅਜਿਹਾ ਟੋਆ ਨਾ ਪੁੱਟਦੇ।

ਰਾਜਨੀਤੀ ਪੱਖੋਂ ਉੱਤਰੀ ਭਾਰਤ ਦਾ ਪੰਜਾਬ ਵੱਖਰਾ ਹੈ। ਇਸੇ ਲਈ ਪੰਜਾਬੀਆਂ ਨੇ ਆਪਣੇ ਆਪ ਨੂੰ ਮੋਦੀ ਦੇ ਜਾਦੂ ਤੋਂ ਅਛੂਤ ਰੱਖਿਆ ਹੈ। ਇਹਨਾਂ ਨੇ 2014 ਅਤੇ 2019 ਦੀਆਂ ਆਮ ਚੋਣਾਂ ਵਿਚ ਕੁੱਝ ਥਾਵਾਂ ਤੇ ਭਾਜਪਾ ਦੀ ਬਜਾਏ ‘ਆਪ’ ਨੂੰ ਵੋਟ ਦਿੱਤੀ, ਭਾਵੇਂ ਕਿ ਸਿੱਖ ਰਾਜਨੀਤਿਕ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਦੀ ਭਾਈਵਾਲ ਸੀ। ਉੱਤਰ ਭਾਰਤ ਦਾ ਪੰਜਾਬ ਇਕਲੌਤਾ ਸੂਬਾ ਸੀ ਜਿੱਥੇ ਕਥਿਤ ਮੋਦੀ ਲਹਿਰ ਦੋਵਾਂ ਚੋਣਾਂ ਵਿਚ ਬੇ-ਅਸਰ ਸਾਬਤ ਹੋਈ। ਇੱਥੋਂ ਤੱਕ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ, ਮੋਦੀ ਦਾ ਪੰਜਾਬ ਵਿੱਚ ਕੋਈ ਅਸਰ ਨਹੀਂ ਹੋਇਆ ਸੀ। ਅਜਿਹੀ ਅਸਫਲਤਾ ਦੇ ਬਾਅਦ ਵੀ, ਜੇ ਮੋਦੀ ਅਤੇ ਸ਼ਾਹ ਨੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ, ਤਾਂ ਕਿਸਾਨ ਅੰਦੋਲਨ ਦੇ ਮਾਮਲੇ ਵਿਚ ਹੋ ਰਹੀ ਹਫੜਾ-ਦਫੜੀ ਸ਼ਾਇਦ ਉਨ੍ਹਾਂ ਨੂੰ ਮਹਿਸੂਸ ਕਰਵਾ ਸਕੇ।

ਭਾਜਪਾ ਨੂੰ ਇਸ ਖਿੱਤੇ ਦੀ ਪੁਰਾਣੀ ਕਹਾਵਤ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਕਿ ਇੱਕ ਜੱਟ ਕਿਸਾਨ ਤੋਂ ਤੁਸੀਂ ਉਸ ਦੇ ਖੇਤ ਵਿੱਚ ਲਾਇਆ ਇੱਕ ਵੀ ਗੰਨਾ ਨਹੀਂ ਖੋਹ ਸਕਦੇ, ਪਰ ਉਸਨੂੰ ਖੁਸ਼ ਕਰਕੇ, ਤੁਸੀਂ ਨਿਸ਼ਚਤ ਹੀ ਉਸ ਤੋਂ ਗੁੜ ਦੀ ਇੱਕ ਭੇਲੀ ਪ੍ਰਾਪਤ ਕਰ ਸਕਦੇ ਹੋਂ। ਤੁਹਾਨੂੰ ਸਿਰਫ ਇੱਕ ਕੋਮਲ ਅਤੇ ਦੋਸਤਾਨਾ ਇਸ਼ਾਰੇ ਨਾਲ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ। ਖੇਤੀਬਾੜੀ ਕਾਨੂੰਨਾਂ ਦੇ ਮਾਮਲੇ ਵਿਚ, ਭਾਜਪਾ ਨੇ ਇਸ ਦੇ ਉਲਟ ਕੀਤਾ ਹੈ। ਮੋਦੀ-ਸ਼ਾਹ ਦੀ ਭਾਜਪਾਈ ਰਾਜਨੀਤੀ, ਮੋਦੀ ਦੀ ਲੋਕਪ੍ਰਿਅਤਾ, ਹਿੰਦੂਤਵ ਦੇ ਨਾਂ ‘ਤੇ ਧਰੁਵੀਕਰਨ, ਭ੍ਰਿਸ਼ਟਾਚਾਰ ਮੁਕਤ ਅਕਸ ਅਤੇ ਰਾਸ਼ਟਰਵਾਦ’ ਤੇ ਚਲਦੀ ਹੈ। ਪੰਜਾਬ ਵਿਚ ਇਹ ਅਸਫਲ ਕਿਉਂ ਹੋਇਆ? ਖੇਤੀਬਾੜੀ ਕਾਨੂੰਨਾਂ ਦੇ ਬਾਰੇ ਵਿੱਚ ਹੋਰ ਖੇਤੀ ਰਾਜਾਂ ਵਿੱਚ ਸ਼ਾਇਦ ਹੀ ਕੋਈ ਇਨੀ ਤਕੜੀ ਲਹਿਰ ਚੱਲ ਰਹੀ ਹੋਵੇ। ਮਹਾਰਾਸ਼ਟਰ ਵੱਡੀ ਖੇਤੀ ਵਾਲੀ ਆਬਾਦੀ ਵਾਲਾ ਸੂਬਾ ਸ਼ਾਂਤ ਹੈ ਤਾਂ ਫਿਰ ਪੰਜਾਬ ਨਾਰਾਜ਼ ਕਿਉਂ ਹੈ? ਕਿਉਂਕਿ ਇਹ ਰਾਜ ਦੇ ਸਿੱਖ ਬਾਕੀ ਦੇਸ਼ ਨਾਲੋਂ ਕੁੱਝ ਵੱਖਰੇ ਹਨ।

ਪੰਜਾਬ ਵਿਚ ਰਵਾਇਤੀ ਹਿੰਦੂ-ਮੁਸਲਿਮ ਤੱਤ ਗਾਇਬ ਹੈ। ਪੰਜਾਬ ਦੇ ਬਹੁਤ ਸਾਰੇ ਮੁਸਲਮਾਨ ਜੋ ਮਲੇਰਕੋਟਲਾ ਵਿਚ ਰਹਿੰਦੇ ਹਨ, ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸਿੱਖਾਂ ਦੀ ਸਦਭਾਵਨਾ ਅਤੇ ਸੁਰੱਖਿਆ ਪ੍ਰਾਪਤ ਕਰ ਰਹੇ ਹਨ, ਕਿਉਂਕਿ ਇਥੇ ਦੇ ਨਵਾਬ ਗੁਰੂ ਜੀ ਦੇ ਬੱਚਿਆਂ ਬਾਰੇ ਹਾਅ ਦਾ ਨਾਅਰਾ ਮਾਰਿਆ ਸੀ।

ਰਵਾਇਤੀ ਤੌਰ ‘ਤੇ, ਪਹਿਲਾਂ ਆਰਐਸਐਸ ਅਤੇ ਫਿਰ ਭਾਜਪਾ ਸਿੱਖਾਂ ਨੂੰ ਵੱਖ-ਵੱਖ ਪਹਿਰਾਵੇ ਵਾਲੇ ਹਿੰਦੂ ਮੰਨਦੀ ਰਹੀ ਹੈ ਪਰ ਸਿੱਖ ਹਿੰਦੂ ਨਹੀਂ ਹਨ। ਉਹ ਹਿੰਦੂਤਵੀ ਵੀ ਨਹੀਂ ਹਨ। ਜੇ ਉਹ ਹਿੰਦੂਤਵੀ ਹੁੰਦੇ ਤਾਂ ਤਿੰਨ ਵਾਰੀ ਆਪਣੇ ਸਿਖਰ ‘ਤੇ ਪਹੁੰਚੇ ਮੋਦੀ ਨੂੰ ਨਾ ਨਕਾਰਦੇ। ਇਹ ਅਸੀਂ ਉਦੋਂ ਵੇਖਿਆ ਜਦੋਂ ਸੰਤ ਭਿੰਡਰਾਂਵਾਲੇ ਆਪਣੇ ਸਿਖਰ ‘ਤੇ ਸਨ। ਆਰ ਐੱਸ ਐੱਸ ਉਦੋਂ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿ ਸਿੱਖ ਪੰਜਾਬ ਵਿਚ ਹਿੰਦੂਆਂ ਉੱਤੇ ਹਮਲਾ ਕਰਨਗੇ। ਉਸ ਸਮੇਂ ਇਸ ਦੇ ਸੰਘ ਸੰਘਚਲਕ ਬਾਲਸਾਹ ਦਿਉਰਾਸ ਨੇ ਬਿਆਨ ਦਿੱਤਾ ਸੀ ਕਿ “ਸਿੱਖ ਕੇਸਾਧਾਰੀ ਹਿੰਦੂ ਹਨ”। ਭਿੰਡਰਾਂਵਾਲੇ ਸਿੱਖਾਂ ਲਈ ਘੱਟ-ਗਿਣਤੀ ਦਾ ਦਰਜਾ ਅਤੇ ਨਿੱਜੀ ਕਾਨੂੰਨ ਦੀ ਮੰਗ ਕਰ ਰਹੇ ਸਨ। ਅਕਾਲੀਆਂ ਦੀ ਪੰਜਾਬੀ ਸੂਬਾ ਲਹਿਰ ਕਾਰਨ 1960 ਦੇ ਦਹਾਕੇ ਵਿਚ ਸਿੱਖ-ਹਿੰਦੂ ਪਾੜਾ ਹੋਰ ਡੂੰਘਾ ਹੋਇਆ ਕਿਉੰਕਿ ਓਦੋਂ ਆਰ ਐਸ ਐਸ / ਭਾਰਤੀ ਜਨਸੰਘ ਨੇ ਇਸ ਦਾ ਵਿਰੋਧ ਕੀਤਾ ਸੀ। 1977 ਤੋਂ ਬਾਅਦ, ਅਕਾਲੀਆਂ ਅਤੇ ਜਨਤਾ ਪਾਰਟੀ ਵਿੱਚ ਸ਼ਾਮਲ ਸਾਬਕਾ ਜਨਸੰਘੀਆਂ ਨੇ ਹੱਥ ਮਿਲਾ ਲਿਆ। ਪਰ ਜਲਦੀ ਹੀ ਫੁੱਟ ਪੈ ਗਈ।

ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਾਲੀ ਜੋਸ਼ੀਲੀ ਭਾਜਪਾ ਸਮਝਦੀ ਸੀ ਕਿ ਪੰਜਾਬ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਦਾ ਇੱਕੋ ਇਕ ਢੰਗ ਹੈ ਹਿੰਦੂਆਂ ਅਤੇ ਸਿੱਖਾਂ ਨਾਲ ਫਿਰ ਮੇਲ ਮਿਲਾਪ ਕਰਨਾ। ਉਸਨਾਂ ਨੇ ਆਪਣੀ ਸੋਚ ਵਾਲੇ ਅਕਾਲੀ ਨੇਤਾਵਾਂ ਨਾਲ ਗੱਲਬਾਤ ਕੀਤੀ ਜਿਹੜੀ ਇਹਨਾਂ ਨੇਤਾਵਾਂ ਨਾਲ ਜੇਲਾਂ ਵਿਚ ਬੰਦੀ ਦੌਰਾਨ ਹੋਈ ਸੀ। ਇਸ ਤਰ੍ਹਾਂ ਹੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋਂਦ ਵਿੱਚ ਆਇਆ ਪਰ ਹੁਣ ਭਾਜਪਾ ਦੇ ਹੰਕਾਰ ਨੇ ਇਸ ਰਿਸ਼ਤੇ ਨੂੰ ਤੋੜ ਦਿੱਤਾ ਹੈ। ਉਸ ਨੇ ਅਕਾਲੀਆਂ ਨੂੰ ਸਤਿਕਾਰਯੋਗ ਭਾਈਚਾਰੇ ਦਾ ਦਰਜਾ ਦੇਣ ਦੀ ਬਜਾਏ, ਪੰਜਾਬ ਅਤੇ ਸਿੱਖਾਂ ਦਾ ਕਿਰਪਾਲੂ ਭਰਾ ਬਣਨ ਦੀ ਕੋਸ਼ਿਸ਼ ਕੀਤੀ। ਇਹ ਭਾਜਪਈ ਵਿਚਾਰ ਬਹੁਤ ਸਾਰੀਆਂ ਗਲਤੀਆਂ ਨੂੰ ਉਜਾਗਰ ਕਰਦਾ ਹੈ।

ਪਹਿਲਾਂ, ਇਹ ਮੰਨਣਾ ਸੀ (ਭਾਜਪਾ ਦਾ) ਕਿ ਪੰਜਾਬ ਸਿਰਫ ਇਕ ਚੱਟਾਨ ਤੋਂ ਬਣਿਆ ਹੈ, ਦੂਜਾ ਕਿ ਸਿੱਖ ਵੀ ਇਸ ਤਰਾਂ ਦੇ ਹਨ। ਜਦੋਂਕਿ ਉਨ੍ਹਾਂ ਵਿਚ ਜਾਤੀਆਂ, ਗੋਤਾਂ ਦੀ ਵੰਡ ਵੀ ਹੈ। ਅੱਜ ਜੋ ਪ੍ਰਮੁੱਖ ਸਿੱਖ ਬੀਜੇਪੀ ਵਿਚ ਨਜ਼ਰ ਆ ਰਹੇ ਹਨ, ਉਹ ਜੱਟ ਭਾਈਚਾਰੇ ਵਿਚੋਂ ਨਹੀਂ ਹਨ। ਇਹ ਵੱਡੇ ਜਮੀਨਾਂ ਵਾਲੇ ਕਿਸਾਨ ਹਨ। ਤੀਜੀ ਗਲਤੀ ਇਹ ਮੰਨਣਾ ਹੈ ਕਿ ਸਿੱਖ ਹਿੰਦੂ ਹਨ। ਅਸਲ ਵਿਚ ਇਹ ਵਡੋਦਰਾ, ਵਾਰਾਣਸੀ, ਜਾਂ ਵਿਦਰਭ ਦੇ ਹਿੰਦੂਆਂ ਵਾਂਗ ਹਿੰਦੂ ਨਹੀਂ ਹਨ।

ਸਿੱਖ ਅਜਿਹੀ ਲੜਾਈ ਪਸੰਦ ਕਰਦੇ ਹਨ ਜਿਹੋ-ਜਿਹੀ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਦਿੱਤੀ ਹੈ। ਇਹ ਨਹੀਂ ਚੱਲੇਗਾ, ਤੁਹਾਨੂੰ ਪੰਜਾਬੀਆਂ ਨਾਲ ਤਰਕ ਨਾਲ ਨਜਿੱਠਣਾ ਪਏਗਾ। ਇਹ ਉੱਦਮੀ ਲੋਕ ਹਨ, ਇਹ ਸੁਧਾਰਾਂ ਵਿੱਚ ਤਰਕਸ਼ੀਲਤਾ ਨੂੰ ਸਮਝਣ ਦੀ ਸ਼ਕਤੀ ਰਖਦੇ ਹਨ। ਜੇ ਤੁਸੀਂ ਉਨ੍ਹਾਂ ਤੇ ਸਵਾਰ ਹੋ ਕੇ ਗੱਲ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਬੈਰੀਕੇਡਾਂ ‘ਤੇ ਮਿਲਦੇ ਹੋ।

ਅੰਤਮ ਨੁਕਤਾ ਇਹ ਹੈ ਕਿ ਪੰਜਾਬ ਹਿੰਦੀ / ਹਿੰਦੂ ਪੱਟੀ ਦਾ ਹਿੱਸਾ ਨਹੀਂ ਹੈ। ਇੱਥੇ ਹਿੰਦੂ-ਮੁਸਲਿਮ ਧਰੁਵੀਕਰਨ ਦੀਆਂ ਚਾਲਾਂ ਨਹੀਂ ਚੱਲਣਗੀਆਂ। ਹਾਂ, ਤੁਸੀਂ ਹਿੰਦੂ-ਸਿੱਖਾਂ ਨੂੰ ਧਰੁਵੀ ਬਣਾ ਸਕਦੇ ਹੋ ਪਰ ਕੋਈ ਵੀ ਇਸਨੂੰ ਨਹੀਂ ਚਾਹੇਗਾ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਇਹ ਵੀ ਦੋਸ਼ ਲਗਾਉਂਦੇ ਹੋਵੋਗੇ ਕਿ ਉਹ ਖਾਲਿਸਤਾਨੀਆਂ ਦੇ ਪ੍ਰਭਾਵ ਹੇਠ ਆ ਗਏ ਹਨ। ਜੇ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ, ਤਾਂ ਬਿਨਾਂ ਕਿਸੇ ਸਾਧਨ ਦੇ ਹਥੇਲੀ ਤੇ ਤਿਲ਼ ਜਮਾਉਣ ਦੀ ਕੋਸ਼ਿਸ਼ ਕਰਦੇ ਰਹੋ।

-ਪੰਜਾਬੀ ਅਨੁਵਾਦ: ਗੁਰਸੇਵਕ ਸਿੰਘ ਧੌਲਾ

  • 122
  •  
  •  
  •  
  •