ਔਟਵਾ ਸਥਿਤ ਭਾਰਤੀ ਐਂਬੈਸੀ ਮੂਹਰੇ ਕੀਤਾ ਸਿੱਖਾਂ ਨੇ ਜਬਰਦਸਤ ਰੋਸ ਪ੍ਰਦਰਸ਼ਨ ..

ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਟੈਲੀਫੋਨ ਰਾਹੀਂ ਰੈਲੀ ਨੂੰ ਸੰਬੋਧਨ ਕੀਤਾ

73 ਸਾਲਾਂ ਦੀ ਦਿੱਲੀ ਵਲੋਂ ਕੀਤੀ ਧੱਕੇਸ਼ਾਹੀ ਦਾ ਗੁਭ ਗੁਭਾੜ ਨਿਕਲ ਰਿਹਾ ਹੈ ਕਿਸਾਨੀ ਅੰਦੋਲਨ ਦੌਰਾਨ…..ਮਾਨ

ਮੋਦੀ ਦਾ ਪੇਚਾ ਸ੍ਰ ਬਘੇਲ ਸਿੰਘ ਦੇ ਵਾਰਿਸਾਂ ਨਾਲ ਪੈ ਗਿਆ, ਹੁਣ ਦਿੱਲੀ ਦੀ ਖੈਰ ਨਹੀਂ…..ਹੰਸਰਾ ਔਟਵਾ

(ਦਸੰਬਰ 4-2020) ਭਾਰਤ ਸਰਕਾਰ ਦੀ ਬੁਰਛਗਰਦੀ ਨੇ ਦੇਸ਼ ਵਿਦੇਸ਼ ਅੰਦਰ ਆਮ ਲੋਕਾਂ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਦਿੱਤਾ ਹੈ। ਕੈਨੇਡਾ ਅਤੇ ਅਮਰੀਕਾ ਦੇ ਹਰ ਸ਼ਹਿਰ ਵਿੱਚ ਹਰ ਰੋਜ਼ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੋਦੀ ਸਰਕਾਰ ਦਾ ਸਿਆਪਾ ਕੀਤਾ ਜਾ ਰਿਹਾ ਹੈ। ਟਰਾਂਟੋ ਵਿੱਚ ਮੰਗਲਵਾਰ ਨੂੰ ਜਬਰਦਸਤ ਰੈਲੀ ਤੋਂ ਬਾਅਦ ਅੱਜ ਔਟਵਾ ਸਥਿਤ ਇੰਡੀਅਨ ਹਾਈ ਕਮਿਸ਼ਨਰ ਅੱਗੇ ਟਰਾਂਟੋ, ਔਟਵਾ ਅਤੇ ਮਾਂਟਰੀਅਲ ਦੇ ਪੰਜਾਬੀਆਂ ਵਲੋਂ ਜਬਰਦਸਤ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਬੱਚੇ, ਬਜ਼ੁਰਗ, ਬੀਬੀਆਂ ਅਤੇ ਵਿਦਿਆਰਥੀਆਂ ਨੇ ਵੱਡੀ ਤਾਦਾਦ ਵਿੱਚ ਹਿੱਸਾ ਲਿਆ। ਧੂੜਾਂ ਪੱਟ ਰੈਲੀ ਵਿੱਚ ਕਿਸਾਨਾਂ ਦਾ ਹਿੱਕ ਠੋਕ ਕੇ ਸਮਰਥਨ ਦੇਣ ਦੀ ਵਚਨਵੱਧਤਾ ਦੁਹਰਾਈ ਗਈ। ਖਾਸ ਕਰਕੇ ਨੌਜੁਆਨਾਂ ਨੇ ਇਸ ਮੌਕੇ ਅਕਾਸ਼ ਗੁੰਜਾਊ ਨਾਹਰੇਬਾਜੀ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।ਔਟਵਾ ਦੀ ਕਿਸਾਨ ਕਾਰ ਰੈਲੀ ਦਾ ਪ੍ਰਬੰਧ ਉਨਟਾਰੀਓ ਗੁਰਦੁਆਰਾਜ਼ ਕਮੇਟੀ, ਵਨ ਪੰਥ (ਯੂਥ ਸੰਸਥਾ) ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ, ਸ਼ਹੀਦਗੜ ਗੁਰਦੁਆਰਾ ਸਾਹਿਬ, ਸਿੱਖ ਮੋਟਰ ਸਾਈਕਲ ਕਲੱਬ ਆਫ ਉਨਟਾਰੀਓ, ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਅਤੇ ਸਿੱਖ ਵਿਜ਼ਨ ਮਾਂਟਰੀਅਲ ਵਲੋਂ ਕੀਤਾ ਗਿਆ ਸੀ। ਔਟਵਾ ਸਿੱਖ ਸੁਸਾਇਟੀ ਨੇ ਹਰ ਵਾਰ ਵਾਂਗ ਗਹਿ ਗੱਡਵਾਂ ਸਹਿਯੋਗ ਦਿੱਤਾ।

ਵੱਡੀ ਤਾਦਾਦ ਵਿੱਚ ਸੰਗਤ 1 ਵਜ੍ਹੇ ਦੇ ਕਰੀਬ ਹਾਈ ਕਮਿਸ਼ਨ ਦੇ ਮੂਹਰੇ ਇਕੱਤਰ ਹੋਣੀ ਸ਼ੁਰੂ ਹੋਈ। ਔਟਵਾ ਸਿੱਖ ਸੁਸਾਇਟੀ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਕਹਿੰਦਿਆਂ ਚਾਹ ਪਾਣੀ ਦਾ ਇੰਤਜਾਮ ਕੀਤਾ। ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਕਨੇਡਾ ਦੇ ਨੈਸ਼ਨਲ ਆਗੂ ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਅਤੇ ਕੰਸਰਵੇਟਿਵ ਪਾਰਟੀ ਦੇ ਲੀਡਰ ਐਰਨ ਓ ਟੂਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਕਿਸਾਨਾਂ ਦੇ ਹੱਕ ਵਿੱਚ ਬਣਾਈਆਂ ਗਈਆਂ ਤਖਤੀਆਂ ਬੜੀਆਂ ਦਿਲਚਸਪ ਸਨ ਜਿੰਨ੍ਹਾਂ ਤੇ ਉਕਰਿਆ ਸੀ ਕਿ ਅਗਰ ਕਿਸਾਨ ਨਹੀਂ ਤਾਂ ਭੋਜਨ ਨਹੀਂ। ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਆਦਿ ਆਦਿ। ਪਰਮਿੰਦਰ ਸਿੰਘ ਪਾਂਗਲੀ ਅਤੇ ਪ੍ਰਭ ਸਰਵਣ ਸਿੰਘ ਦੇ ਸਹਿਯੋਗ ਸਦਕਾ ਦਿੱਲੀ ਧਰਨੇ ਚੋਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਟੈਲੀਫੋਨ ਰਾਹੀਂ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਮੁਜਾਹਰਾਕਾਰੀਆਂ ਦਾ ਧੰਨਵਾਦ ਕਰਦਿਆਂ ਭਾਰਤ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਖੋਲ ਕੇ ਜ਼ਿਕਰ ਕੀਤਾ। ਇਸ ਮੌਕੇ ਇੱਕ ਤੋਂ ਇੱਕ ਬੁਲਾਰਿਆਂ ਨੇ ਹਰਿਆਣਾ ਦੀ ਖੱਟਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਹੁਣ ਤੱਕ ਖੱਟਰ ਨੇ ਬਾਦਲ ਅਤੇ ਕੈਪਟਨ ਹੀ ਵੇਖੇ ਸਨ ਪਰ ਪੰਜਾਬ ਦੇ ਅਸਲੀ ਵਾਰਿਸਾਂ ਨਾਲ ਪਹਿਲਾਂ ਵਾਰ ਪੇਚਾ ਪਿਆ ਸੀ, ਅਗਲਿਆਂ ਸਭ ਕੁੱਝ ਖਿਲਾਰ ਕੇ ਰੱਖ ਦਿੱਤਾ ਹੈ।

ਇਸ ਤੋਂ ਮੋਦੀ ਨੂੰ ਸਮਝ ਆ ਜਾਣੀ ਚਾਹੀਦੀ ਹੈ। ਇਸ ਮੌਕੇ ਮੋਦੀ ਸਰਕਾਰ ਨੂੰ ਸੰਬੋਧਨ ਹੁੰਦਿਆਂ ਬੁਲਾਰਿਆਂ ਨੇ ਕਿਹਾ ਕਿ ਆਹ ਟਰੈਕਟਰ ਟਰਾਲੀਆਂ ਤੇ ਬਾਦਲ, ਕੈਪਟਨ ਜਾਂ ਭਗਵੰਤ ਮਾਨ ਨਹੀਂ ਕਿ ਇਹ ਜੁਮਲੇ ਸੁਣਾ ਤੇ ਚਲੇ ਜਾਣਗੇ, ਇਹ ਸਰਦਾਰ ਬਘੇਲ ਸਿੰਘ ਦੇ ਵਾਰਿਸ ਆ, ਦਿੱਲੀ ਦੇ ਕਿੰਗਰੇ ਢਾਹ ਕੇ ਹੀ ਵਾਪਿਸ ਮੁੜਨਗੇ। ਲਖਵਿੰਦਰ ਸਿੰਘ ਧਾਲੀਵਾਲ ਸਿੱਖ ਮੋਟਰ ਸਾਈਕਲ ਕਲੱਬ ਦੇ ਪ੍ਰਧਾਨ ਨੇ ਆਪਣੇ ਵਿਚਾਰਾਂ ਵਿੱਚ ਕਿਸਾਨ ਅੰਦੋਲਨ ਦਾ ਸਮਰਥਨ ਦਿੰਦਿਆਂ ਕਿਹਾ ਕਿ ਦਰਅਸਲ ਇਹ ਮੁੱਦਾ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਜਿਉਂ ਹੀ ਧਾਲੀਵਾਲ ਨੇ ਆਜ਼ਾਦੀ ਦੀ ਗੱਲ ਕੀਤੀ ਤਾਂ ਮੁਜਾਹਰਾਕਾਰੀਆਂ ਨੇ ਆਜ਼ਾਦੀ ਜਿੰਦਾਬਾਦ ਦੇ ਨਾਹਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਬੜੀ ਤਿੱਖੀ ਸੁਰ ਵਿੱਚ ਕਿਹਾ ਕਿ ਪਿਛਲੇ 73 ਸਾਲਾਂ ਤੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਨੂੰ ਹਰ ਸਿੱਖ ਆਪਣੇ ਹਿਰਦੇ ਅੰਦਰ ਸਮੋਈ ਬੈਠਾ ਹੈ ਤੇ ਆਹ ਕਿਸਾਨ ਅੰਦੋਲਨ ਦੇ ਰੂਪ ਵਿੱਚ 7 ਦਹਾਕਿਆਂ ਦੇ ਗੁੱਸੇ ਦਾ ਗੁਭ ਗੁਭਾੜ ਨਿਕਲ ਰਿਹਾ ਹੈ। ਮਾਂਟਰੀਅਲ ਤੋਂ ਸਿੱਖ ਵਿਜ਼ਨ ਦੇ ਪ੍ਰਧਾਨ ਲਖਬੀਰ ਸਿੰਘ ਨੇ ਆਪਣੇ ਕਾਵਿ ਅੰਦਾਜ਼ ਵਿੱਚ ਮੋਦੀ ਸਰਕਾਰ ਨੂੰ ਲਾਹਣਤਾਂ ਪਾਈਆਂ। ਗੁਰਦੁਆਰਾ ਜੋਤ ਪ੍ਰਕਾਸ਼ ਤੋਂ ਭਗਤ ਸਿੰਘ ਬਰਾੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੱਕੇਸ਼ਾਹੀ ਨੂੰ ਨਾਗਪੁਰ ਨਾਲ ਜੋੜਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਤੇ ਰਾਜ ਕਰਨ ਵਾਲੇ ਨਾਗਪੁਰੀ ਸੋਚ ਦੇ ਧਾਰਨੀ ਨਹੀਂ ਹੋ ਸਕਦੇ। ਪੰਜਾਬ ਦਾ ਨੌਜੁਆਨ ਜਾਗ ਪਿਆ ਹੈ ਜੋ ਰਵਾਇਤੀ ਸਿਆਸਤ ਨੂੰ ਸਮਾਪਤ ਕਰਕੇ ਹੀ ਦਮ ਲਵੇਗਾ। ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ 551 ਸਾਲ ਪਹਿਲਾਂ ਅਵਤਾਰ ਧਾਰ ਕੇ ਸੰਸਾਰ ਦੇ ਲੋਕਾਂ ਨੂੰ ਬਾਬਰ ਨੂੰ ਜਾਬਰ ਕਹਿਣ ਦਾ ਫਲਸਫਾ ਦਿੱਤਾ ਸੀ। ਇਸ ਹਫਤੇ ਜਦੋਂ ਮੈਂ ਹਰਿਆਣੇ ਦੀਆਂ ਹੱਦਾਂ ਤੇ ਖੜੇ ਪੰਜਾਬ ਦੇ ਪੁੱਤ ਖੱਟਰ ਸਰਕਾਰ ਨੂੰ ਲਲਕਾਰ ਰਹੇ ਸਨ ਤਾਂ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਖਿਆਵਾਂ ਤੇ ਪਹਿਰਾ ਦਿੰਦੇ ਨਜ਼ਰ ਆ ਰਹੇ ਸਨ ਕਿ ਕਿਵੇਂ ਬਾਬੇ ਨਾਨਕ ਦਾ ਪ੍ਰੀਵਾਰ ਅਜੋਕੇ ਬਾਬਰਾਂ ਨੂੰ ਲਲਕਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਬੇਅੰਤੇ ਅਤੇ ਕੇ ਪੀ ਗਿੱਲ ਨੂੰ ਬੁੱਚੜ, ਮੱਸਾਦੀਨ ਨੂੰ ਮੱਸਾ ਰੰਘੜ, ਇਵੇਂ ਹੀ ਖੱਟਰ ਨੂੰ ਇਤਹਾਸ ਵਿੱਚ ਖੱਟਰ ਨੂੰ ਖੱਚਰ ਕਹਿ ਕੇ ਸੰਬੋਧਨ ਕੀਤਾ ਜਾਵੇਗਾ। ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਨੂੰ ਔਟਵਾ ਸਿੱਖ ਸੁਸਾਇਟੀ ਦੇ ਪ੍ਰਧਾਨ ਭਗਤ ਸਿੰਘ ਭੰਡਾਲ, ਬਰੈਂਪਟਨ ਦੇ ਸਿਟੀ ਕੌਂਸਲਰ ਹਰਕੀਰਤ ਸਿੰਘ, ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਕਿਊਬਕ ਦੇ ਪ੍ਰਧਾਨ ਮਨਵੀਰ ਸਿੰਘ ਮਾਂਟਰੀਅਲ, ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ, ਪ੍ਰਭ ਸਰਵਣ ਸਿੰਘ ਅਤੇ ਨੌਜੁਆਨ ਆਗੂ ਜੋਬਨਜੀਤ ਸਿੰਘ ਦੇ ਨਾਮ ਵਰਨਣਯੋਗ ਹਨ। ਸਟੇਜ ਦੀ ਕਾਰਵਾਈ ਭਗਤ ਸਿੰਘ ਬਰਾੜ ਨੇ ਨਿਭਾਈ। ਇਸ ਰੈਲੀ ਨੂੰ ਅਯੋਜਕ ਭਗਤ ਸਿੰਘ ਬਰਾੜ, ਲਖਵਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਹੰਸਰਾ, ਜਸਦੀਪ ਸਿੰਘ ਹੰਸਰਾ ਅਤੇ ਮਾਂਟਰੀਅਲ ਤੋਂ ਮਨਵੀਰ ਸਿੰਘ ਅਤੇ ਪਰਮਿੰਦਰ ਸਿੰਘ ਦਾ ਯੋਗਦਾਨ ਸੀ।

  • 102
  •  
  •  
  •  
  •