ਵਿਦੇਸ਼ਾਂ ‘ਚ ਵੀ ਪਹੁੰਚੀ ਕਿਸਾਨੀ ਸੰਘਰਸ਼ ਦੀ ਗੂੰਜ; ਪਰਵਾਸੀ ਪੰਜਾਬੀਆਂ ਵੱਲੋਂ ਰੋਸ ਰੈਲੀਆਂ

ਪੰਜਾਬ ਦੇ ਕਿਸਾਨਾਂ ਵੱਲੋਂ ਭਾਰਤ ‘ਚ ਜਾਰੀ ਕਿਸਾਨ ਅੰਦੋਲਨ ਦੀ ਗੂੰਜ ਹੁਣ ਵਿਦੇਸ਼ਾਂ ਵਿਚ ਵੀ ਪੈ ਰਹੀ ਹੈ। ਵੱਡੀ ਗਿਣਤੀ ‘ਚ ਸਿੱਖ ਅਤੇ ਦੂਜੇ ਸਮੂਹਾਂ ਦੇ ਲੋਕ ਕਿਸਾਨਾਂ ਦੇ ਸਮਰਥਨ ‘ਚ ਭਾਰਤੀ ਦੂਤਘਰਾਂ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਨ।

ਬੀਤੇ ਦਿਨ ਕੈਨੇਡਾ ਦੇ ਕਰੀਬ ਇਕ ਦਰਜਨ ਸ਼ਹਿਰਾਂ ਵਿਚ ਕਿਸਾਨਾਂ ਦੇ ਹੱਕ ’ਚ ਰੈਲੀਆਂ ਕੀਤੀਆਂ ਗਈਆਂ। ਸਰੀ ਵਾਲੀ ਰੈਲੀ ਜਿਸ ਵਿੱਚ ਦੋ ਹਜ਼ਾਰ ਤੋਂ ਵੱਧ ਕਾਰਾਂ ਤੇ ਚਾਰ ਹਜ਼ਾਰ ਤੋਂ ਵੱਧ ਲੋਕ ਸ਼ਾਮਲ ਸਨ ਜਿਨ੍ਹਾਂ ਵੈਨਕੂਵਰ ਦੇ ਡਾਊਨ ਟਾਊਨ ਖੇਤਰ ਸਥਿਤ ਭਾਰਤੀ ਸਫਾਰਤਖਾਨੇ ਅੱਗੇ ਨਾਅਰੇਬਾਜ਼ੀ ਕਰਕੇ ਭਾਰਤ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ। ਇਸੇ ਤਰ੍ਹਾਂ ਬੀਸੀ ਦੇ ਸ਼ਹਿਰਾਂ ਕਲੋਨਾ, ਕਾਮਲੂਪ, ਪੈਂਟਿਕਟਨ, ਓਇਸੂਸ ਤੇ ਸਕੋਮਿਸ਼ ਵਿੱਚ ਵੀ ਰੈਲੀਆਂ ਕੱਢੀਆਂ ਗਈਆਂ। ਉਧਰ ਓਂਟਾਰੀਓ ਸੂਬੇ ਦੇ ਸ਼ਹਿਰਾਂ ਲੰਡਨ, ਕੈਂਬ੍ਰਿਜ, ਹਮਿਲਟਨ ਅਤੇ ਮਾਲਟਨ ’ਚ ਵੀ ਰੈਲੀਆਂ ਕੀਤੇ ਜਾਣ ਦਾ ਪਤਾ ਲੱਗਾ ਹੈ।

ਕੈਨੇਡਾ ਦੀ ਇਕ ਵੱਡੀ ਕਿਸਾਨ ਜਥੇਬੰਦੀ ‘ਨੈਸ਼ਨਲ ਫਾਰਮਰ ਯੂਨੀਅਨ’ ਦੇ ਪ੍ਰਧਾਨ ਕੇਟੀ ਵਾਰਡ ਤੇ ਉਪ ਪ੍ਰਧਾਨ ਸਟੀਵਰਟ ਵੇਲਜ਼ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਦਿੱਤਾ ਹੈ। ਜਥੇਬੰਦੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਮੁਸਕਲਾਂ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਸਮਝ ਹੈ ਕਿ ਇਹੋ ਜਿਹੀਆਂ ਨੀਤੀਆਂ ਨੇ ਦੁਨੀਆ ਭਰ ਦੇ ਕਿਸਾਨਾਂ ਦਾ ਕਿੰਨਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਦੀ ਕਦੇ ਮੰਗ ਹੀ ਨਹੀਂ ਕੀਤੀ ਸੀ ਫਿਰ ਕਿਉਂ ਇਹ ਬਿੱਲ ਲਿਆਂਦੇ ਗਏ ਹਨ।

ਉਧਰ ਦੂਜੇ ਪਾਸੇ ਸੈਂਕੜੇ ਸਿੱਖ-ਅਮਰੀਕੀਆਂ ਨੇ ਭਾਰਤ ’ਚ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਸ਼ਾਂਤਮਈ ਰੋਸ ਰੈਲੀਆਂ ਕੀਤੀਆਂ। ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਦਰਸ਼ਨਕਾਰੀਆਂ ਦੇ ਵੱਡੇ ਕਾਰ ਕਾਫਲੇ ਨੇ ਸ਼ਨਿਚਰਵਾਰ ਨੂੰ ਬੇ ਬ੍ਰਿਜ ਉੱਤੇ ਟ੍ਰੈਫਿਕ ਨੂੰ ਰੋਕ ਦਿੱਤਾ ਤੇ ਕਾਫ਼ਲਾ ਸਾਂ ਫ੍ਰਾਂਸਿਸਕੋ ਵਿੱਚ ਸਥਿਤ ਭਾਰਤੀ ਕੌਂਸਲੇਟ ਵੱਲ ਵਧਿਆ। ਇਸ ਤੋਂ ਇਲਾਵਾ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਇੰਡੀਆਨਾਪੋਲਿਸ ਵਿੱਚ ਇਕੱਠੇ ਹੋ ਕੇ ਮਾਰਚ ਕੀਤਾ। ਇੰਡੀਆਨਾ ਦੇ ਸ਼ਹਿਰ ਇੰਡੀਆਨਾਪੋਲਿਸ ਵਿਚ ਲਗਭਗ 500 ਸਿੱਖ ਅਮਰੀਕਨਾਂ ਨੇ ਸ਼ਿਰਕਤ ਕੀਤੀ। ਨਿਊ ਯਾਰਕ, ਹਿਊਸਟਨ, ਮਿਸ਼ੀਗਨ ਵਿਚ ਵੀ ਰੋਸ ਪ੍ਰਗਟਾਏ ਜਾਣ ਦੀ ਸੂਚਨਾ ਹੈ।

ਕੈਨੇਡਾ ਤੇ ਅਮਰੀਕਾ ਤੋਂ ਇਲਾਵਾ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾ ਵਿਚ ਵੀ ਕਿਸਾਨ ਅੰਦੋਲਨ ਦੇ ਹੱਕ ਵਿਚ ਰੈਲੀਆਂ ਹੋਈਆ। ਸਿਡਨੀ, ਮੈਲਬਰਨ, ਗ੍ਰਿਫਥ ’ਚ ਵੱਡੇ ਇਕੱਠ ਹੋਏ। ਸਿਡਨੀ ਦੇ ਪੱਛਮੀ ਖੇਤਰ ’ਚ ਭਾਰਤੀਆਂ ਦੇ ਗੜ੍ਹ ਵਾਲੇ ਇਲਾਕੇ ਕੁਏਕਰਜ਼ ਹਿੱਲ ਪਾਰਕ ’ਚ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਰੈਲੀ ਕੀਤੀ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨਾਲ ਮੋਦੀ ਸਮਰਥਕਾਂ ਨੇ ਧੱਕਾ ਮੁੱਕੀ ਵੀ ਕੀਤੀ। ਸਿਡਨੀ ਕ੍ਰਿਕਟ ਗਰਾਊਂਡ ’ਚ ਭਾਰਤ-ਆਸਟਰੇਲੀਆ ਦੇ ਕ੍ਰਿਕਟ ਮੈਚ ’ਚ ਕਿਸਾਨ ਪੱਖੀ ਪੰਜਾਬੀਆਂ ਨੇ ਤਖਤੀਆਂ-ਬੈਨਰ ਫੜ ਕੇ ਕਿਸਾਨ ਅੰਦੋਲਨ ਬਾਰੇ ਆਵਾਜ਼ ਬੁਲੰਦ ਕੀਤੀ।

ਦੋ ਦਿਨ ਪਹਿਲਾਂ ਹੀ 36 ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਭਾਰਤ ਦੇ ਕਿਸਾਨ ਕਾਨੂੰਨ ਦੇ ਵਿਰੋਧ ‘ਚ ਬ੍ਰਿਟੇਨ ਦੇ ਵਿਦੇਸ਼ ਸਕੱਤਰ ਨੂੰ ਚਿੱਠੀ ਲਿਖੀ ਸੀ। ਇਸ ‘ਚ ਪੰਜਾਬੀ ਮੂਲ ਦੇ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਪਾਕਿਸਤਾਨੀ ਅਤੇ ਬ੍ਰਿਟਿਸ਼ ਮੂਲ ਦੇ ਵੀ ਕਈ ਸੰਸਦ ਮੈਂਬਰ ਸ਼ਾਮਲ ਸੀ। ਇਨ੍ਹਾਂ ‘ਚ ਬ੍ਰਿਟਿਸ਼ ਸਰਕਾਰ ਤੋਂ ਭਾਰਤ ਦੇ ਸਾਹਮਣੇ ਇਨ੍ਹਾਂ ਤਿੰਨ ਕਿਸਾਨ ਕਾਨੂੰਨਾਂ ਵਿਰੁੱਧ ਵਿਰੋਧ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਸੀ।

ਇਸੇ ਕੜੀ ਤਹਿਤ ਕਿਸਾਨ ਅੰਦੋਲਨ ਨੂੰ ਹਿਮਾਇਤ ਦੇਣ ਲਈ ਨਿਊਜੀਲੈਂਡ ਵਿਚ ਕਈ ਥਾਵਾਂ ‘ਤੇ ਰੋਸ ਮੁਜ਼ਾਹਰੇ ਕੀਤੇ ਗਏ। ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਸਮਰਥਨ ਵਿਚ ਰੋਡ ਸ਼ੋਅ ਕੀਤਾ। ਲੋਕਾਂ ਨੇ ਗੱਡੀਆਂ ਤੇ ਕਿਸਾਨਾਂ ਦੇ ਹੱਕ ਵਿੱਚ ਵੱਡੇ ਝੰਡੇ ਅਤੇ ਸਟਿੱਕਰ ਲਾਏ ਹੋਏ ਸਨ।

ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਵੀ ਨੌਜਵਾਨਾਂ ਦੁਆਰਾ ਸਰਕਾਰ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨਾਂ ਦੁਆਰਾ ਹਿੱਸਾ ਲਿਆ ਗਿਆ। ਨੌਜਵਾਨਾਂ ਦੁਆਰਾ ਕੀਤੇ ਇਸੇ ਇਕੱਠ ਵਿੱਚ ਬਰੇਸ਼ੀਆ ਇਲਾਕੇ ਅਤੇ ਹੋਰ ਆਸ ਪਾਸ ਦੇ ਰਹਿੰਦੇ ਭਾਰਤੀ ਭਾਈਚਾਰੇ ਦੁਆਰਾ ਹਿੱਸਾ ਲਿਆ ਗਿਆ। ਨੌਜਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਭਾਰਤ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿਚ ਇਟਲੀ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

  • 147
  •  
  •  
  •  
  •