ਭੂਮੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਨੇ ਭਾਰਤ ਸਰਕਾਰ ਦਾ ਸਨਮਾਨ ਲੈਣ ਤੋਂ ਕੀਤੀ ਨਾਂਹ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮੁੱਖ ਭੂਮੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਬੀਤੀ ਰਾਤ ਦਿੱਲੀ ਵਿਖੇ ਇਕ ਸਮਾਗਮ ਵਿਚ ਭਾਰਤ ਸਰਕਾਰ ਦੇ ਰਸਾਇਣ ਤੇ ਖਾਦਾਂ ਮੰਤਰੀ ਤੋਂ ਮੰਚ ‘ਤੇ ਪੁੱਜ ਕੇ ਸਨਮਾਨ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਮੰਚ ‘ਤੇ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਸਾਇਣ ਤੇ ਖਾਦਾਂ ਮੰਤਰੀ ਡੀ.ਵੀ. ਸਦਾਨੰਦਾ ਗੌੜਾ ਦੇ ਨਾਂਅ ‘ਤੇ ਲਿਖੀ ਚਿੱਠੀ ਸੌਂਪੀ।

ਡਾ. ਵਰਿੰਦਰਪਾਲ ਸਿੰਘ ਨੂੰ ਭਾਰਤੀ ਖਾਦ ਸੰਸਥਾ ਨੇ ਭੂਮੀ ਵਿਗਿਆਨ ਵਿਚ ਉਤਮ ਖੋਜ ਲਈ 1 ਲੱਖ ਰੁਪਏ ਦੇ ਇਨਾਮ ਅਤੇ ਸੋਨੇ ਦੇ ਤਗਮੇ ਨਾਲ ਨਿਵਾਜਣ ਲਈ ਦਿੱਲੀ ਵਿਖੇ ਸੱਦਾ ਦਿੱਤਾ ਸੀ। ਇਹ ਪੁਰਸਕਾਰ ਡਾ. ਵਰਿੰਦਰਪਾਲ ਸਿੰਘ ਦੀ ਟੀਮ ਵਲੋਂ ਘੱਟ ਤੋਂ ਘੱਟ ਯੂਰੀਆ ਖਾਦ ਦੀ ਵਰਤੋਂ ਨਾਲ ਪੂਰੇ ਝਾੜ ਪ੍ਰਾਪਤ ਕਰਨ ਲਈ ਤਿਆਰ ਕੀਤੀ ‘ਪੱਤਾ ਰੰਗ ਚਾਰਟ ਵਿਧੀ’ ਦੇ ਸਨਮਾਨ ਵਜੋਂ ਦਿੱਤਾ ਜਾਣਾ ਸੀ। ਡਾ. ਵਰਿੰਦਰਪਾਲ ਸਿੰਘ ਨੇ ਮੰਚ ਉਪਰ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਸਨਮਾਨ ਪ੍ਰਾਪਤ ਕਰਨ ਲਈ ਨਾਂਹ ਕਰ ਦਿੱਤੀ। ਡਾ. ਵਰਿੰਦਰਪਾਲ ਸਿੰਘ ਨੇ ਕਿਹ ਕਿ ਨਿਮਰਤਾ ਅਤੇ ਦ੍ਰਿੜ੍ਹਤਾ ਨਾਲ ਪ੍ਰਧਾਨ ਮੰਤਰੀ ਨੂੰ ਲਿਖੇ ਖ਼ਤ ‘ਚ ਮੈਂ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਦੇਸ਼ ਵਾਸੀ ਕਿਸੇ ਵੀ ਪ੍ਰਸਤਾਵ ਨੂੰ ਪ੍ਰਵਾਨ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਦੇਸ਼ ਲਈ ਸੰਕਟ ਦੇ ਇਸ ਸਮੇਂ ਜਦੋਂ ਸਾਡੇ ਕਿਸਾਨ ਸੜਕਾਂ ਤੇ ਹਨ, ਮੇਰੀ ਜ਼ਮੀਰ ਮੈਨੂੰ ਇਹ ਅਵਾਰਡ ਲੈਣ ਲੲ ਇਜਾਜ਼ਤ ਨਹੀਂ ਦਿੰਦੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਅਸੀਂ ਦੇਸ਼ ਲਈ ਮਿਲ ਕੇ ਕੰਮ ਕਰੀਏ ਅਤੇ ਸਰਕਾਰ ਸਾਡੇ ਪਿਆਰੇ ਕਿਸਾਨਾਂ ਦੀ ਗੱਲ ਸੁਣੇ। ਮੈਂ ਜੋ ਕੰਮ ਕੀਤਾ ਉਹ ਸਿਰਫ ਕਿਸਾਨਾਂ ਲਈ ਹੈ, ਇਸ ਲਈ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਸਮੇਂ ਜੇ ਮੈਨੂੰ ਇਹ ਐਵਾਰਡ ਮਿਲਦਾ ਹੈ ਤਾਂ ਮੈਂ ਦੋਸ਼ੀ ਹੋਵਾਂਗਾ। ਪਰ ਮੈਂ ਰਸਾਇਣਕ ਅਤੇ ਖਾਦ ਅਤੇ ਡਾਇਰੈਕਟਰ-ਜਨਰਲ ਐਫ.ਆਈ. ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਤਾਂ ਕਿਰਪਾ ਕਰਕੇ ਮੈਨੂ ਮੁਆਫ ਕਰੋ।”

  • 84
  •  
  •  
  •  
  •