ਗੱਲਬਾਤ ਕਰਨ ਲਈ ਤਿਆਰ ਪਰ ਕਾਨੂੰਨ ਰੱਦ ਕਰਨ ਦੀ ਮੰਗ ‘ਤੇ ਕਾਇਮ: ਕਿਸਾਨ ਆਗੂ

ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜਨ ਲਈ ਦਿੱਲੀ ਧਰਨੇ ‘ਤੇ ਬੈਠੇ ਪੰਜਾਬ ਦੀਆਂ 30 ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਸ਼ੁੱਕਰਵਾਰ ਗੱਲਬਾਤ ਲਈ ਕੇਂਦਰੀ ਮੰਤਰੀਆਂ ਵੱਲੋਂ ਫੋਨ ਕੀਤਾ ਗਿਆ ਹੈ। ਪੰਜਾਬ ਦੇ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਗੱਲਬਾਤ, ਮੀਟਿੰਗ ਤੋਂ ਪਿੱਛੇ ਨਹੀਂ ਹਟਦੇ ਤੇ ਉਹ ਕਾਨੂੰਨ ਰੱਦ ਕਰਨ ਦੀ ਇੱਕੋ ਮੰਗ ‘ਤੇ ਕਾਇਮ ਹਨ।

ਓਧਰ ਸ਼ੁੱਕਰਵਾਰ ਕਿਸਾਨ ਆਗੂਆਂ ਨੇ ਆਪਣੀ ਮੀਟਿੰਗ ਕਰ ਕੇ ਅੱਜ ਦੇਸ਼ ‘ਚ ਟੋਲ ਪਲਾਜ਼ਿਆਂ ‘ਤੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਰਣਨੀਤੀ ਬਣਾਈ। ਸੂਤਰ ਦੱਸਦੇ ਹਨ ਕਿ ਕਿਸਾਨ ਆਗੂਆਂ ਨੇ ਆਗਰਾ, ਜੈਪੁਰ ਹਾਈਵੇ ਜਾਮ ਕਰਨ, ਟੋਲ ਪਲਾਜ਼ਿਆਂ ਤੇ 14 ਦਸੰਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਨੂੰ ਲੈ ਕੇ ਵਿਉਂਤਬੰਦੀ ਬਣਾਈ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਕੇ ਕਿਸਾਨ ਕਮੇਟੀ ਦੇ ਵੱਡਾ ਕਾਫ਼ਲਾ ਦਿੱਲੀ ਤੁਰਿਆ

ਅੰਮ੍ਰਿਤਸਰ – ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਕਾਫ਼ਲਾ ਇੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। ਕਿਸਾਨਾਂ ਨੇ ਦਿੱਲੀ ਵੱਲ ਰਵਾਨਾ ਹੋਣ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਅਕਾਲ ਤਖ਼ਤ ਵਿਖੇ ਰਵਾਨਗੀ ਸਬੰਧੀ ਅਰਦਾਸ ਕੀਤੀ।

ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦਾ ਇਹ ਕਾਫ਼ਲਾ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਵਿੱਚ ਗੋਲਡਨ ਗੇਟ ਤੋਂ ਰਵਾਨਾ ਹੋਇਆ ਹੈ। ਕਾਫਲੇ ਵਿਚ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਜਥੇ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲਗਪਗ 50 ਹਜ਼ਾਰ ਤੋਂ ਵੱਧ ਕਿਸਾਨਾਂ ਦਾ ਇਹ ਕਾਫ਼ਲਾ ਦਿੱਲੀ ਪੁੱਜੇਗਾ। ਉਨ੍ਹਾਂ ਦੀ ਜਥੇਬੰਦੀ ਨਾਲ ਸਬੰਧਤ ਕਿਸਾਨ ਪਹਿਲਾਂ ਵੀ ਦਿੱਲੀ ਨੇੜੇ ਕੁੰਡਲੀ ਬਾਰਡਰ ਵਿਖੇ ਪੁੱਜੇ ਹੋਏ ਹਨ।

  • 493
  •  
  •  
  •  
  •