ਆਰਐੱਸਐੱਸ ਨਾਲ ਜੁੜੀ ਰਾਸ਼ਟਰੀ ਸਿੱਖ ਸੰਗਤ ਲੜ ਸਕਦੀ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ

ਚੰਡੀਗੜ੍ਹ: (ਇੰਦਰਪ੍ਰੀਤ ਸਿੰਘ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਹੋਣ ਵਾਲੀਆਂ ਚੋਣਾਂ ‘ਚ ਰਾਸ਼ਟਰੀ ਸਵੈਸੇਵਕ ਸੰਘ (RSS) ਨਾਲ ਜੁੜੀ ਰਾਸ਼ਟਰੀ ਸਿੱਖ ਸੰਗਤ ਵੀ ਹਿੱਸਾ ਲੈਣਾ ਚਾਹੁੰਦੀ ਹੈ। ਜਨਵਰੀ ਮਹੀਨੇ ‘ਚ ਰਾਸ਼ਟਰੀ ਸਿੱਖ ਸੰਗਤ ਦੀ ਕੋਰ ਕਮੇਟੀ ਦੀ ਹੋਣ ਵਾਲੀ ਬੈਠਕ ‘ਚ ਇਸ ਬਾਰੇ ਕੋਈ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਸੰਗਠਨ ਦੇ ਰਾਸ਼ਟਰੀ ਜਨਰਲ ਸਕੱਤਰ ਰਘੁਬੀਰ ਸਿੰਘ ਨੇ ਕਿਹਾ ਕਿ ਕੋਰ ਕਮੇਟੀ ਦੀ ਬੈਠਕ ‘ਚ ਸਹਿਜਧਾਰੀਆਂ ਨੂੰ ਐੱਸਜੀਪੀਸੀ ਦੀਆਂ ਚੋਣਾਂ ‘ਚ ਵੋਟ ਪਾਉਣ ਦੇ ਅਧਿਕਾਰ ਦਿੱਤੇ ਜਾਣ ਸਬੰਧੀ ਵੀ ਚਰਚਾ ਹੋਵੇਗੀ। ਰਾਸ਼ਟਰੀ ਸਿੱਖ ਸੰਗਤ ਨੇ ਪੰਜਾਬ ਦੀਆਂ ਸਾਰੇ ਪਿੰਡਾਂ ‘ਚ ਸੰਗਠਨ ਦੀਆਂ ਇਕਾਈਆਂ ਗਠਿਤ ਕਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ‘ਚ 22 ਨਵੰਬਰ ਨੂੰ ਹੋਈ ਬੈਠਕ ‘ਚ ਐੱਸਜੀਪੀਸੀ ਦੀਆਂ ਚੋਣਾਂ ਤੋਂ ਲੈ ਕੇ ਪਿੰਡ ਪੱਧਰ ‘ਤੇ ਸੰਗਠਨ ਤਿਆਰ ਕੀਤੇ ਜਾਣ ‘ਤੇ ਵੀ ਵਿਚਾਰ ਕੀਤਾ ਗਿਆ। ਇਸ ਬੈਠਕ ‘ਚ ਵੱਖ-ਵੱਖ ਸਿੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਵੀ ਲਿਆ ਸੀ। ਸਿੱਖ ਸੰਗਠਨਾਂ ਦੇ ਪ੍ਰਤੀਨਿੱਧੀਆਂ ਨੇ ਰਾਸ਼ਟਰੀ ਸਿੱਖ ਸੰਗਤ ਦੇ ਨੇਤਾਵਾਂ ਨੂੰ ਐੱਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਕੋਈ ਗਠਜੋੜ ਤਿਆਰ ਕਰਨ ‘ਤੇ ਵੀ ਚਰਚਾ ਕੀਤੀ।

ਰਾਸ਼ਟਰੀ ਸਿੱਖ ਸੰਗਤ ਵੱਲੋਂ ਵਧਾਈਆਂ ਗਈਆਂ ਸਰਗਰਮੀਆਂ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਇਸ ਵਾਰ ਨਵੇਂ ਸਮੀਕਰਨ ਵੇਖਣ ਨੂੰ ਮਿਲਣਗੇ। ਅਕਾਲੀ ਦਲ ਤੇ ਭਾਜਪਾ ਦੇ ਵਿਚ ਗਠਜੋੜ ਟੁੱਟਣ ਦੇ ਲੰਮੇ ਸਮੇਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਹ ਚੋਣਾਂ ਹੋਣਗੀਆਂ, ਹਾਲਾਂਕਿ ਆਰਐੱਸਐੱਸ ਦੀ ਰਾਸ਼ਟਰੀ ਸਿੱਖ ਸੰਗਤ ਕਦੇ ਵੀ ਐੱਸਜੀਪੀਸੀ ਚੋਣਾਂ ‘ਚ ਨਹੀਂ ਉੱਤਰੀ ਹੈ ਪਰ ਭਾਜਪਾ ਦਾ ਗਠਜੋੜ ਹੋਣ ਕਾਰਨ ਉਹ ਅਕਾਲੀ ਦਲ ਦੀ ਹੀ ਹਮਾਇਤ ਕਰਦੀ ਰਹੀ ਹੈ।

ਪਿਛਲੇ ਕਈ ਸਾਲਾਂ ਤੋਂ ਐੱਸਜੀਪੀਸੀ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਇਸ ਵਾਰ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ‘ਚ ਕਈ ਤਰ੍ਹਾਂ ਦੀ ਫੁੱਟ ਪੈ ਗਈ ਹੈ, ਪਾਰਟੀ ਸੱਤਾ ਤੋਂ ਵੀ ਬਾਹਰ ਹੋ ਗਈ ਹੈ ਤੇ ਭਾਜਪਾ ਨਾਲੋਂ ਗਠਜੋੜ ਵੀ ਟੁੱਟ ਚੁੱਕਾ ਹੈ। ਅਜਿਹੇ ‘ਚ ਐੱਸਜੀਪੀਸੀ ਦੀਆਂ ਚੋਣਾਂ ‘ਚ ਨਵੇਂ ਸਮੀਕਰਨ ਵੇਖਣ ਨੂੰ ਮਿਲਣੇ ਸੁਭਾਵਿਕ ਹਨ।

  •  
  •  
  •  
  •  
  •