ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਖਿਮਾ ਦਾ ਜਾਚਕ ਹਾਂ: ਰਾਜੇਵਾਲ

ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਸੰਬੋਧਨ ਕਰਦਿਆਂ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਉਸ ਭਾਸ਼ਣ ਨੇ ਨਵੀਂ ਬਹਿਸ ਛੇੜ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਕਿਸਾਨਾਂ ਦੇ ਧਰਨੇ ਵਾਲੀ ਥਾਂ ‘ਤੇ ਨਿਸ਼ਾਨ ਸਾਹਿਬ ਲਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ ਤੇ ਨਿਹੰਗ ਸਿੰਘਾਂ ਨੂੰ ਵੀ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਪਣੀ ਛਾਉਣੀ ਪੁੱਟ ਕੇ ਕਿਸੇ ਹੋਰ ਖੁੱਲ੍ਹੀ ਥਾਂ ਚਲੇ ਜਾਣਾ ਚਾਹੀਦਾ ਹੈ। ਇਸੇ ਦੌਰਾਨ ਬੀਤੀ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ। ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਮੈਂ ਖਿਮਾ ਦਾ ਜਾਚਕ ਹਾਂ।

ਖ਼ਾਲਸਈ ਨਿਸ਼ਾਨ ਸਾਹਿਬ ਪ੍ਰਤੀ ਸਰਕਾਰੀ ਤੰਗ ਦਿਲੀ ਨੂੰ ਨਕਾਰ ਅੱਗੇ ਵਧੀਏ: ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸੰਕਲਪ ਨੂੰ ਸਮਰਪਿਤ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਕਿਸਾਨ ਆਗੂ ਸ: ਬਲਬੀਰ ਸਿੰਘ ਰਾਜੇਵਾਲ ਵਲੋਂ ਮੰਚ ਤੋਂ ਕੀਤੀ ਵਿਸ਼ੇਸ਼ ਅਪੀਲ ਉਪਰੰਤ ਛਿੜੇ ਵਿਵਾਦ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਿਸਾਨ ਆਗੂ ਅਤੇ ਲੋਕ ਆਪਸੀ ਸਹਿਚਾਰ ਤੇ ਸਾਂਝ ਨੂੰ ਪਹਿਲ ਦੇਣ।

ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਕੌਮਾਂਤਰੀ ਲੋਕ ਅੰਦੋਲਨ ਦਾ ਰੂਪ ਧਾਰ ਕਰ ਚੁੱਕਾ ਹੋਇਆ ਹੈ। ਜਿਸ ਵਿਚ ਹਰ ਧਰਮ, ਭਾਸ਼ਾ, ਲਿੰਗ, ਖੇਤਰ ਅਤੇ ਸੱਭਿਆਚਾਰ ਦੇ ਲੋਕ ਸ਼ਾਮਲ ਹਨ। ਸਭ ਲੋਕ ਦੇਸ਼ ਦੇ ਨਾਗਰਿਕ ਹਨ, ਵੋਟਰ ਹਨ ਅਤੇ ਸੰਵਿਧਾਨਕ ਦਾਇਰੇ ਵਿਚ ਵਿਚਰਦੇ ਹਨ। ਆਪੋ ਆਪਣੀ ਆਸਥਾ ਅਤੇ ਸੰਘਰਸ਼ੀ ਖੇਤਰ ਨਾਲ ਜੁੜੇ ਚਿੰਨ੍ਹ ਅਤੇ ਲਾਲ, ਹਰੇ, ਪੀਲੇ ਤੇ ਕਾਲੇ ਝੰਡੇ ਲੈ ਕੇ ਅੰਦੋਲਨ ਵਿਚ ਰੰਗ ਭਰ ਰਹੇ ਹਨ। ਜੇਕਰ ਕੇਂਦਰੀ ਸਰਕਾਰ ਨੂੰ ਖ਼ਾਲਸਈ ਨਿਸ਼ਾਨ ਸਾਹਿਬ ਦੇਖ ਕੇ ਕੋਈ ਭਰਮ ਭੁਲੇਖਾ ਪੈਂਦਾ ਹੈ ਤਾਂ ਇਹ ਉਸ ਦੀ ਤੰਗ ਦਿਲੀ ਹੈ। ਅਜਿਹੀ ਸਰਕਾਰੀ ਸੌੜੀ ਸੋਚ ਨੂੰ ਕੋਈ ਵੀ ਇਨਸਾਫ਼-ਪਸੰਦ ਲੋਕ ਮਾਨਤਾ ਨਹੀਂ ਦੇ ਸਕਦੇ।

ਪੰਥਕ ਤਾਲਮੇਲ ਸੰਗਠਨ ਅਪੀਲ ਕਰਦਾ ਹੈ ਕਿ ਇਸ ਲੋਕ ਅੰਦੋਲਨ ਦੀ ਸਫ਼ਲਤਾ ਲਈ ਜਿੱਥੇ ਸਭ ਨੂੰ ਸਵੈ-ਜ਼ਾਬਤਾ ਬਣਾਈ ਰੱਖਣ ਦੀ ਲੋੜ ਹੈ ਉੱਥੇ ਕੌਮੀ ਕਿਸਾਨ ਆਗੂ ਵੀ ਲੋਕਾਂ ਦੇ ਸਬਰ ਸਿਦਕ ’ਤੇ ਮਾਣ ਕਰਦਿਆਂ ਪੂਰੀ ਨਿਡਰਤਾ ਨਾਲ ਅੱਗੇ ਵਧਣ।

  • 2.4K
  •  
  •  
  •  
  •