ਭਾਜਪਾ ਹੀ ਦੇਸ਼ ’ਚ ਅਸਲ ‘ਟੁਕੜੇ ਟੁਕੜੇ ਗੈਂਗ’: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਹੀ ਦੇਸ਼ ਵਿਚ ਅਸਲ ‘ਟੁਕੜੇ ਟੁਕੜੇ’ ਗਿਰੋਹ ਹੈ ਤੇ ਇਹ ਦੇਸ਼ ਵਿਚ ਇਕ ਭਾਈਚਾਰੇ ਨੁੰ ਦੂਜੇ ਖਿਲਾਫ ਕਰ ਕੇ ਦੇਸ਼ ਨੂੰ ਟੁਕੜਿਆਂ ਵਿਚ ਵੰਡਣਾ ਚਾਹੁੰਦੀ ਹੈ। ਇਸਦੀ ਸੱਤਾ ਲਈ ਲਾਲਸਾ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਫਿਰਕੂ ਧਰੁਵੀਕਰਨ ਦਾ ਰਾਹ ਫੜਨ ਅਤੇ ਦੇਸ਼ ਨੂੰ ਫਿਰਕੂ ਅੱਗ ਵਿਚ ਝੋਕਣ ਵਿਚ ਕੋਈ ਹਿਚਕਿਚਾਹਟ ਨਹੀਂ ਹੈ।

ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਲਈ ਆਪਣੇ ਹੰਕਾਰੀ ਰਵੱਈਏ ਤੋਂ ਉਪਰ ਉੱਠ ਕੇ ਅੰਨਦਾਤੇ ਦੀ ਪੁਕਾਰ ਸੁਣਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਵਾਲਿਆਂ ਨੇ ਕਦੇ ਵੀ ਜ਼ਿੰਦਗੀ ‘ਚ ਖੇਤੀ ਨਹੀਂ ਕੀਤੀ ਅਤੇ ਉਹ ਖੇਤੀਬਾੜੀ ਦੀਆਂ ਅਸਲੀ ਹਕੀਕਤਾਂ ਤੋਂ ਅਣਜਾਣ ਹਨ। ਕੇਂਦਰ ਦੀ ਮੋਦੀ ਸਰਕਾਰ ਕੇਵਲ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਚੱਲ ਰਹੀ ਹੈ।

ਸੁਖਬੀਰ ਨੇ ਭਾਜਪਾ ‘ਤੇ ਤਿੱਖ਼ਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਇਹ ਹੁਣ ਦੇਸ਼ ਅਤੇ ਸੂਬੇ ਨੂੰ ਧਰਮ ਦੇ ਨਾਂਅ ‘ਤੇ ਪਾੜਣ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਵੀ ਉਨ੍ਹਾਂ ਦੀ ਭਾਜਪਾ ਸਰਕਾਰ ਦੇ ਹੱਕ ਵਿਚ ਹੁੰਦਾ, ਉਸ ਨੂੰ ਦੇਸ਼ ਭਗਤ ਦਾ ਦਰਜਾ ਦਿੱਤਾ ਜਾਂਦਾ ਹੈ। ਜੋ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਇਹ ਟੁਕੜੇ-ਟੁਕੜੇ ਗੈਂਗ ਕਹਿੰਦੇ ਹਨ। ਜਦਕਿ ਸਹੀ ਮਾਇਨਿਆਂ ਵਿਚ ਭਾਜਪਾ ਟੁਕੜੇ ਟੁਕੜੇ ਗੈਂਗ ਹੈ, ਜਿਸ ਨੇ ਪਹਿਲਾਂ ਹਿੰਦੂ ਅਤੇ ਮੁਸਲਮਾਨਾਂ ਦੇ ਰਿਸ਼ਤੇ ਟੁਕੜੇ-ਟੁਕੜੇ ਕੀਤੇ, ਹੁਣ ਜਾਣ ਬੁੱਝ ਕੇ ਪ੍ਰਚਾਰ ਕਰਕੇ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਿ ਪੰਜਾਬ ਵਿਚੋਂ ਭਾਈਚਾਰਕ ਸਾਂਝ ਖ਼ਤਮ ਹੋਵੇ। ਰਾਜੇਵਾਲ ਵਿਵਾਦ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹੋ ਜਿਹੀਆਂ ਗੱਲਾਂ ਸਟੇਜਾਂ ‘ਤੇ ਨਹੀਂ ਕਰਨੀਆਂ ਚਾਹੀਦੀਆਂ।

  • 121
  •  
  •  
  •  
  •