ਮਨੁੱਖੀ ਆਜ਼ਾਦੀ ਸੂਚੀ ‘ਚ ਭਾਰਤ 111ਵੇਂ ਸਥਾਨ ’ਤੇ ਗਿਆ

ਭਾਰਤ ਵੱਲੋਂ ਅਕਸਰ ਲੋਕਤੰਤਰ ਦਾ ਥੰਮ ਹੋਣ ਅਤੇ ਮਨੁੱਖੀ ਆਜ਼ਾਦੀ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਇਹ ਦਾਅਵੇ ਕਿੰਨੇ ਕੁ ਵਾਜ਼ਿਬ ਹੁੰਦੇ ਹਨ, ਇਸ ਦਾ ਖੁਲਾਸਾ ਅੰਤਰਾਸ਼ਟਰੀ ਅਧਿਐਨ ਸੰਸਥਾਵਾਂ ਕਰਦੀਆਂ ਹਨ। ਭਾਰਤ ਵਿਚ ਵੀ ਅਕਸਰ ਜਨਤਾ ਦੀ ਆਜ਼ਾਦੀ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ।

ਇਸ ਦੇ ਦਰਮਿਆਨ ਇੱਕ ਗਲੋਬਲ ਰੈਂਕਿੰਗ ਸਾਹਮਣੇ ਆਈ ਹੈ, ਜਿਸ ਵਿੱਚ ਭਾਰਤ ਦਾ 111ਵਾਂ ਸਥਾਨ ਹੈ। ਦੁਨੀਆ ’ਚ ਸਭ ਤੋਂ ਵੱਧ ਆਜ਼ਾਦੀ ਨਿਊਜ਼ੀਲੈਂਡ ਵਿਚ ਹੈ। ਦੂਜੇ ਸਥਾਨ ’ਤੇ ਸਵਿਟਜ਼ਰਲੈਂਡ, ਤੀਜੇ ’ਤੇ ਹਾਂਗਕਾਂਗ, ਚੌਥੇ ’ਤੇ ਡੈਨਮਾਰਕ ਤੇ 5ਵੇਂ ਸਥਾਨ ਉੱਤੇ ਆਸਟ੍ਰੇਲੀਆ ਹੈ।

ਕੈਨੇਡਾ ਦੇ ਫ਼੍ਰੇਜ਼ਰ ਇੰਸਟੀਚਿਊਟ ਤੇ ਅਮਰੀਕਾ ਦੇ ਕੈਟੋ ਇੰਸਟੀਚਿਊਟ ਨੇ ਮਿਲ ਕੇ ਮਨੁੱਖੀ ਆਜ਼ਾਦੀ ਦਾ ਇੱਕ ਸੂਚਕ ਅੰਕ ਜਾਰੀ ਕੀਤਾ ਹੈ। ਜਿਸ ਵਿੱਚ 162 ਦੇਸ਼ਾਂ ਨੂੰ ਉਨ੍ਹਾਂ ਦੇ ਨਾਗਰਿਕਾਂ ਨੂੰ ਮਿਲ ਰਹੀ ਆਜ਼ਾਦੀ ਦੇ ਆਧਾਰ ਉੱਤੇ ਰੈਂਕ ਦਿੱਤਾ ਗਿਆ ਹੈ। ਇਸ ਰੈਂਕਿੰਗ ਨੂੰ ਤੈਅ ਕਰਨ ਲਈ ਸਾਲ 2008 ਤੋਂ ਲੈ ਕੇ 2018 ਤੱਕ ਦਾ ਡਾਟਾ ਵਰਤਿਆ ਗਿਆ ਹੈ। ਇਹ ਰੈਂਕਿੰਗ ਲੋਕਾਂ ਦੀ ਆਜ਼ਾਦੀ ਦੇ ਨਾਲ-ਨਾਲ ਵਿਅਕਤੀਗਤ, ਸ਼ਹਿਰੀ ਤੇ ਆਰਥਿਕ ਆਜ਼ਾਦੀ ਸਮੇਤ ਅਜਿਹੇ 76 ਤੱਥਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਹੈ।

ਭਾਰਤ ਨੂੰ ਕੁੱਲ ਮਿਲਾ ਕੇ 111ਵਾਂ ਸਥਾਨ ਮਿਲਿਆ ਹੈ ਤੇ ਨਿੱਜੀ ਆਜ਼ਾਦੀ ਦੇ ਮਾਮਲੇ ’ਚ ਦੇਸ਼ ਦਾ ਸਥਾਨ 110ਵਾਂ ਹੈ। ਆਰਥਿਕ ਆਜ਼ਾਦੀ ਦੇ ਮਾਮਲੇ ’ਚ 105ਵਾਂ ਸਥਾਨ ਹੈ। ਭਾਰਤ ਦੇ ਗੁਆਂਢੀ ਦੇਸ਼ ਚੀਨ ਦੀ ਰੈਂਕਿੰਗ 129 ਹੈ; ਜਦਕਿ ਬੰਗਲਾਦੇਸ਼ 139ਵੇਂ ਤੇ ਪਾਕਿਸਤਾਨ 140ਵੇਂ ਸਥਾਨ ’ਤੇ ਹੈ।

  • 51
  •  
  •  
  •  
  •