ਕੇਂਦਰ ਦੀਆਂ ਸਰਕਾਰਾਂ ਤੋਂ ਸਿੱਖਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ: ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਅਣਦੇਖੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਕੇਂਦਰ ਦੀਆਂ ਸਰਕਾਰਾਂ ਨੇ ਦੱਬੇ ਕੁਚਲੇ ਸਮਾਜ ਨਾਲ ਹਮੇਸ਼ਾ ਅਨਿਆਂ ਕੀਤਾ ਹੈ।

ਅੱਜ ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਸਾਨ ਸੰਘਰਸ਼ ਬਾਰੇ ਕੇਂਦਰ ਸਰਕਾਰ ਦੇ ਰਵੱਈਏ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਹੈ ਕਿ ਇਸ ਸਮੇਂ ਪੂਰੀ ਦੁਨੀਆ ਸਰਦੀਆਂ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਸੌਂ ਰਹੇ ਕਿਸਾਨਾਂ ਕਾਰਨ ਸੰਵੇਦਨਸ਼ੀਲ ਹੈ, ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਠੰਢ ਤੇ ਹਾਦਸਿਆਂ ਨਾਲ ਕਿਸਾਨਾਂ ਦੀ ਮੌਤ ਹੋ ਰਹੀ ਹੈ ਜੋ ਦੁਖਦਾਈ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰਵੱਈਏ ਨੂੰ ਵੇਖ ਪੁਰਾਣੀਆਂ ਸਰਕਾਰਾਂ ਦੀ ਯਾਦ ਆ ਰਹੀ ਹੈ। ਦਿੱਲੀ ‘ਤੇ ਚਾਹੇ ਕੋਈ ਵੀ ਕਾਬਜ਼ ਹੋਏ ਸਿੱਖਾਂ ਨੂੰ ਇਨਸਾਫ ਕਦੇ ਨਹੀਂ ਮਿਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਹਿਮ ਮਿਸਾਲ ਹੈ ਜਦੋਂ ਜੁਲਮ ਦੀ ਇੰਤਾ ਸੀ ਤਾਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ।

ਉਨ੍ਹਾਂ ਆਖਿਆ ਕਿ ਪੂਰੀ ਦੁਨੀਆ ’ਚ ਵਸਦੇ ਸਿੱਖ ਉਨ੍ਹਾਂ ਦੀ ਮਨੁੱਖਤਾ ਨੂੰ ਦਿੱਤੀ ਦੇਣ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਦੀ ਸ਼ਹਾਦਤ ਜਬਰ ਜ਼ੁਲਮ ਦੇ ਖ਼ਿਲਾਫ਼ ਲੜਨ ਵਾਸਤੇ ਵੱਡੀ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਆਖਿਆ ਕਿ ਅੱਜ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫ਼ਾ ਸਾਰੀਆਂ ਸਮੱਸਿਆਵਾਂ ਦਾ ਹੱਲ ਦੱਸਦਾ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਇਸ ਫਲਸਫੇ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਹੋਰਨਾਂ ਨੂੰ ਜਾਣੂ ਕਰਵਾਉਣ।

  •  
  •  
  •  
  •  
  •