ਕਿਲ੍ਹਾ ਅਨੰਦਪੁਰ ਸਾਹਿਬ ਛੱਡਣ ਦੀ ਦਾਸਤਾਨ

ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ ਹਜਾਰਾਂ ਸਿੰਘਾਂ ਨੇ ਆਪਣੀ ਜਾਨ ਤੇ ਖੇਡਦੇ ਹੋਏ ਇੱਕ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ ਸੀ। ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਅਦੁੱਤੀ ਸ਼ਹਾਦਤਾਂ ਦੀ ਦਾਸਤਾਨ ਕਿਤੇ ਵੀ ਨਹੀਂ ਮਿਲਦੀ। ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਚ ਵੈਰੀਆਂ ਦੇ ਆਹੂ ਲਾਹੁੰਦੇ ਹੋਏ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਉਸ ਵੇਲੇ ਦੀ ਮੁਗਲ ਹਕੂਮਤ ਨੇ ਨੀਹਾਂ ਚ ਚਿਣਵਾ ਕੇ ਸ਼ਹੀਦ ਕਰ ਦਿਤਾ ਅਤੇ ਮਾਤਾ ਗੁਜਰੀ ਜੀ ਵੀ ਸ਼ਹਾਦਤ ਦਾ ਜਾਮ ਪੀ ਗਏ। ਪਰ ਗੁਰੂ ਜੀ ਨੇ ਇਸ ਨੂੰ ਅਕਾਲ ਪੁਰਖ ਦਾ ਮਿੱਠਾ ਭਾਣਾ ਹੀ ਮੰਨਿਆ ਜੋ ਕਿ ਦੁਨੀਆ ਲਈ ਕੁਰਬਾਨੀ ਦੀ ਇਕ ਮਿਸਾਲ ਬਣਿਆ।

ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਲੜੀਆਂ ਗਈਆਂ ਜੰਗਾਂ ਵਿਚ ਚਮਕੌਰ ਸਾਹਿਬ ਦੀ ਜੰਗ ਸੰਸਾਰ ਦੀ ਅਸਾਵੀਂ ਤੇ ਅਨੋਖੀ ਜੰਗ ਮੰਨੀ ਜਾਂਦੀ ਹੈ। ਇਸ ਜੰਗ ਦੀ ਪਿੱਠ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੁੰਦੀ ਹੈ। ਜਿਸ ਦੀ ਸ਼ੁਰੂਆਤ 6 ਅਤੇ 7 ਪੋਹ 1704 ਤੋਂ ਹੋਈ, ਜਦੋਂ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਹਕੂਮਤ ਦੇ ਰਾਜਸੀ ਪੈਂਤੜਿਆਂ ਦਾ ਇਲਮ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਅਨੰਦਗੜ੍ਹ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਹਮੇਸ਼ਾ ਲਈ ਤਿਆਗ ਦਿੱਤਾ। ਇਤਿਹਾਸ ਦਾ ਇਹ ਰੌਚਿਕ ਪੰਨਾ ਹੈ ਕਿ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 9 ਸਾਲਾਂ ਦੀ ਉਮਰ ’ਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਪ੍ਰਾਪਤ ਕਰਨ ਲਈ ਦਿੱਲੀ ਭੇਜ ਚੁੱਕੇ ਸਨ। ਇਸ ਸ਼ਹਾਦਤ ਨਾਲ ਗੁਰੂ ਜੀ ਨੂੰ ਮੁਗਲ ਹਕੂਮਤ ਦੀ ਕੱਟੜਪੰਥੀ ਨੀਤੀ ਦਾ ਪੂਰਨ ਰੂਪ ’ਚ ਅਹਿਸਾਸ ਹੋ ਚੁਕਾ ਸੀ। ਗੁਰੂ ਜੀ ਨੇ 1699 ਦੀ ਵਿਸਾਖੀ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਨਿਡਰ ਸਿੰਘਾਂ ਦੀ ਫੌਜ ਤਿਆਰ ਕੀਤੀ। ਕਿਉਂਕਿ ਮਗਲ ਫੌਜਾਂ ਦੇ ਸਿਪਾਹੀਆਂ ‘ਚ ਗੁਰੂ ਦੇ ਸਿੰਘਾਂ ਜਿਨਾ ਜੋਸ਼ ਨਹੀਂ ਸੀ ਤੇ ਇਹ ਗੱਲ ਜਲਦ ਹੀ ਦੁਸ਼ਮਣ ਸਿਪਾਹੀਆਂ ਨੂੰ ਸਮਝ ਆ ਗਈ ਸੀ। ਜਿਸ ਲਈ ਉਨ੍ਹਾਂ ਨੇ ਜੰਗ ਤੋਂ ਪਿਛੇ ਹੱਟ ਕੇ ਕਿਲਾ ਅਨੰਦਪੁਰ ਸਾਹਿਬ ਨੂੰ ਚੁਫੇਰਿਓਂ ਘੇਰਾ ਪਾ ਲਿਆ।

ਹਮਲਾਵਰਾਂ ਵੱਲੋਂ ਅਨੰਦਪੁਰ ਸਾਹਿਬ ਦਾ ਮੁਕੰਮਲ ਘੇਰਾ ਪਾਇਆ ਗਿਆ ਜੋ ਕਈ ਮਹੀਨੇ ਚਲਦਾ ਗਿਆ। ਬਾਹਰੋਂ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ। ਸਿੰਘ ਬਹਾਦਰੀ ਨਾਲ ਡਟ ਕੇ ਮੁਕਾਬਲਾ ਕਰਦੇ ਗਏ। ਸ੍ਰੀ ਅਨੰਦਪੁਰ ਸਾਹਿਬ ਦੀ ਲੰਬੀ ਲੜਾਈ ਵਿਚ ਮੁਗਲ ਫੌਜਾਂ ਦੀ ਸਖਤ ਘੇਰਾਬੰਦੀ ਹੋਣ ਕਰਕੇ ਤੇ ਨਿੱਤ ਦੀ ਲੜਾਈ ਨਾਲ ਖਾਲਸਾ ਫੌਜਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਸੀ। ਅਨਾਜ ਪਾਣੀ ਦੇ ਭੰਡਾਰ ਖਤਮ ਹੋਣ ਨੂੰ ਆ ਗਏ। ਪਾਲਤੂ-ਪਸ਼ੂਆਂ, ਘੋੜਿਆਂ ਲਈ ਚਾਰੇ ਦੀ ਭਾਰੀ ਕਿੱਲਤ ਆ ਗਈ, ਇਥੋਂ ਤਕ ਕਿ ਜਿਹੜੇ ਸੂਏ ਦਾ ਪਾਣੀ ਕਿਲੇ ਨੂੰ ਜਾਂਦਾ ਸੀ ਮੁਗਲ ਫੌਜਾਂ ਨੇ ਉਸ ਦਾ ਵੀ ਵੀ ਰੁਖ ਬਦਲ ਦਿਤਾ। ਬਹੁਤ ਸਾਰੇ ਬਹਾਦਰ ਸਿੰਘ ਤੇ ਘੋੜੇ ਭੁੱਖ ਦੀ ਭੇਟ ਚੜ੍ਹ ਗਏ। ਸਿਦਕੀ ਸਿੰਘਾਂ ਦੀ ਸਿਦਕ ਸਬੂਰੀ ਦੀ ਪਰਖ ਹੋ ਰਹੀ ਸੀ। ਦੁਸ਼ਮਣ ਦੇ ਵਾਰ-ਵਾਰ ਢੰਡੋਰਾ ਦੇਣ ’ਤੇ ਵੀ ਕਿ ਕੋਈ ਸਿੰਘ ਜੇਕਰ ਖਾਲੀ ਹੱਥ ਜਾਣਾ ਚਾਹੇ ਤਾਂ ਉਸ ਨੂੰ ਜਾਣ ਦਿੱਤਾ ਜਾਵੇਗਾ। ਕੋਈ ਵੀ ਸਿੰਘ ਸਿਦਕ ਤੋਂ ਨਹੀਂ ਡੋਲਿਆ।

ਪਰ ਇਨ੍ਹਾਂ ਸਿੰਘਾਂ ਵਿਚੋਂ ਵੀ ਕੁੱਝ ਸਿੰਘਾਂ ਨੇ, ਜਿਨ੍ਹਾਂ ਦੀ ਗਿਣਤੀ 40 ਦੱਸੀ ਗਈ ਹੈ, ਗੁਰੂ ਤੋਂ ਬੇ-ਮੁਖ ਹੋ ਕੇ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਦਾ ਇਰਾਦਾ ਕਰ ਲਿਆ। ਗੁਰੂ ਜੀ ਦੇ ਸਨਮੁਖ ਪੇਸ਼ ਹੋ ਕੇ ਇਨ੍ਹਾਂ ਸਿੰਘਾਂ ਨੇ ਬੇਨਤੀ ਕੀਤੀ, ‘ਗੁਰਦੇਵ ਅਸੀਂ ਜਾਣਾ ਚਾਹੁੰਦੇ ਹਾਂ।’ ਗੁਰੂ ਸਾਹਿਬ ਨੇ ਕਿਹਾ ਕਿ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਪਰ ਜਾਣ ਦੀ ਨਿਸ਼ਾਨੀ ਕਿ ਅਸੀਂ ਛੱਡ ਕੇ ਜਾ ਰਹੇ ਹਾਂ, ਲਿਖ ਕੇ ਦੇ ਜਾਓ।’ ਸਿੰਘਾਂ ਨੇ ਲਿਖ ਕੇ ਦੇ ਦਿੱਤਾ, ਜਿਸ ਨੂੰ ਬੇ-ਦਾਵਾ ਕਿਹਾ ਗਿਆ ਹੈ। ਇਨ੍ਹਾਂ ਸਿੰਘਾਂ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਘਰਾਂ ਵੱਲ ਨੂੰ ਮੂੰਹ ਕਰ ਲਏ। ਪਰ ਜਿਉਂ-ਜਿਉਂ ਇਹ ਅਨੰਦਪੁਰ ਤੋਂ ਦੂਰ ਹੁੰਦੇ ਗਏ, ਇਨ੍ਹਾਂ ਨੂੰ ਗੁਰੂ-ਵਿਛੋੜੇ ਦੀ ਪੀੜਾ ਤੰਗ ਕਰਨ ਲੱਗ ਪਈ। ਕਈ ਵਾਰ ਪਿਆਰ ਦਾ ਅਹਿਸਾਸ ਵਿਛੋੜੇ ਵਿਚ ਹੀ ਹੁੰਦਾ ਹੈ। ਜਦ ਘਰੀਂ ਪਹੁੰਚੇ ਤਾਂ ਇਨ੍ਹਾਂ ਨੂੰ ਸ਼ਰਮਿੰਦਗੀ ਨੇ ਪੂਰੀ ਤਰ੍ਹਾਂ ਆ ਘੇਰਿਆ, ਪਰ ਹੁਣ ਸਮਾਂ ਲੰਘ ਚੁੱਕਿਆ ਸੀ
ਦੁਸ਼ਮਣ ਦੀ ਫੌਜ਼ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਈ ਅੱਠ ਮਹੀਨੇ ਤੋਂ ਵੱਧ ਹੋ ਗਏ ਸਨ। ਖਾਲਸਾ ਫੌਜ਼ਾਂ ਬੜੇ ਧੀਰਜ ਨਾਲ ਦੁਸ਼ਮਣ ਦਾ ਮੁਕਾਬਲਾ ਕਰ ਰਹੀਆਂ ਸਨ। ਕਿਲ੍ਹੇ ਵਿਚੋਂ ਰਸਦ ਪਾਣੀ ਮੁੱਕਦਾ ਜਾ ਰਿਹਾ ਸੀ। ਇਹੋ ਜਿਹਾ ਸਮਾਂ ਆ ਗਿਆ ਕਿ ਚਾਰ ਸਿੱਖ ਕਿਲ੍ਹੇ ਵਿਚੋਂ ਨਿਕਲਦੇ ਤੇ ਕਿਸੇ ਇਕ ਪਾਸੇ ਦੁਸ਼ਮਣ ‘ਤੇ ਹਮਲਾ ਕਰਕੇ ਦੋ ਸਿੱਖ ਸ਼ਹੀਦ ਹੋ ਜਾਂਦੇ ਤੇ ਦੋ ਜਿੰਨਾ ਹੋ ਸਕੇ ਰਸਦ-ਪਾਣੀ ਲੁੱਟ ਕੇ ਕਿਲ੍ਹੇ ਅੰਦਰ ਲੈ ਆਉਂਦੇ। ਇਸੇ ਸਥਿਤੀ ਵਿਚ ਸਮਾਂ ਬੀਤਦਾ ਗਿਆ। ਉਧਰ ਲੰਮੇਰੀ ਜੰਗ ਤੋਂ ਮੁਗਲ ਤੇ ਪਹਾੜੀ ਰਾਜੇ ਵੀ ਪੂਰੀ ਤਰ੍ਹਾਂ ਤੰਗ ਆ ਚੁੱਕੇ ਸਨ।

ਅਖ਼ੀਰ ਨੂੰ ਹਮਲਾਵਰਾਂ ਨੇ ਇਕ ਚਾਲ ਚੱਲੀ। ਉਹਨਾਂ ਨੇ ਬਾਦਸ਼ਾਹ ਔਰੰਗਜੇਬ ਵਲੋਂ ਕੁਰਾਨ ਦੇ ਨਾਂ ਉੱਤੇ ਲਿਖਿਆ ਹੋਇਆ ਇਕ ਪਰਵਾਨਾ ਗੁਰੂ ਸਾਹਿਬ ਨੂੰ ਪਹੁੰਚਾਇਆ। ਇਸ ਦੇ ਨਾਲ ਹੀ ਪਹਾੜੀ ਰਾਜਿਆਂ ਵੱਲੋਂ ਗਊ ਦੀਆਂ ਸੌਂਹਾਂ ਅਤੇ ਮੁਗ਼ਲ ਹਾਕਮਾਂ ਵੱਲੋਂ ਕੁਰਾਨ ਦੀਆਂ ਕਸਮਾਂ ਵਾਲੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ ਗਈਆਂ। ਇਨ੍ਹਾਂ ਸਭ ਪੱਤਰਾਂ ਵਿਚ ਕਸਮਾਂ ਹੇਠ ਇਹ ਲਿਖਿਆ ਗਿਆ ਸੀ ਕਿ ਜੇਕਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ। ਪਰ ਗੁਰੂ ਸਾਹਿਬ ਵਿਰੋਧੀਆਂ ਦੀ ਇਸ ਚਾਲ ਨੂੰ ਭਲੀ ਭਾਂਤ ਸਮਝਦੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਆਪਣੀ ਗੱਲ ਦਾ ਯਕੀਨ ਦਵਾਉਣ ਦੇ ਲਈ ਜਾਨਵਰਾਂ ਦੇ ਹੱਡਾਂ ਨਾਲ ਭਰੀ ਹੋਈ ਰੇੜੀ ਤਿਆਰ ਕਰਵਾਈ ਤੇ ਉਸ ਉੱਤੇ ਰੇਸ਼ਮੀ ਕੱਪੜਾ ਵੀ ਪਵਾ ਦਿੱਤਾ। ਤਾਂ ਜੋ ਮੁਗਲਾਂ ਨੂੰ ਲੱਗੇ ਕਿ ਇਸ ਵਿੱਚ ਬਹੁਤ ਹੀ ਕੀਮਤੀ ਸਮਾਨ ਹੈ ਤੇ ਫਿਰ ਗੁਰੂ ਸਾਹਿਬ ਨੇ ਇਸ ਰੇੜੀ ਨੂੰ ਕਿਲ੍ਹੇ ਚੋਂ ਬਾਹਰ ਭੇਜਿਆ। ਇਹ ਵੇਖ ਕੇ ਮੁਗਲਾਂ ਨੇ ਆਪਣੇ ਵਾਅਦੇ ਨੂੰ ਭੁਲਦੇ ਹੋਏ ਉਸ ਰੇੜੀ ਤੇ ਹਮਲਾ ਕਰ ਦਿੱਤਾ ਤੇ ਸਮਾਨ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਹ ਸਭ ਗੁਰੂ ਜੀ ਨੇ ਸਿੱਖਾਂ ਨੂੰ ਵਿਖਾਇਆ ਤੇ ਕਿਹਾ ਕਿ ਮੁਗਲ ਕਦੀ ਵੀ ਆਪਣੇ ਵਾਅਦੇ ਦੇ ਪੱਕੇ ਨਹੀਂ ਹੋ ਸਕਦੇ।

ਭਾਵੇਂ ਗੁਰੂ ਸਾਹਿਬ ਵਿਰੋਧੀਆਂ ਦੀ ਇਸ ਚਾਲ ਨੂੰ ਭਲੀ ਭਾਂਤ ਸਮਝਦੇ ਸਨ ਪਰੰਤੂ ਸਿੰਘਾਂ ਦੇ ਜ਼ੋਰ ਪਾਉਣ ਤੇ ਅਨੰਦਪੁਰ ਸਾਹਿਬ ਨੂੰ ਛੱਡਣ ਲਈ ਤਿਆਰ ਹੋ ਗਏ ਤੇ ਫਿਰ ਅਨੰਦਪੁਰ ਸਾਹਿਬ ਖਾਲੀ ਕਰਨ ਦੀਆਂ ਤਿਆਰੀਆਂ ਅਰੰਭ ਹੋ ਗਈਆਂ। ਅਨੰਦਪੁਰ ਸਾਹਿਬ ਵਿਚ ਰਹਿੰਦਿਆਂ ਮਾਤਾ ਗੁਜਰੀ ਨੇ ਗੁਰੂ ਜੀ ਨੂੰ ਪਾਲਿਆ ਸੀ, ਲਾਡ ਲਡਾਏ ਸਨ। ਮਾਤਾ ਸੁੰਦਰੀ ਨੇ ਮਾਤਾ ਗੁਜਰੀ ਕੋਲੋਂ ਉਨ੍ਹਾਂ ਦੇ ਬਚਪਨ ਦੀਆਂ ਕਹਾਣੀਆਂ ਸੁਣੀਆਂ ਸਨ। ਸਤਲੁਜ ਦੇ ਪਾਣੀਆਂ ਦੀ ਕਲ-ਕਲ ਸੁਣੀ ਸੀ। ਇਥੇ ਹੀ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਹਥਿਆਰਾਂ ਦਾ ਅਭਿਆਸ ਕਰਦਿਆਂ ਤੇ ਸਾਹਿਬਜ਼ਾਦਿਆਂ ਨੂੰ ਹੱਸਦਿਆਂ-ਖੇਡਦਿਆਂ ਤੇ ਕਿਲਕਾਰੀਆਂ ਮਾਰਦਿਆਂ ਦੇਖਿਆ ਸੀ। ਮਾਤਾ ਜੀ ਨੇ ਅਜੀਤ ਸਿੰਘ ਨੂੰ ਜਵਾਨੀ ਦੀਆਂ ਪੌੜੀਆਂ ਚੜ੍ਹਦਿਆਂ ਦੇਖਿਆ ਸੀ। ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿਚ ਨਿਪੁੰਨ ਹੁੰਦੇ ਵੇਖਿਆ ਸੀ। ਗੱਲ ਕੀ, ਜ਼ਿੰਦਗੀ ਦਾ ਪਲ-ਪਲ ਯਾਦਾਂ ਦੇ ਹੀਰਿਆਂ ਨਾਲ ਜੜਿਆ ਹੋਇਆ ਸੀ ਤੇ ਅੱਜ ਇਸ ਥਾਂ ਨਾਲੋਂ ਵਿਛੜਦਿਆਂ ਹਿਰਦਾ ਕੰਬ ਰਿਹਾ ਸੀ, ਅੱਖਾਂ ਭਰ-ਭਰ ਆਉਂਦੀਆਂ ਸਨ। ਅਖੀਰ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਗੁਰੂ ਸਾਹਿਬ ਪਰਿਵਾਰ ਸਮੇਤ ਕਿਲ੍ਹਾ ਖਾਲੀ ਕਰ ਦਿੱਤਾ ਤੇ ਕੀਰਤਪੁਰ ਸਾਹਿਬ ਵੱਲ ਨੂੰ ਕੂਚ ਕਰ ਗਏ।

  • 139
  •  
  •  
  •  
  •