ਅਮਰੀਕਾ: ਮਰਹੂਮ ਸਿੱਖ ਪੁਲਿਸ ਅਧਿਕਾਰੀ ਦੇ ਨਾਮ ‘ਤੇ ਰੱਖਿਆ ਗਿਆ ਡਾਕਘਰ ਦਾ ਨਾਮ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਕਾਨੂੰਨ ਉੱਤੇ ਦਸਤਖਤ ਕੀਤੇ ਹਨ, ਜਿਸ ਤਹਿਤ ਟੈਕਸਾਸ ਵਿੱਚ ਡਾਕਘਰ ਦਾ ਨਾਮ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ’ਤੇ ਰੱਖਿਆ ਜਾਵੇਗਾ। ਧਾਲੀਵਾਲ ਨੂੰ ਸਾਲ ਪਹਿਲਾਂ ਹਿਊਸਟਨ ਵਿੱਚ ਟ੍ਰੈਫਿਕ ਪ੍ਰਬੰਧਾਂ ਨੂੰ ਸੰਭਾਲਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਵ੍ਹਾਈਟ ਹਾਊਸ ਨੇ ਬਿਆਨ ਵਿਚ ਕਿਹਾ ਕਿ ਟਰੰਪ ਨੇ ਟੈਕਸਾਸ ਦੇ ਹਿਊਸਟਨ ਵਿਚ 315 ਐਡਿਕਸ ਹਾਵਲ ਰੋਡ ‘ਤੇ ਸਥਿਤ ਡਾਕ ਘਰ ਦਾ ਨਾਮ ਡਿਪਟੀ ਸੰਦੀਪ ਸਿੰਘ ਧਾਲੀਵਾਲ ਬਿਲਡਿੰਗ ਰੱਖਣ ਲਈ ਕਾਨੂੰਨ ’ਤੇ ਦਸਤਖਤ ਕੀਤੇ ਹਨ। ਅਮਰੀਕਾ ਵਿੱਚ ਹੁਣ ਤੱਕ ਦੋ ਡਾਕਘਰਾਂ ਦਾ ਨਾਮ ਭਰਤੀ ਮੂਲ ਦੇ ਲੋਕਾਂ ’ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 2006 ਵਿੱਚ ਕੈਲੇਫੋਰਨੀਆਂ ਵਿੱਚ ਪਹਿਲੇ ਭਾਰਤੀ ਸੰਸਦ ਮੈਂਬਰ ਦਲੀਪ ਸਿੰਘ ਸੌਂਦ ਦੇ ਨਾਮ ’ਤੇ ਡਾਕਘਰ ਦਾ ਨਾਮ ਰੱਖਿਆ ਗਿਆ ਸੀ।

ਪ੍ਰਤੀਨਿਧੀ ਸਭਾ ਅਤੇ ਸੈਨੇਟ ਨੇ ਇਸ ਸੰਬੰਧ ਵਿਚ ਹਾਲ ਹੀ ਵਿਚ ਬਿੱਲ ਪਾਸ ਕੀਤਾ ਸੀ। ਟੈਕਸਾਸ ਦੇ ਸਾਂਸਦ ਟੇਡ ਕਰੂਜ਼ ਨੇ ਸੈਨੇਟ ਵਿਚ ਕਿਹਾ ਸੀ ਕਿ ਧਾਲੀਵਾਲ ਨਾਇਕ ਅਤੇ ਮਾਰਗਦਰਸ਼ਕ ਸਨ, ਜਿਹਨਾਂ ਦੇ ਕੰਮਾਂ ਨਾਲ ਸਿੱਖਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲੇਗੀ। ਹੈਰਿਸ ਕਾਊਂਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਦਫਤਰ ਵਿਚ ਤਾਇਨਾਤ ਧਾਲੀਵਾਲ ਟੈਕਸਾਸ ਦੇ ਭਾਰਤੀ ਮੂਲ ਦੇ ਪਹਿਲੇ ਸਿੱਖ ਸਨ, ਜਿਹਨਾਂ ਨੂੰ ਪੱਗ ਪਾਉਣ ਅਤੇ ਦਾੜ੍ਹੀ ਰੱਖਣ ਸਮੇਤ ਆਪਣੀਆਂ ਧਾਰਮਿਕ ਵਿਸ਼ਵਾਸਾਂ ਦੀ ਪਾਲਣਾ ਕਰਦਿਆਂ ਡਿਊਟੀ ਨਿਭਾਉਣ ਦੀ ਛੋਟ ਦਿੱਤੀ ਗਈ ਸੀ।

  • 508
  •  
  •  
  •  
  •