ਸਾਕਾ ਚਮਕੌਰ ਸਾਹਿਬ: ਜਦੋਂ ਇਤਿਹਾਸ ਦੀ ਅਸਾਵੀਂ ਜੰਗ ਲੜੀ ਗਈ

ਬਲਜੀਤ ਸਿੰਘ ਖਾਲਸਾ

ਇਤਿਹਾਸ ਦੇ ਕਈ ਪੰਨੇ ਅਜਿਹੇ ਹਨ ਜਿਹੜੇ ਬਿਨਾਂ ਕਿਸੇ ਵਿਦਵਤਾ ਭਰੇ ਔਖੇ ਸ਼ਬਦਾਂ ਦੇ ਹੀ ਕਈ ਅਹਿਮ ਸਚਾਈਆਂ ਦੀ ਸੁੰਦਰ ਵਿਆਖਿਆ ਕਰਦੇ ਹਨ। ਚਮਕੌਰ ਗੜ੍ਹੀ ਦੀ ਲੜਾਈ ਇਤਿਹਾਸ ਵਿਚ ਇਕ ਅਜਿਹਾ ਹੀ ਅਹਿਮ ਦਰਜਾ ਰੱਖਦੀ ਹੈ।

ਚਮਕੌਰ ਦੀ ਗੜ੍ਹੀ ਵਿਚ ਘਿਰੇ ਚਾਲੀ ਭੁੱਖਣ ਭਾਣੇ ਜੁਝਾਰੂਆਂ ਵਿਚੋਂ ਮੁਗ਼ਲ ਹਕੂਮਤ ਨੂੰ ਆਪਣਾ ਕਾਲ ਨਜ਼ਰ ਆ ਰਿਹਾ ਸੀ ਤੇ ਉਹ ਇਸ ਨੂੰ ਖਤਮ ਕਰਨ ਦੀ ਹਾਸੋਹੀਣੀ ਕੋਸ਼ਿਸ਼ ਵਿਚ ਆਪਣੀ ਪੂਰੀ ਫੌਜੀ ਤਾਕਤ ਨੂੰ ਇਸ ਲੜਾਈ ਵਿਚ ਝੌਂਕ ਚੁੱਕੀ ਸੀ, ੳਦੋਂ ਵੀ ਭਾਰਤ ਦੀ ਆਬਾਦੀ ਕਰੋੜਾਂ ਵਿਚ ਹੀ ਸੀ। ਧਰਮ ਦੇ ਨਾਮ ਹੇਠ ਫੋਕੇ ਕਰਮਕਾਂਡਾ ਵਿਚ ਭਟਕ ਕੇ ਸਾਹ-ਸਤ-ਹੀਣ ਹੋਈ ਇਸ ਕਰੋੜਾਂ ਦੀ ਮਨੁੱਖ ਗਿਣਤੀ ਦੇ, ਮੁੱਠੀ ਭਰ ਹਮਲਾਵਰਾਂ ਦਾ ਮੁਕਾਬਲਾ ਕਰਨੋਂ ਅਸਮਰੱਥ ਹੋ ਜਾਣ ‘ਤੇ ਹੀ ਵਿਦੇਸ਼ੀ ਧਾੜਵੀ ਇਸ ਧਰਤੀ ਨੂੰ ਲਿਤਾੜਨ ਦੇ ਸਮਰੱਥ ਹੋਏ ਸਨ। ਹਜ਼ਾਰਾਂ ਦੀ ਗਿਣਤੀ ਵਿਚ ਹਮਲਾਵਰ ਬਣ ਕੇ ਆਉਣ ਵਾਲੇ ਮੁਗ਼ਲ, ਹੁਣ ਲੱਖਾਂ ਸਿਪਾਹੀਆਂ ਵਾਲੀ ਵਿਸ਼ਾਲ ਫੌਜ ਵਾਲੇ ਦੇਸ਼ ਦੇ ਮਾਲਕ ਵੀ ਇਸ ਲਈ ਹੀ ਬਣ ਗਏ ਸਨ ਕਿ ਇਥੋਂ ਦੀ ਕਰੋੜਾਂ ਦੀ ਮੂਲ ਵਸੋਂ ਮੁਗ਼ਲ ਬਾਦਸ਼ਾਹਤ ਲਈ ਕਿਸੇ ਤਰ੍ਹਾਂ ਦੀ ਚੁਣੌਤੀ ਨਹੀਂ ਸੀ ਬਣੀ।

ਚਮਕੌਰ ਦੀ ਗੜ੍ਹੀ ਨੂੰ ਘੇਰੀ ਖਲੋਤੀ ਮੁਗਲ ਹਕੂਮਤ ਦੀ ਸਮੁੱਚੀ ਤਾਕਤ, ਇਤਿਹਾਸ ਦੇ ਪੰਨਿਆਂ ਵਿਚ ਦਰਜ ਇਸ ਅਹਿਮ ਹਕੀਕਤ ਦੀ ਵਿਆਖਿਆ ਕਰਦੀ ਹੈ ਕਿ ਤਖਤਾਂ ਤਾਜ਼ਾਂ ਦੀ ਕਿਸਮਤ ਬਦਲ ਦੇਣ ਵਾਲੀ ਤਾਕਤ, ਕਦੇ ਬਹੁਗਿਣਤੀ ਦੀ ਮੁਥਾਜ ਨਹੀਂ ਹੋਇਆ ਕਰਦੀ। ਇਹ ਹਕੀਕਤ ਮੁਗ਼ਲ ਹਕੂਮਤ ਉਦੋਂ ਵੀ ਚੰਗੀ ਤਰ੍ਹਾਂ ਸਮਝਦੀ ਹੋਵੇਗੀ। ਜੇ ਤਖਤਾਂ ਦੀ ਕਿਸਮਤ ਦਾ ਫੈਸਲਾ ਬਹੁਗਿਣਤੀ ‘ਤੇ ਨਿਰਭਰ ਹੁੰਦਾ ਤਾਂ ਮੁਗ਼ਲ ਕਦੇ ਵੀ ਹਿੰਦੁਸਤਾਨ ਦੇ ਤਖਤ ਤੀਕ ਨਾ ਪੁੱਜ ਸਕਦੇ। ਤਖਤਾਂ ਦੀ ਤਕਦੀਰ ਲਿਖਣ ਵਾਲੀ ਤਾਕਤ ਦ੍ਰਿੜ੍ਹ ਇੱਛਾ ਸ਼ਕਤੀ, ਜਵਾਂ ਮਰਦੀ ਤੇ ਜਿੱਤ ਦਾ ਨਿਸ਼ਚਾ ਲੈ ਕੇ ਵਿਸ਼ਾਲ ਤਾਕਤਾਂ ਨਾਲ ਟਕਰਾ ਜਾਣ ਦੀ ਸਪਿਰਿਟ ਦੀ ਜ਼ਰੂਰ ਮੁਥਾਜ ਹੁੰਦੀ ਹੈ। ਹਜ਼ਾਰਾਂ ਦੀ ਗਿਣਤੀ ਵਿਚ ਮੁਗ਼ਲਾਂ ਦਾ ਲੱਖਾਂ ਸਿਪਾਹੀਆਂ ਵਾਲੇ ਹਿੰਦੁਸਤਾਨ ‘ਤੇ ਕਾਬਜ਼ ਹੋ ਜਾਣਾ ਇਹ ਦਰਸਾਉਂਦਾ ਹੈ ਕਿ ਮੁਗ਼ਲਾਂ ਵਿਚ ਇਹ ਸਪਿਰਿਟ ਹਿੰਦੁਸਤਾਨੀਆਂ ਤੋਂ ਕਈ ਗੁਣਾਂ ਵੱਧ ਹੋਵੇਗੀ, ਤੇ ਚਮਕੌਰ ਦੀ ਗੜ੍ਹੀ ਵਿਚ ਘਿਰੇ ਮੁੱਠੀ ਭਰ ਮਰਜੀਵੜਿਆਂ ਵਿਚ ਇਹ ਸਪਿਰਿਟ ਉਨ੍ਹਾਂ ਤੋਂ ਵੀ ਕਈ ਗੁਣਾਂ ਜ਼ਿਆਦਾ ਹੈ।

ਮੁਗ਼ਲ ਹਕੂਮਤ ਦਾ ਨਿਸ਼ਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਸਨ, ਜਿਨ੍ਹਾਂ ਨੇ ਤੁਰੇ ਫਿਰਦੇ ਮੁਰਦਿਆਂ ਨੂੰ ਅੰਮ੍ਰਿਤ ਦਾ ਛੱਟਾ ਮਾਰ ਕੇ ਹੱਕ ਸੱਚ ਲਈ ਜੂਝ ਮਰਨ ਵਾਲੇ ਅਜਿਹੇ ਮਰਜੀਵੜੇ ਪੈਦਾ ਕਰ ਦਿੱਤੇ ਸਨ, ਜੋ ਸਵਾ ਸਵਾ ਲੱਖ ਨਾਲ ਇਕੱਲਾ-ਇਕੱਲਾ ਜੂਝਦੇ ਹੋਏ ਵੀ ਫਤਿਹ ਦੇ ਸੰਕਲਪ ਨੂੰ ਫਿੱਕਾ ਨਹੀਂ ਸੀ ਪੈਣ ਦਿੰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਤੁਰੀ ਮੁਗਲ ਹਕੂਮਤ ਨਹੀਂ ਸੀ ਜਾਣਦੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਿਜ਼ ਇਕ ਸਰੀਰ ਦਾ ਨਾਮ ਨਹੀ; ਬਲਕਿ ਇਹ ਉਹੀ ਇਲਾਹੀ ਜੋਤ ਸੀ ਜਿਸ ਨੂੰ ਤੱਤੀ ਤਵੀ ‘ਤੇ ਬਿਠਾ ਕੇ ਮਿਟਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ; ਇਹ ਉਹੀ ਇਲਾਹੀ ਜੋਤ ਸੀ ਜੋ ਚਾਂਦਨੀ ਚੌਂਕ ਵਿਚ ਵੀ ਕਤਲ ਨਹੀਂ ਸੀ ਕੀਤੀ ਜਾ ਸਕੀ; ਪਰ ਜਾਪਦਾ ਹੈ ਕਿ ਮੁਗਲ ਹਕੂਮਤ ਬੁਖਲਾਹਟ ਵਿਚ ਸੋਚਣ ਸਮਝਣ ਦੀ ਸਮਰੱਥਾ ਗੁਆ ਚੁੱਕੀ ਸੀ।

ਚਮਕੌਰ ਦੀ ਗੜ੍ਹੀ ਵਿਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਇਹ ਇਲਾਹੀ ਜੋਤ ਮੁਗਲ ਫੌਜ ਨਾਲ ਲੜ ਨਹੀਂ ਸੀ ਰਹੀ, ਬਲਕਿ ਉਹਨਾਂ ਮਰਜੀਵੜਿਆਂ ਨੂੰ ਜ਼ੁਲਮ ਜਬਰ ਦੇ ਵਿਰੁੱਧ ਲੜਨ ਦੀ ਜਾਚ ਸਿਖਾ ਰਹੀ ਸੀ। ਉਨ੍ਹਾਂ ਮਰਜੀਵੜਿਆਂ ਨੂੰ ਜਿਨ੍ਹਾਂ ਦੀਆਂ ਛਾਤੀਆਂ ਵਿਚਲੇ ਜੁਝਾਰੂ ਜਜ਼ਬੇ ਨੂੰ ਗੁਰਬਾਣੀ ਤੇ ਅੰਮ੍ਰਿਤ ਦੇ ਚਸ਼ਮੇ ਨਾਲ ਫਿਰ ਤੋਂ ਜੀਵਤ ਕੀਤਾ ਗਿਆ ਸੀ। ਇਤਿਹਾਸ ਦੱਸਦਾ ਹੈ ਕਿ ਜਦੋਂ ਅਥਾਹ ਲਸ਼ਕਰਾਂ ਦੀ ਹਮਲਾਵਰ ਹਉਮੈ, ਗੜੀ ਵਿਚ ਘਿਰੇ ਮੁੱਠੀ ਭਰ ਯੋਧਿਆਂ ਨੂੰ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦੇਣ ਦਾ ਹੁਕਮ ਚਾੜ੍ਹਦੀ ਸੀ, ਤਾਂ ਗੜ੍ਹੀ ਅੰਦਰੋਂ ਇਸ ਦਾ ਜੁਆਬ ਤੀਰਾਂ ਦੀ ਬੁਛਾੜ ਨਾਲ ਦਿੱਤਾ ਜਾਂਦਾ ਸੀ। ਜ਼ੁਲਮ ਸਿਦਕ ਦੀ ਇਹ ਅਨੋਖੀ ਜੰਗ ਉਦੋਂ ਸਿਖਰ ‘ਤੇ ਪੁੱਜੀ, ਜਦੋਂ ਹਮਲਾਵਰ ਫੌਜਾਂ ਹੜ੍ਹ ਬਣ ਕੇ ਗੜ੍ਹੀ ਵੱਲ ਵਧਣ ਲੱਗੀਆਂ ਤੇ ਗੜੀ ਵਿਚੋਂ ਪੰਜ-ਪੰਜ ਸਿੰਘਾਂ ਦੇ ਜਥੇ ਬਾਹਰ ਨਿਕਲ ਕੇ ਇਸ ਹੜ੍ਹ ਨੂੰ ਠੱਲ੍ਹਣ ਲੱਗੇ। ਵਾਰੋ-ਵਾਰੀ ਬਾਹਰ ਨਿਕਲ ਕੇ ਸ਼ਹੀਦ ਹੋ ਰਹੇ ਸਿੰਘਾਂ ਦੇ ਇਨ੍ਹਾਂ ਜਥਿਆਂ ਨੇ ਇਹ ਸਾਬਤ ਕਰ ਦਿੱਤਾ ਕਿ ਸੰਤ ਸਿਪਾਹੀਆਂ ਦੀ ਇਸ ਨਵੀਂ ਕੌਮ ਦੀ ਸਿਖਲਾਈ ਦਾ ਅਹਿਮ ਪੜਾਅ ਸੰਪੂਰਨ ਹੋ ਚੁੱਕਾ ਹੈ।

ਹੁਣ ਖਾਲਸਾ ਪੰਥ ਦੀ ਸਿਖਲਾਈ ਲਈ ਗਰੂ ਸਾਹਿਬ ਨੇ ਇਹ ਅਹਿਮ ਅਮਲੀ ਪਾਠ ਪੜ੍ਹਾੳਣਾ ਸੀ। ਇਸ ਅਹਿਮ ਪਾਠ ਇਹ ਸੀ ਕਿ ਇਨਕਲਾਬੀ ਸੰਘਰਸ਼ਾਂ ਵਿਚ ਕੁਰਬਾਨੀ ਕਰਨ ਦੀ ਜ਼ਿੰਮੇਵਾਰੀ ਕੇਵਲ ਸਿਪਾਹੀਆਂ ਦੀ ਹੀ ਨਹੀਂ ਹੁੰਦੀ ; ਬੇਗਾਨੇ ਪੁੱਤ ਜੰਗ ਵਿਚ ਮਰਵਾ ਕੇ ਇਨਕਲਾਬੀ ਜਰਨੈਲ਼ ਆਪਣੇ ਪੁੱਤਾ ਦੀ ਜਾਨ ਬਚਾਉਣ ਬਾਰੇ ਨਹੀਂ ਸੋਚਿਆ ਕਰਦੇ। ਜੋ ਅਜਿਹਾ ਸੋਚਦੇ ਹਨ, ਉਹ ਜਰਨੈਲ ਬਣਨ ਦੇ ਕਾਬਲ ਹੀ ਨਹੀਂ ਹੁੰਦੇ। ਇਸ ਵੇਲੇ ਕਈ ਸਿੰਘਾਂ ਦੇ ਸ਼ਹੀਦ ਹੋ ਜਾਣ ਉਪਰੰਤ ਗੁਰੂ ਸਾਹਿਬ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਰਣ ਭੂਮੀ ਵਿਚ ਜੂਝ ਕੇ ਸ਼ਹੀਦ ਹੋਣ ਦੀ ਆਗਿਆ ਮੰਗੀ, ਤਾਂ ਗੁਰੂ ਸਾਹਿਬ ਨੇ ਉਸ ਨੂੰ ਵੀ ਉਸੇ ਤਰ੍ਹਾਂ ਖਿੜ੍ਹੇ ਮੱਥੇ ਸ਼ਸਤਰ ਸਜਾ ਕੇ ਰਣ ਭੂਮੀ ਵਲ ਤੋਰਿਆ ਜਿਵੇਂ ਬਾਕੀ ਸਿੰਘਾਂ ਨੂੰ ਤੋਰਿਆ ਸੀ। ਸਿੰਘਾਂ ਦੇ ਇਸ ਜਥੇ ਦੀ ਅਗਵਾਈ ਕਰਦਿਆਂ ਇਹ ਮੁੱਛ ਫੁਟ ਗੱਭਰੂ ਜਿਵੇਂ ਘੇਰਾ ਘੱਤੀ ਬੈਠੇ ਕਟਕਾਂ ਦੇ ਸਿਰ ਜਾ ਕੇ ਕੜਕਿਆ, ਇਸ ਦਾ ਬਿਆਨ ਇਕ ਸ਼ਾਇਰ ਨੇ ਇਸ ਤਰ੍ਹਾਂ ਕੀਤਾ ਹੈ:

ਭਬਕਿਆ ਅੱਜ ਅਜੀਤ ਸਿੰਘ ਪਈ ਧਰਤੀ ਹਿੱਲੇ;
ਸੁੱਟੇ ਫਨੀਅਰ ਸ਼ੂਕਦੇ, ਉਹ ਧਨੁਖ ਦੀ ਚਿੱਲੇ।
ਗੂੰਜ ਉਠੇ ਚਮਕੌਰ ਦੇ ਲਹੂ ਰੰਗੇ ਟਿੱਲੇ,
ਹੋ ਗਏ ਕਈਆਂ ਸੂਰਿਆਂ ਦੇ ਛਣ ਕੰਗਣ ਢਿੱਲੇ।
ਜੀਕਰ ਕਾਲੇ ਬੱਦਲੀਂ ਬਿਜਲੀ ਪਈ ਵਿੱਲੇ।
ਕਾਂਗਾਂ ਦੇਂਦੇ ਲਸ਼ਕਰਾਂ ਵਿਚਕਾਰੇ ਠਿੱਲ੍ਹੇ।…
ਮੁਗਲ ਦਲਾਂ ਦੇ ਅਫਸਰਾਂ ਇਹ ਵੇਖ ਲੜਾਈ
ਹੈਰਾਨੀ ਵਿਚ ਡੁੱਬ ਕੇ ਮੂੰਹ ਉਂਗਲ ਪਾਈ
ਗੜ੍ਹੀ ਵਿਚਾਲੇ ਸਤਿਗੁਰੂ ਨੈਣ ਏਧਰ ਲਾਈ
ਵੇਖੇ ਆਪਣੇ ਖੂਨ ਦੀ ਪਾਵਨ ਗਰਮਾਈ
ਪਾਸ ਖਲੋਤੇ ਸੂਰਮੇ ਕਰ ਕਰ ਵਡਿਆਈ
ਆਖਣ ਸੱਚੇ ਪਾਤਸ਼ਾਹ ਹੈ ਧੰਨ ਕਮਾਈ
ਤੇਰੇ ਬੀਰ ਸਪੁੱਤਰ ਨੇ ਅੱਜ ਤੇਗ ਜੋ ਵਾਹੀ
ਉਸ ਨੇ ਤੇਰੀ ਕੀਰਤੀ ਹੈ ਹੋਰ ਵਧਾਈ
ਮਾਤਾ ਦੀ ਕੁੱਖ ਇਸ ਨੇ ਅੱਜ ਹੈ ਸਫਲਾਈ
(ਅਵਤਾਰ ਸਿੰਘ ਆਜ਼ਾਦ)

ਸਾਹਿਬਜ਼ਾਦਾ ਅਜੀਤ ਸਿੰਘ ਅਤੇ ਉਸ ਦੇ ਜਥੇ ਦੇ ਸਿੰਘ ਵੀ ਸ਼ਹੀਦ ਹੋ ਕੇ ਰਣ ਵਿਚ ਉਸੇ ਤਰ੍ਹਾਂ ਡਿੱਗੇ ਜਿਵੇਂ ਕਿਸਾਨ ਖੇਤ ‘ਚੋਂ ਚਰ੍ਹੀ ਵੱਢ ਕੇ ਫਿਰ ਆਰਾਮ ਕਰਦੇ ਹਨ। ਗੜ੍ਹੀ ਦੀ ਮਮਟੀ ਵਿਚ ਆਪਣੇ ਵੱਡੇ ਵੀਰ ਦੀ ਵੀਰਤਾ ਵੇਖ ਰਿਹਾ ਜੁਝਾਰ ਸਿੰਘ, ਵੀਰ ਦੇ ਸ਼ਹੀਦ ਹੋ ਕੇ ਡਿਗਦਿਆਂ ਹੀ ਰਣ ਭੂਮੀ ਵਿਚ ਜਾਣ ਲਈ ਤਿਆਰ ਹੋਇਆਂ ਤੇ ਪਿਤਾ ਤੋਂ ਇਸ ਲਈ ਆਗਿਆ ਮੰਗੀ। ਨਾਲ ਦੇ ਸਿੰਘਾਂ ਨੇ ਰੋਕਦਿਆਂ-ਰੋਕਦਿਆਂ ਵੀ ਗੁਰੂ ਸਾਹਿਬ ਨੇ ਜੁਝਾਰ ਸਿੰਘ ਨੂੰ ਵੀ ਆਪਣੇ ਹੱਥੀਂ ਸ਼ਸ਼ਤਰ ਸਜਾ ਕੇ ਰਣ ਭੂਮੀ ਵੱਲ ਵਿਦਾ ਕਰ ਦਿੱਤਾ। ਨਿੱਕੀ ਜਿਹੀ ਉਮਰ ਦੇ ਜਰਨੈਲ ਦੀ ਅਗਵਾਈ ਵਿਚ ਮੁੱਠੀ ਭਰ ਸਿੰਘਾਂ ਦੇ ਜਥੇ ਨੂੰ ਮੈਦਾਨ ਵੱਲ ਵੱਧਦਾ ਵੇਖ ਮੁਗ਼ਲ ਜਰਨੈਲ ਕੁਝ ਚਿਰ ਲਈ ਹੈਰਾਨ ਹੋਏ, ਪਰ ਇਸ ਨਿੱਕੇ ਜਰਨੈਲ ਦੇ ਚਿਹਰੇ ਦਾ ਜਲਾਲ ਵੇਖ ਕੇ ਪਹਿਲਾਂ ਵਾਂਗ ਹੀ ਲਲਕਾਰੇ ਮਾਰ ਕੇ ਆਪਣੇ ਸਿਪਾਹੀਆਂ ਦਾ ਹੌਸਲਾ ਵਧਾਉਣ ਲੱਗੇ। ਮੁਗ਼ਲ ਜਰਨੈਲਾਂ ਨੇ ਇਨ੍ਹਾਂ ਲਲਕਾਰਿਆਂ ਅਤੇ ਉਨ੍ਹਾਂ ਦੇ ਹਸ਼ਰ ਨੂੰ ਇਕ ਸ਼ਾਇਰ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ :

ਤਲਵਾਰਾਂ ਸੂਤੋ ਗਾਜ਼ੀੳ
ਨੇਜ਼ੇ ਲਿਸ਼ਕਾ ਲੳ
ਔਹ ਆਇਆ ਕੱਲ੍ਹ ਦਾ ਛੀਂਟਕਾ,
ਬੱਸ ਘੇਰਾ ਪਾ ਲੳ
ਹੁਣ ਜਾਣ ਨਾ ਦੇਣਾ ਜਿਊਂਦਿਆਂ,
ਕੱਚਿਆਂ ਹੀ ਖਾ ਲੳ
ਹਾਂ ਢਾਹ ਲੳ ਇਹਨੂੰ ਆਂਦਿਆਂ,
ਨੇਜੇ ਤੇ ਚਾ ਲੳ।
ਪਰ
ਗਾਜ਼ੀ ਆਪਣੀ ਮੌਤ ਨੂੰ,
ਲੱਭਦੇ ਹੀ ਰਹਿ ਗਏ
ਉਹ ਸੱਥਰ ਲਾਂਹਦਾ ਤੁਰ ਗਿਆ,
ਇਹ ਫੜ੍ਹਦੇ ਰਹਿ ਗਏ
(ਲਾਲਾ ਲਾਲ ਚੰਦ ਮਾਸੂਮ ਚਨਿੳਟੀ)

ਰਣ-ਖੇਤ ਵਿਚ ਵਾਢੀ ਕਰਦੇ-ਕਰਦੇ ਜਦੋਂ ਜੁਝਾਰ ਸਿੰਘ ਤੇ ਨਾਲ ਦੇ ਸਿੰਘ ਸ਼ਹੀਦ ਹੋ ਮੌਤ ਦੀ ਗੋਦ ਵਿਚ ਸੁੱਤੇ ਤਾਂ ਸੂਰਜ ਡੁੱਬ ਚੁੱਕਾ ਸੀ। ਇਸ ਸ਼ਹੀਦੀ ਉਪਰੰਤ ਗੜ੍ਹੀ ਦੇ ਅੰਦਰੋਂ ਆਈ ਜੈਕਾਰਿਆਂ ਦੀ ਆਵਾਜ਼ ਨੇ ਮੁਗ਼ਲ ਜਰਨੈਲਾਂ ਨੂੰ ਅੰਦਰਲੇ ਸਿੰਘਾਂ ਦੀ ਚੜ੍ਹਦੀ ਕਲਾ ਦਾ ਅਹਿਸਾਸ ਕਰਵਾ ਦਿੱਤਾ ਸੀ। ਇਸ ਲਈ ਸੂਰਜ ਡੁੱਬਣ ਦੇ ਨਾਲ ਹੀ ਲੜਾਈ ਬੰਦ ਹੋ ਗਈ। ਮੁਗਲ ਸਿਪਾਹੀ ਰਾਤ ਦੇ ਪਹਿਰੇ ਵਾਲੀ ਫੌਜ ਦੇ ਸਖਤ ਪਹਿਰੇ ਹੇਠ ਆਰਾਮ ਕਰਨ ਲੱਗ ਪਏ।

ਇਸ ਰਾਤ ਗੜੀ ਅੰਦਰਲੇ ਸਿੱਖਾਂ ਨੇ ਗੁਰੂ ਪੰਥ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡ ਕੇ ਨਿਕਲ ਜਾਣ ਦਾ ਹੁਕਮ ਦਿੱਤਾ। ਇਹ ਹੁਕਮ ਗੁਰੂ ਸਾਹਿਬ ਨੇ ਇਸ ਸ਼ਰਤ ‘ਤੇ ਮੰਨਿਆ ਕਿ ਉਹ ਮੁਗਲ ਫੌਜ ਨੂੰ ਲਲਕਾਰ ਕੇ ਨਿਕਲਣਗੇ। ਹਨੇਰੀ ਰਾਤ ਵਿਚ ਹੀ ਗੁਰੁ ਸਾਹਿਬ ਮੁਗਲ ਫੌਜ ਨੂੰ ਲਲਕਾਰ ਕੇ ਉਸ ਦੀਆਂ ਸਫਾਂ ਚੀਰ ਕੇ ਨਿਕਲ ਗਏ। ਇਸ ਦੇ ਨਾਲ ਹੀ ਇਤਿਹਾਸ ਦੇ ਪੰਨਿਆਂ ‘ਤੇ ਦਸ ਲੱਖ ਫੌਜ ਦੀ ਚਾਲੀ ਮਰਜੀਵੜਿਆਂ ਸਾਹਵੇਂ ਇਕ ਸ਼ਰਮਨਾਕ ਹਾਰ ਦਰਜ ਹੋ ਗਈ। ਇਸ ਉਪਰੰਤ ਮੁਗਲ ਫੌਜਾਂ ਨੇ ਖਿੱਝ ਕੇ ਧਰਤੀ ਦੇ ਇਕ ਟੁਕੜੇ ਤੋਂ ਤਾਂ ਚਮਕੌਰ ਦੀ ਗੜ੍ਹੀ ਨੂੰ ਤਹਿਸ-ਨਹਿਸ ਕਰਕੇ ਉਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ, ਪਰ ਇਹੀ ਚਮਕੌਰ ਗੜ੍ਹੀ ਇਤਿਹਾਸ ਦੇ ਪੰਨਿਆਂ ਵਿਚ ਇਸ ਸ਼ਾਨ ਨਾਲ ਸਥਾਪਿਤ ਹੋ ਗਈ ਕਿ ਸਦਾ ਹੀ ਇਨਕਲਾਬੀ ਲਹਿਰਾਂ ਲਈ ਇਕ ਪ੍ਰੇਰਨਾ ਸ੍ਰੋਤ ਬਣੀ ਰਹੇਗੀ।

ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿਚ ਸਥਾਪਿਤ ਹੋ ਚੁੱਕੀ ਚਮਕੌਰ ਦੀ ਗੜ੍ਹੀ ਸੁਨੇਹਾ ਦਿੰਦੀ ਹੈ, ਕਿ ਜਦੋਂ ਵੀ ਹੱਕ ਸੱਚ ਲਈ ਜੂਝਣ ਵਾਲੇ ਯੋਧੇ ਚਾਰ ਚੁਫੇਰਿੳਂ ਘੇਰ ਲਏ ਜਾਣ; ਜਦੋਂ ਵੀ ਸੱਚ ਧਰਮ ਲਈ ਜੂਝ ਮਰੇ ਮੁੱਠੀ ਭਰ ਮਰਜੀਵੜਿਆਂ ਦੀਆਂ ਲਾਸ਼ਾਂ ‘ਤੇ ਖਲ੍ਹੋ ਕੇ ਜ਼ਾਲਮ ਤਾਕਤਾਂ ਦੇ ਤਨਖਾਹਦਾਰ ਫੌਜੀ ਜਿੱਤ ਦਾ ਜਸ਼ਨ ਮਨਾਉਂਦੇ ਦਿਸਣ ਤਾਂ ਇਸ ਨੂੰ ਸੱਚ ਲਈ ਜੂਝ ਕੇ ਸ਼ਹੀਦ ਹੋਣ ਵਾਲੇ ਜੁਝਾਰੂ ਰਣ ਭੂਮੀ ਵਿਚ ਲਾਸ਼ ਬਣ ਕੇ ਡਿੱਗਦੇ ਹਨ ਤਾਂ ਉਹਨਾਂ ਦੀ ਛਾਤੀ ਵਿਚਲਾ ਜੁਝਾਰੂ ਜਜ਼ਬਾ ਜ਼ਾਲਮ ਫੌਜਾਂ ਦੇ ਕਟਕਾਂ ਦੀਆਂ ਸਫਾਂ ਨੂੰ ਚੀਰ ਕੇ ਲੋਕਾਂ ਤੀਕ ਜਾ ਅਪਣਦਾ ਹੈ ਤੇ ਫਿਰ ਲੋਕਾਂ ਵਿਚੋਂ ਸ਼ਹੀਦਾਂ ਨਾਲੋਂ ਕਈ ਗੁਣਾਂ ਵਧੇਰੇ ਜੁਝਾਰੂ ਪੈਦਾ ਹੋ ਜਾਂਦੇ ਹਨ।
ਇਹ ਸਿਲਸਿਲਾ ਉਦੋਂ ਤੀਕ ਚੱਲਦਾ ਰਹਿੰਦਾ ਹੈ, ਜਦੋਂ ਤੀਕ ਕਿਸੇ ਵੇਲੇ ਚਮਕੌਰ ਦੀ ਗੜ੍ਹੀ ਵਿਚ ਘੇਰਿਆ ਜਾਣ ਵਾਲਾ ਜੁਝਾਰੂ ਜਜ਼ਬਾ ਜ਼ਾਲਮ ਦੀ ਵਹਿਸ਼ਤ ਨੂੰ ਲਾਲ ਕਿਲ੍ਹੇ ਵਿਚ ਜਾ ਕੇ ਘੇਰਨ ਦੇ ਸਮਰੱਥ ਨਹੀਂ ਹੋ ਜਾਂਦਾ। ਅਜੀਤ ਸਿੰਘ ਜੁਝਾਰ ਸਿੰਘ ਤੋਂ ਲੈ ਕੇ ਬਘੇਲ ਸਿੰਘ ਕਰੋੜ ਸਿੰਘੀਆ ਤੀਕ ਦਾ ਸਿੱਖ ਇਤਿਹਾਸ ਹੀ ਇਸ ਅਹਿਮ ਹਕੀਕਤ ਦਾ ਜਿਊਂਦਾ ਜਾਗਦਾ ਪ੍ਰਮਾਣ ਹੈ।

  • 85
  •  
  •  
  •  
  •