ਸਿੱਖ ਜਥੇਬੰਦੀਆਂ ਨੇ ਸੰਘਰਸ਼ੀਲ ਹਰ ਕਿਸਾਨ ਨੂੰ “ਪਰਸਨ ਆਫ਼ ਦ ਯੀਅਰ-2020” ਐਲਾਨਿਆ

ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ, ਸਿੱਖ ਯੂਥ ਆਫ ਅਮਰੀਕਾ, ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਵੱਲੋਂ ‘ਅੰਦੋਲਨਕਾਰੀ ( ਸੰਘਰਸ਼ੀਲ) ਕਿਸਾਨ ਜਿਸਨੇ ਨਰਿੰਦਰ ਮੋਦੀ ਦੀ ਤਾਨਾਸ਼ਾਹ ਹਕੂਮਤ ਦੇ ਖੇਤੀ-ਮਾਰੂ ਕਾਲੇ ਕਾਨੂੰਨਾਂ ਨੂੰ ਚੈਲੰਜ ਕਰਨ ਦੀ ਹਿੰਮਤ ਅਤੇ ਦ੍ਰਿੜਤਾ ਦਿਖਾਈ ਹੈ, ਨੂੰ ਸਾਲ 2020 ਦੀ ਸਭ ਤੋਂ ਅਹਿਮ ਸ਼ਖਸ਼ੀਅਤ ਐਲਾਨਿਆ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਭਵਿੱਖ, ਆਰਥਿਕਤਾ ਅਤੇ ਹੋਂਦ ਨੂੰ ਸੁਰੱਖਿਅਤ ਕਰਨ ਲਈ ਨਰਿੰਦਰ ਮੋਦੀ ਦੀ ਫਾਸੀਵਾਦੀ ਹਕੂਮਤ ਵਲੋਂ ਘੜੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇ ਕੇ ਦ੍ਰਿੜਤਾ, ਸੂਝ-ਬੂਝ ਅਤੇ ਨਿਡੱਰਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ‘ਤੇ ਮਾਣ ਕਰਦਿਆਂ ਸਾਡੀਆਂ ਜਥੇਬੰਦੀਆਂ ‘ਸੰਘਰਸ਼ੀਲ ਕਿਸਾਨ’ ਨੂੰ ਸਾਲ 2020 ਦਾ (ਪਰਨਸ ਆਫ ਦ ਯੀਅਰ) ਸੱਭ ਤੋਂ ਅਹਿਮ ਸ਼ਖਸ਼ੀਅਤ ਐਲਾਨਦੀਆਂ ਹਨ। ਦਲ ਖਾਲਸਾ ਦੇ ਯੂਥ ਵਿੰਗ ‘ਸਿੱਖ ਯੂਥ ਆਫ ਪੰਜਾਬ’ ਨੇ ਇਸ ਸਬੰਧੀ ਪੋਸਟਰ ਵੀ ਜਾਰੀ ਕੀਤਾ।

ਆਪਣੇ ਫੈਸਲੇ ਬਾਰੇ ਖੁਲਾਸਾ ਕਰਦਿਆਂ, ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਜਦੋਂ ਖੇਤੀ ਨਾਲ ਸਬੰਧਤ ਤਿੰਨ ਕਾਨੂੰਨ ਬਣਾਏ ਤਾਂ ਕਿਸਾਨ ਨੇ ਆਪਣਾ ਵਿਰੋਧ ਜਿਤਾਇਆ, ਕਾਲੇ ਕਾਨੂੰਨਾਂ ਨੂੰ ਰੱਦ ਕਰਦਿਆਂ ਇਹਨਾਂ ਨੂੰ ਵਾਪਿਸ ਲੈਣ ਲਈ ਕੇਂਦਰ ਕੋਲੋਂ ਮੰਗ ਕੀਤੀ ਅਤੇ ਉਹ ੳਦੋਂ ਵੀ ਨਹੀਂ ਡੋਲੇ ਜਦੋਂ ਉਹਨਾਂ ਨੂੰ ਆਪਣੀ ਮੰਗ ਦੇ ਜੁਆਬ ਵਿੱਚ ਸਰਕਾਰ ਵੱਲੋਂ ਅਥਰੂ-ਗੈਸ, ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਮਿਲਿਆਂ। ਉਹ ਬੇਖੌਫ਼ ਹੋ ਕੇ ਦਿੱਲੀ ਨੂੰ ਕੂਚ ਕਰਦੇ ਗਏ ਅਤੇ ਦਿੱਲੀ ਜਾ ਘੇਰੀ।

ਉਹਨਾਂ ਦਸਿਆ ਕਿ ਕਿਸਾਨ ਅੰਦੋਲਨ ਕਿਸੇ ਇਕ ਵਿਅਕਤੀ ਜਾ ਜਥੇਬੰਦੀ ਨਾਲ ਜੁੜਿਆਂ ਨਹੀਂ ਹੈ। ਇਸੇ ਲਈ ਉਹਨਾਂ ਕਿਸਾਨ ਨੂੰ ਸਮੂਹਿਕ ਰੂਪ ਦੇ ਵਿੱਚ ਦੇਖਦਿਆਂ ਇਸ ਸਾਲ ਦੀ ਸਭ ਕੋ ਅਹਿਸ ਸ਼ਖ਼ਸੀਅਤ ਐਲਾਨਿਆ ਹੈ। ਉਹਨਾਂ ਹੋਰਨਾ ਸਿੱਖ ਸੰਸਥਾਵਾਂ ਨੂੰ ਵੀ ਸੰਘਰਸ਼ੀਲ ਕਿਸਾਨ ਨੂੰ ‘ਪਰਸਨ ਆਫ਼ ਦ ਯੀਅਰ’ ਐਲਾਨ ਕਰਨ ਦੀ ਅਪੀਲ ਕੀਤੀ।

ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਪੈਦਾ ਹੋਏ ਡੈਡਲੌਕ ਬਾਰੇ ਟਿਪਣੀ ਕਰਦਿਆਂ ਉਹਨਾਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਸਰਕਾਰ ਕਿਸਾਨਾਂ ਦੀ ਮੰਗ ਮੰਨਦੇ ਹੋਏ ਕਾਨੂੰਨ ਵਾਪਿਸ ਲੈਂਦੀ ਹੈ ਜਾਂ ਸਰਕਾਰੀ ਬਲ ਦੀ ਵਰਤੋਂ ਕਰਕੇ ਜਾਂ ਛੱਲ-ਕਪਟ ਦੀ ਨੀਤੀ ਵਰਤਕੇ ਅੰਦੋਲਨ ਨੂੰ ਅਸਫਲ ਕਰਨ ਦੀ ਚਾਲ ਖੇਡਦੀ ਹੈ ਪਰ ਇੱਕ ਗੱਲ ਤਹਿ ਹੈ ਕਿ ਨਰਿੰਦਰ ਮੋਦੀ ਦੀ ਧਮਕ ਅਤੇ ਚੜਤ ਨੂੰ ਕਿਸਾਨ ਅੰਦੋਲਨ ਨੇ ਫਿੱਕਾ ਪਾ ਦਿੱਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਯੂਥ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਗੁਰਨਾਮ ਸਿੰਘ ਮੂਨਕਾਂ ਅਤੇ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਮੌਜੂਦ ਸਨ।

  •  
  •  
  •  
  •  
  •