ਅਮਰੀਕਾ ਦੇ ਸੱਤ ਸੰਸਦ ਮੈਂਬਰਾਂ ਨੇ ਕਿਸਾਨੀ ਸੰਘਰਸ਼ ਦਾ ਮੁੱਦਾ ਚੁੱਕਿਆ

ਭਾਰਤ ‘ਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਅਤੇ ਪੰਜਾਬ ਦੇ ਕਿਸਾਨਾਂ ਦਾ ਸਮਰਥਨ ਦੁਨੀਆਂ ਦੇ ਹਰ ਕੋਨੇ ‘ਚ ਹੋ ਰਿਹਾ ਹੈ। ਹੁਣ ਸੱਤ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਸੱਕਤਰ ਵਿਦੇਸ਼ ਮੰਤਰੀ (ਸੈਕਟਰੀ ਆਫ਼ ਸਟੇਟ ) ਮਾਈਕ ਪੋਂਪੀਓ ਨੂੰ ਪੱਤਰ ਲਿਖਿਆ ਹੈ ਅਤੇ ਉਸ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਾਲ ਭਾਰਤ ਵਿੱਚ ਕਿਸਾਨੀ ਅੰਦੋਲਨ ਦਾ ਮੁੱਦਾ ਚੁੱਕਣ।

ਭਾਰਤ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਇਹ ਲੋਕਤੰਤਰੀ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਇਸ ‘ਤੇ ਅਮਰੀਕੀ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਮਸਲਾ ਵਿਸ਼ੇਸ਼ ਤੌਰ ‘ਤੇ ਸਿੱਖ ਅਮਰੀਕੀ ਲੋਕਾਂ ਨਾਲ ਸਬੰਧਤ ਹੈ, ਜੋ ਪੰਜਾਬ ਨਾਲ ਸਬੰਧਤ ਹਨ। ਸੰਸਦ ਮੈਂਬਰਾਂ ਨੇ ਪੱਤਰ ਵਿੱਚ ਲਿਖਿਆ ਕਿ ਬਹੁਤ ਸਾਰੇ ਭਾਰਤੀ-ਅਮਰੀਕੀ ਸਿੱਧਾ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਨਾਲ ਜੁੜੇ ਹੋਏ ਹਨ। ਇਸ ਲਈ ਉਹ ਭਾਰਤ ਵਿਚ ਰਹਿੰਦੇ ਆਪਣੇ ਪਰਿਵਾਰ ਦੀ ਚਿੰਤਾ ਕਰ ਰਹੇ ਹਨ। ਅਸੀਂ ਤੁਹਾਨੂੰ ਇਸ ਗੰਭੀਰ ਮੁੱਦੇ ‘ਤੇ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕਰਨ ਦੀ ਅਪੀਲ ਕਰਦੇ ਹਾਂ।

ਪੱਤਰ ‘ਚ ਕਿਹਾ ਕਿ ਅਸੀਂ ਉਨ੍ਹਾਂ ਦੇ ਅਧਿਕਾਰਾਂ ਨੂੰ ਵੀ ਸਵੀਕਾਰ ਕਰਦੇ ਹਾਂ ਜਿਹੜੇ ਇਸ ਕਾਨੂੰਨ ਦੇ ਵਿਰੁੱਧ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਨਵੇਂ ਕਾਨੂੰਨਾਂ ਨੂੰ ਕਿਸਾਨ ਆਪਣੀ ਆਰਥਿਕ ਸੁਰੱਖਿਆ ‘ਤੇ ਇੱਕ ਹਮਲੇ ਦੇ ਰੂਪ ਵਿੱਚ ਵੇਖਦੇ ਹਨ। ਉਨ੍ਹਾਂ ਪੱਤਰ ‘ਚ ਆਖਿਆ ਕਿ ਸ਼ਾਂਤਮਈ ਦਿੱਲੀ ਵੱਲ ਵਧ ਰਹੇ ਕਿਸਾਨਾਂ ‘ਤੇ ਜ਼ਾਲਮਾਨਾ ਅੰਦਾਜ਼ ਵਿਚ ਅੱਥਰੂ ਗੈਸ ਦੇ ਗੋਲੇ ਸੁੱਟਣੇ, ਲਾਠੀਚਾਰਜ ਕਰਨਾ, ਕੰਡਿਆਲੀ ਤਾਰਾਂ ਅਤੇ ਬੈਰੀਕੇਡ ਨਾਲ ਰੋਕਣਾ ਮੰਦਭਾਗਾ ਹੈ। ਅਸੀਂ ਅੰਤਰਾਸ਼ਟਰੀ ਮੀਡੀਆ ‘ਚ ਇਹ ਸਭ ਦੇਖਣ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕਰ ਰਹੇ ਹਾਂ। ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ, ਅਸੀਂ ਤੁਹਾਨੂੰ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕਰਨ ਲਈ ਤਾਕੀਦ ਕਰਦੇ ਹਾਂ।

ਇਸ ਪੱਤਰ ‘ਤੇ ਕਾਂਗਰਸ ਦੇ ਮੈਂਬਰ ਡੋਨਾਲਡ ਨੌਰਕ੍ਰਾਸ, ਪਰਮਿਲਾ ਜੈਪਾਲ, ਬ੍ਰੈਂਡਨ ਐਫ ਬੋਇਲ, ਬ੍ਰਾਇਨ ਫਿਟਜ਼ਪਟਰਿਕ, ਮੈਰੀ ਗੇ ਸਕਨਾਲਨ, ਡੇਬੀ ਡਿੰਜੈਲ ਅਤੇ ਡੇਵਿਡ ਟ੍ਰੋਨ ਦੇ ਦਸਤਖਤ ਹਨ। ਪਿਛਲੇ ਕੁਝ ਹਫ਼ਤਿਆਂ ਵਿੱਚ, ਇੱਕ ਦਰਜਨ ਤੋਂ ਵੱਧ ਯੂਐਸ ਕਾਂਗਰਸੀਆਂ ਨੇ ਭਾਰਤ ਵਿੱਚ ਕਿਸਾਨਾਂ ਦੁਆਰਾ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ।

ਇਸ ਮਹੀਨੇ ਦੇ ਸ਼ੁਰੂ ਵਿਚ, ਅਮਰੀਕੀ ਸਿੱਖ ਕੌਕਸ ਦੇ ਸਹਿ-ਚੇਅਰਮੈਨ, ਜੌਹਨ ਗਰਮੈਂਡੀ, ਅਮਰੀਕੀ ਸਿੱਖ ਕਾਕਸ ਦੀ ਕਾਂਗਰਸਮੈਨ ਜਿੰਮ ਕੋਸਟਾ ਅਤੇ ਕਾਂਗਰਸਮੈਨ ਸ਼ੈਲੀਆ ਜੈਕਸਨ ਲੀ ਨੇ ਹੋਰ ਮੈਂਬਰਾਂ ਸਮੇਤ ਭਾਰਤੀ ਅਮਰੀਕੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇਕ ਪੱਤਰ ਭੇਜ ਕੇ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਡੈਮੋਕਰੇਟਿਕ ਅਮਰੀਕੀ ਨਿਆਂਕਾਰ ਡੇਵਿਡ ਟ੍ਰੋਨ ਨੇ ਮੰਗਲਵਾਰ ਨੂੰ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ।

  • 108
  •  
  •  
  •  
  •