ਕਿਸਾਨੀ ਸੰਘਰਸ਼ ਦੀ ਜਿੱਤ ਲਈ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈਣੀ ਜ਼ਰੂਰੀ: ਭਾਈ ਹਵਾਰਾ ਕਮੇਟੀ

ਅੰਮ੍ਰਿਤਸਰ: ਸ਼ਹੀਦਾਂ ਦੀ ਕੁਰਬਾਨੀਆਂ ਪ੍ਰੇਰਣਾ ਦਾ ਸੋਮਾ ਅਤੇ ਕੌਮਾਂ ਦੇ ਭਵਿੱਖ ਦੀ ਸਿਰਜਣਾ ਦਾ ਮਾਰਗ ਦਰਸ਼ਕ ਹੁੰਦੀਆਂ ਹਨ। ਸ਼ਹੀਦਾਂ ਦੇ ਵਾਰਿਸ ਹਕੂਮਤ ਖ਼ਿਲਾਫ਼ ਬੇਇਨਸਾਫੀ ਦੀ ਜੰਗ ਨੂੰ ਅਧਵਾਟੇ ਵਿੱਚ ਨਹੀਂ ਛੱਡਦੇ। ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਦਿੱਤੇ।

ਕਮੇਟੀ ਆਗੂਆਂ ਨੇ ਕਿਹਾ ਖੇਤਬਾੜੀ ਵਿਰੁੱਧ ਪਾਸ ਕੀਤੇ ਤਿੰਨ ਕਾਨੂੰਨ ਨਰਿੰਦਰ ਮੋਦੀ ਵੱਲੋਂ ਆਰਥਿਕ ਅੱਤਵਾਦ ਦੇ ਹਮਲੇ ਦਾ ਸ਼ਿਖਰ ਹੈ। ਜਿਸਨੂੰ ਰੱਦ ਕਰਾਉਣ ਲਈ ਹੁਣ ਤੱਕ ਦੋ ਦਰਜਨ ਤੋਂ ਵੱਧ ਕਿਸਾਨ ਆਪਣੀ ਜਾਨਾਂ ਵਾਰ ਚੁੱਕੇ ਹਨ ਜਿਸਦੀ ਜਿੰਮੇਵਾਰ ਮੋਦੀ ਸਰਕਾਰ ਹੈ। ਅੱਜ ਦੇ ਕਿਸਾਨਾਂ ਤੇ ਸਮੁੱਚੀ ਸਿੱਖ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੇ ਔਰੰਗਜੇਬ ਦੇ ਜ਼ੁਲਮੀ ਤੇ ਅੱਤਿਆਚਾਰੀ ਹਮਲਿਆਂ ਦਾ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਸੀ। ਛੋਟੇ ਸਾਹਿਬਜ਼ਾਦਿਆਂ ਨੇ ਹਕੂਮਤ ਵੱਲੋਂ ਪੇਸ਼ ਕੀਤੇ ਗਏ ਲਾਲਚ, ਦੌਲਤਾਂ ਅਤੇ ਰਾਜ ਭਾਗ ਨੂੰ ਠੁਕਰਾ ਦਿੱਤਾ ਸੀ।

ਹਕੂਮਤ ਦੇ ਡਰਾਵੇ ਤੋਂ ਬੇਪ੍ਰਵਾਹ ਰਹੇ। ਅੱਜ ਸਾਨੂੰ ਚਮਕੌਰ ਦੀ ਗੜ੍ਹੀ ਤੇ ਸਰਹੰਦ ਦੀ ਦੀਵਾਰ ਮੋਦੀ ਸਰਕਾਰ ਵਿਰੁੱਧ ਵਿੱਡੀ ਹੱਕ-ਸੱਚ ਦੀ ਜੰਗ ਵਿੱਚ ਫਤਹਿਯਾਬੀ ਹਾਸਲ ਕਰਨ ਲਈ ਪ੍ਰੇਰਣਾ ਦੇ ਰਹੀ ਹੈ। ਮਾਤਾ ਗੁਜਰੀ ਜੀ ਤੇ ਗੁਰੂ ਕੇ ਲਾਲਾਂ ਨੇ ਠੰਡੇ ਬੁਰਜ ਵਿੱਚ ਪੋਹ ਦੇ ਮਹੀਨੇ ਵਿੱਚ ਜੋ ਅਡੋਲਤਾ, ਸਿਦਕ ਤੇ ਸਿਰੜ ਦਾ ਪਾਠ ਸਿੱਖ ਕੌਮ ਨੂੰ ਪੜਾਇਆ ਹੈ ਉਹ ਅੱਜ ਦੇ ਸੰਘਰਸ਼ ਦੀ ਜਿੱਤ ਲਈ ਮੂਲ ਆਧਾਰ ਹੈ। ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਆਦਿ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਕਿਸਾਨਾਂ ਦੀ ਜਿੱਤ ਪੱਕਾ ਹੋਵੇਗੀ। ਉਨ੍ਹਾਂ ਸਮੁੱਚੇ ਪੰਜਾਬ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਕਿਸਾਨ ਸੰਘਰਸ਼ ਵਿੱਚ ਘੱਟੋ-ਘੱਟ ਇੱਕ ਵਾਰ ਹਾਜ਼ਰੀ ਜ਼ਰੂਰ ਲਗਵਾਉਣ ਤੇ ਆਪਣੇ ਆਕੀਦੇ ਮੁਤਾਬਕ ਸਫਲਤਾ ਲਈ ਅਰਦਾਸ ਕਰਣ।

  • 123
  •  
  •  
  •  
  •