328 ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਅਦਾਲਤ ‘ਚ ਪੁੱਜਾ
ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ‘ਚੋਂ ਲਾਪਤਾ ਦੱਸੇ ਜਾਂਦੇ 328 ਪਾਵਨ ਸਰੂਪ ਮਾਮਲੇ ਦੇ ਦੋਸ਼ੀਆਂ ਵਿਰੁੱਧ ਪਰਚੇ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਵੱਲੋਂ ਸਥਾਨਕ ਮਾਨਯੋਗ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿਚ ਦਾਇਰ ਕੀਤੀ ਰਿਟ ਪਟੀਸ਼ਨ ਦੇ ਸਬੰਧ ਵਿਚ ਸਬੰਧਿਤ ਪੁਲਿਸ ਥਾਣੇ ਦੇ ਐੱਸ.ਐੱਚ.ਓ. ਨੂੰ 8 ਜਨਵਰੀ ਨੂੰ ਅਦਾਲਤ ਵੱਲੋਂ ਤਲਬ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਸਦਭਾਵਨਾ ਦਲ, ਜਿਸ ਵੱਲੋਂ ਬੀਤੇ 50 ਦਿਨਾਂ ਤੋਂ ਲਾਪਤਾ ਪਾਵਨ ਸਰੂਪ ਮਾਮਲੇ ਦੇ ਦੋਸ਼ੀਆਂ ਵਿਰੁੱਧ ਪੁਲਿਸ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਵਿਰਾਸਤੀ ਮਾਰਗ ਵਿਖੇ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਦੇ ਮੁਖੀ ਤੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਦੱਸਿਆ ਕਿ ਸੰਸਥਾ ਵਲੋਂ ਬਲਵਿੰਦਰ ਸਿੰਘ ਦੁਆਰਾ ਦਾਇਰ ਕੀਤੀ ਰਿਟ ਪਟੀਸ਼ਨ, ‘ਬਲਵਿੰਦਰ ਸਿੰਘ ਵਰਸਜ਼ ਗੋਬਿੰਦ ਸਿੰਘ’ ਲੌਂਗੋਵਾਲ ਮਾਮਲੇ ਵਿਚ ਸ: ਹਰਪ੍ਰੀਤ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਅੰਮਿ੍ਤਸਰ ਨੇ ਸਬੰਧਿਤ ਥਾਣਾ ਮੁਖੀ ਨੂੰ ਤਲਬ ਕਰਕੇ 8 ਜਨਵਰੀ ਨੂੰ ਅਦਾਲਤ ਵਿਚ ਪੇਸ਼ ਹੋ ਕੇ ਰਿਪੋਰਟ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।

ਭਾਈ ਵਡਾਲਾ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਵਿਰੁੱਧ ਪੁਲਿਸ ਕੇਸ ਦਰਜ ਨਹੀਂ ਹੋ ਜਾਂਦਾ, ਸਿੱਖ ਸਦਭਾਵਨਾ ਦਲ ਵਲੋਂ ਗੁ: ਅਕਾਲ ਬੁੰਗਾ ਸਾਹਿਬ ਸੋਹਾਣਾ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਰੋਸ ਧਰਨਾ ਜਾਰੀ ਰਹੇਗਾ ਤੇ ਮੰਤਰੀਆਂ ਦੇ ਘਰਾਂ ਦੇ ਘਿਰਾਉ ਵੀ ਕੀਤੇ ਜਾਣਗੇ।
60