ਅੱਜ ਜਨਮ ਦਿਹਾੜੇ ‘ਤੇ ਵਿਸ਼ੇਸ਼: ਸ਼ਹੀਦ ਊਧਮ ਸਿੰਘ

ਕਹਿੰਦੇ ਆ ਕਿ ਊਧਮ ਸਿੰਘ ਆਸਟ੍ਰੇਲੀਆ ਮਹਾਂਦੀਪ ਤੋਂ ਇਲਾਵਾ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਸੀ ਜਿੱਥੇ ਉਹ ਗਿਆ ਨਾ ਹੋਵੇ। ਸ਼ੇਰ ਬੱਗਾ ਸਮੁੰਦਰੀ ਜਹਾਜ਼ ਤੋਂ ਲੈ ਕੇ ਹਵਾਈ ਜ਼ਹਾਜ ਤੱਕ ਸਭ ਚੀਜ਼ਾਂ ਦਾ ਮਾਹਰ ਸੀ। ਉਹ ਹਥਿਆਰ ਅਤੇ ਕਰੰਸੀ ਨੋਟ ਵੀ ਖੁਦ ਤਿਆਰ ਕਰ ਲੈਂਦਾ ਸੀ। ਤੁਸੀ ਹੈਰਾਨ ਹੋਵੋਗੇ ਕਿ ਊਧਮ ਸਿੰਘ ਲੰਡਨ ਦੇ ਡੈਨਹਮ ਫਿਲਮ ਸਟੂਡੀਓ ਦੁਆਰਾ ਬਣਾਈਆਂ ਫਿਲਮਾਂ ਵਿੱਚ ਕੰਮ ਕਰਦਾ ਰਿਹਾ ਸੀ ਤੇ ਉਸਨੂੰ ਇਕ ਤੋਂ ਵੱਧ ਦੁਨੀਆਂ ਦੀਆਂ ਭਾਸ਼ਾਵਾਂ ਦਾ ਗਿਆਨ ਸੀ। ਗੁਪਤ ਫਾਈਲਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਊਧਮ ਸਿੰਘ ਨੇ ਰੂਸ ਅਤੇ ਜਰਮਨ ਸਰਕਾਰਾਂ ਨਾਲ ਵੀ ਗੁਪਤ ਸੰਬੰਧ ਕਾਇਮ ਕੀਤਾ ਹੋਇਆ ਸੀ।

13 ਅਪ੍ਰੈਲ 1919 ਨੂੰ ਵਿਸਾਖੀ ਦਾ ਦਿਨ ਸਰਕਾਰ ਜਾਣਦੀ ਸੀ ਕਿ ਇਸ ਦਿਨ ਭਾਰੀ ਗਿਣਤੀ ਵਿੱਚ ਲੋਕ ਅੰਮ੍ਰਿਤਸਰ ਆਉਣਗੇ। ਬ੍ਰਿਟਿਸ਼ ਹਕੂਮਤ ਨੇ ਆਪਣੀ ਚਾਲ ਚਲਦਿਆਂ ਆਪਣੇ ਇੱਕ ਏਜੰਟ ਹੰਸਰਾਜ ਨੂੰ ਜੋ ਕਿ ਉਸ ਸਮੇਂ ਦੀ ਜਿਲ੍ਹਾ ਕਾਂਗਰਸ ਕਮੇਟੀ ਦਾ ਅਹੁਦੇਦਾਰ ਸੀ ਨੂੰ ਬ੍ਰਿਟਿਸ਼ ਹਕੂਮਤ ਦੇ ਖਿਲਾਫ ਜਲ੍ਹਿਆਂ ਵਾਲੇ ਬਾਗ ਜਲਸਾ ਕਰਨ ਲਈ ਕਿਹਾ। ਇਸ ਸੋਚੇ ਸਮਝੇ ਤਰੀਕੇ ਰਾਹੀਂ ਕੀਤੇ ਗਏ ਇਕੱਠ ਉਪਰ ਜਰਨਲ ਡਾਇਰ ਨੇ ਮਾਇਕਲ ਉਡਵਾਇਰ ਦੇ ਹੁਕਮ ਦੇ ਨਾਲ਼ ਬਿਨਾਂ ਕਿਸੇ ਵਾਰਨਿੰਗ ਦੇ ਗੋਲੀ ਚਲਾ ਕੇ 2000 ਨਿਹੱਥੇ ਅਤੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਲ੍ਹਿਆਂ ਵਾਲੇ ਬਾਗ ਦੇ ਗੋਲੀ ਕਾਂਡ ਦੌਰਾਨ ਊਧਮ ਸਿੰਘ ਜਲਸੇ ਵਿਚ ਇਕੱਤਰ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ, ਇਸ ਗੋਲੀ ਕਾਂਡ ਵਿਚ ਊਧਮ ਸਿੰਘ ਦੀ ਬਾਂਹ ਵਿਚ ਵੀ ਗੋਲੀ ਲੱਗੀ ਅਤੇ ਗੰਭੀਰ ਹਾਲਤ ਹੋਣ ਦੇ ਬਾਵਜੂਦ ਉਹ ਗੰਭੀਰ ਜਖ਼ਮੀ ਵਿਅਕਤੀਆਂ ਨੂੰ ਸੰਭਾਲਦਾ ਰਿਹਾ।

ਦੂਸਰੇ ਦਿਨ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਸੈਂਟਰਲ ਖਾਲਸਾ ਯਤੀਮਖਾਨੇ ਦੇ ਗੱਡੇ ਰਾਹੀਂ ਗੋਲੀ ਕਾਂਡ ਵਿਚ ਮਾਰੇ ਲੋਕਾਂ ਦਾ ਅੰਤਿਮ ਸੰਸਕਾਰ ਕਰਦਾ ਰਿਹਾ। ਇਸ ਅੱਖੀਂ ਦੇਖੇ ਹੱਤਿਆ ਕਾਂਡ ਨੇ ਊਧਮ ਸਿੰਘ ਦੇ ਵਿਅਕਤੀਤਵ ਨੂੰ ਇੱਕ ਕ੍ਰਾਂਤੀਕਾਰੀ ਅਤੇ ਇੱਕ ਮਿਸ਼ਨ ਵਿੱਚ ਪਰਿਪੱਕ ਕਰ ਦਿੱਤਾ ਅਤੇ ਉਸਨੇ ਇਸ ਗੋਲੀ ਕਾਂਡ ਦੇ ਜਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਮਨ ਵਿੱਚ ਠਾਣ ਲਈ। ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਏਸ਼ੀਅਨ ਸੁਸਾਇਟੀ ਨੇ 13 ਮਾਰਚ 1940 ਨੂੰ ਕੈਕਸਟਨ ਹਾਲ, ਵੈਸਟ ਮਨਿਸਟਰ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ। ਡੇਢ ਘੰਟੇ ਦੀ ਮੀਟਿੰਗ ਦੇ ਅਖੀਰ ਤੇ ਊਧਮ ਸਿੰਘ ਨੇ ਗੋਲੀ ਚਲਾ ਕੇ ਜਲ੍ਹਿਆਂ ਵਾਲੇ ਬਾਗ ਦੇ ਗੋਲੀ ਕਾਂਡ ਦੇ ਮੁੱਖ ਦੋਸ਼ੀ ਮਾਈਕਲ ਉਡਵਾਇਰ ਨੂੰ ਖਤਮ ਕਰ ਦਿੱਤਾ ਤੇ ਤਿੰਨ ਹੋਰ ਜ਼ਖਮੀ ਹੋ ਗਏ। ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ।

ਜਿਸ ਸਮੇਂ ਊਧਮ ਸਿੰਘ ਨੂੰ ਹੱਥਕੜੀ ਲਗਾ ਕੇ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ ਤਾਂ ਪ੍ਰੈਸ ਦੇ ਨੁਮਾਇੰਦੇ ਘਟਨਾ ਦੀ ਪੜਤਾਲ ਕਰਨ ਲਈ ਉਥੇ ਪੁੱਜ ਗਏ। ਮੌਕੇ ਦੇ ਗਵਾਹਾਂ ਅਨੁਸਾਰ ਊਧਮ ਸਿੰਘ ਫੋਟੋਗ੍ਰਾਫਰ ਵੱਲ ਦੇਖ ਕੇ ਮੁਸਕੁਰਾਇਆ ਜਦੋਂ ਉਸ ਨੂੰ ਪੁਲਿਸ ਦੁਆਰਾ ਲਿਜਾਇਆ ਜਾ ਰਿਹਾ ਸੀ ਤਾਂ ਉਹ ਬਿਲਕੁਲ ਸ਼ਾਂਤ ਚਿੱਤ ਸੀ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਦੌਰਾਨ ਮੁੱਖ ਕਾਂਸਟੇਬਲ ਮਿ: ਹੋਰਵੋਲ ਨੇ ਊਧਮ ਸਿੰਘ ਨਾਲ ਗੈਰ ਮਨੁੱਖੀ ਤਰੀਕੇ ਨਾਲ ਪੁੱਛਗਿੱਛ ਕੀਤੀ।

ਕੈਕਸਟਨ ਹਾਲ ਦੀ ਖਬਰ ਦੁਨੀਆਂ ਦੀਆਂ ਸਾਰੀਆਂ ਅਖਬਾਰਾਂ ਨੇ 14 ਮਾਰਚ 1940 ਨੂੰ ਸੁਰਖੀਆਂ ਵਿੱਚ ਊਧਮ ਸਿੰਘ ਦੀ ਫੋਟੋ ਨਾਲ ਛਾਪੀ ਸੀ। ਉਸ ਸਮੇਂ ਊਧਮ ਸਿੰਘ ਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਸੀ। ਉਸ ਸਮੇਂ ਦੁਨੀਆਂ ਵਿੱਚ ਕਿਸੇ ਵੀ ਘਟਨਾ ਨੂੰ ਇੰਨੀ ਲੋਕਪ੍ਰਿਯਤਾ ਨਹੀਂ ਮਿਲੀ, ਜਿੰਨੀ ਕਿ 13 ਮਾਰਚ 1940 ਦੀ ਘਟਨਾ ਨੂੰ ਮਿਲੀ ਇਹ ਖਬਰ ਸਵੇਰ ਤੋਂ ਅੱਧੀ ਰਾਤ ਤੱਕ ਫਰਾਂਸੀਸੀ, ਸਪੇਨੀ, ਇਤਾਲਵੀ, ਅੰਗਰੇਜ਼ੀ, ਤੁਰਕੀ, ਰੋਮਾਨੀਅਨ ਤੇ ਰੂਸੀ ਭਾਸ਼ਾਵਾਂ ਵਿੱਚ ਨਸ਼ਰ ਕੀਤੀ ਜਾਂਦੀ ਰਹੀ। ਉਸ ਸਮੇਂ ਜਦੋਂ ਕਿ ਸੰਸਾਰ ਜੰਗ ਜਾਰੀ ਸੀ, ਜੰਗ ਦੀ ਬਜਾਏ ਇਹ ਖਬਰ ਮੁੱਖ ਰੂਪ ‘ਚ ਛਾਈ ਹੋਈ ਸੀ।

ਸੈਂਟਰਲ ਕ੍ਰਿਮੀਨਲ ਕੋਰਟ ਓਲਡ ਬੇਲੀ ਲੰਡਨ ਵਿੱਚ ਦੋ ਦਿਨ ਦੀ ਕਾਨੂੰਨੀ ਕਾਰਵਾਈ ਉਪਰੰਤ ਜਿਊਰੀ ਨੂੰ ਊਧਮ ਸਿੰਘ ਦੇ ਮੁਕੱਦਮੇ ਬਾਰੇ ਫੈਸਲਾ ਕਰਨ ਤੇ ਉਸ ਨੂੰ ਦੋਸ਼ੀ ਠਹਿਰਾਉਣ ਵਿੱਚ ਤਕਰੀਬਨ 90 ਮਿੰਟ ਦਾ ਸਮਾਂ ਲੱਗਾ। ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਊਧਮ ਸਿੰਘ ਨੂੰ ਪੁੱਛਿਆ ਕਿ ਕੀ ਉਹ ਕੁਝ ਕਹਿਣਾ ਚਾਹੁੰਦਾ ਹੈ? ਊਧਮ ਸਿੰਘ ਨੇ ਮੁਸਕਰਾ ਆਪਣੀਆਂ ਐਨਕਾਂ ਲਾ ਲਈਆਂ ਹੌਲੀ ਜਿਹੀ ਵਾਰਡਨਾਂ ਨੂੰ ਕੁਝ ਕਿਹਾ ਅਤੇ ਆਪਣੀ ਜੇਬ ਵਿੱਚੋਂ ਗੁਰਮੁਖੀ ਉਰਦੂ ਅਤੇ ਅੰਗਰੇਜ਼ੀ ਵਿੱਚ ਤਿਆਰ ਕੀਤਾ ਅੱਠ ਸਫਿਆਂ ਦਾ ਬਿਆਨ ਕੱਢਿਆ ਤੇ ਉਚੀ-ਉਚੀ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ। ਇਹ ਬ੍ਰਿਟਿਸ਼ ਸਾਮਰਾਜ ਵਿਰੁੱਧ ਇੱਕ ਕ੍ਰਾਂਤੀਕਾਰੀ ਬਿਆਨ ਸੀ। ਇਸ ਬਹਾਦਰ ਯੋਧੇ ਨੇ 31 ਜੁਲਾਈ 1940 ਨੂੰ ਸਵੇਰੇ ਠੀਕ 9 ਵਜੇ ਇੰਗਲੈਂਡ ਦੀ ਪੈਂਟਨਵਿਲੇ ਜੇਲ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਿਆ। 31 ਜੁਲਾਈ 1974 ਨੂੰ ਇਸ ਮਹਾਨ ਸੂਰਮੇ ਦੀਆਂ ਅਸਥੀਆਂ ਨੂੰ ਇੰਗਲੈਂਡ ਤੋਂ ਲਿਆਉਣ ਉਪਰੰਤ ਸੁਨਾਮ ਵਿਖੇ ਪੂਰੇ ਜਾਹੋ ਜਲਾਲ ਅਤੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ।

  • 96
  •  
  •  
  •  
  •