ਯੂਕੇ-ਫਰਾਂਸ ਸਰਹੱਦ ’ਤੇ ਫਸੇ ਹਜ਼ਾਰਾਂ ਟਰੱਕ ਡਰਾਇਵਰਾਂ ਲਈ ਸਿੱਖਾਂ ਨੇ ਲਾਇਆ ਲੰਗਰ, ਸਭ ਪਾਸੇ ਹੋਈ ਸ਼ਲਾਘਾ

ਯੂਕੇ-ਫਰਾਂਸ ਸਰਹੱਦ ‘ਤੇ ਫਸੇ ਹਜ਼ਾਰਾਂ ਭੁੱਖੇ ਟਰੱਕ ਡਰਾਇਵਰਾਂ ਦੇ ਲਈ ਸਿੱਖ ਸੰਸਥਾਵਾਂ ਫਰਿਸ਼ਤਾ ਬਣ ਕੇ ਅੱਗੇ ਆਈਆਂ। ਤਕਰੀਬਨ 2,850 ਟਰੱਕ ਕੈਂਟ ਵਿਚ ਫਸੇ ਹੋਏ ਸਨ। ਐਤਵਾਰ ਨੂੰ ਫਰਾਂਸ ਵੱਲੋਂ ਆਪਣੀ ਬ੍ਰਿਟੇਨ ਦੀ ਸਰਹੱਦ ਨੂੰ ਕੋਰੋਨਾ ਦੇ ਨਵੇਂ ਰੂਪ ਦੇ ਫੈਲਣ ਦੀ ਚਿੰਤਾ ਦੇ ਵਿਚਕਾਰ ਬੰਦ ਕਰਨ ਤੋਂ ਬਾਅਦ ਇਹ ਸਥਿਤੀ ਬਣ ਗਈ ਸੀ। ਫ਼ਿਰ ਲੰਗਰ ਏਡ ਅਤੇ ਖਾਲਸਾ ਏਡ ਜਿਹੀਆਂ ਮਨੁੱਖੀ ਭਲਾਈ ਸੰਸਥਾਵਾਂ ਅੱਗੇ ਆਈਆਂ ਅਤੇ ਫਸੇ ਬੱਸ ਡਰਾਇਵਰਾਂ ਨੂੰ ਖਾਣਾ ਮੁਹੱਈਆ ਕਰਵਾਇਆ।

ਖਾਲਸਾ ਏਡ ਦੇ ਮੈਂਬਰ ਕੈਂਟ ਵਿਚ ਫਸੇ ਡਰਾਇਵਰਾਂ ਨੂੰ ਗਰਮ ਲੰਗਰ ਦੀ ਸੇਵਾ ਕਰਨ ਲਈ ਤਕਰੀਬਨ 338 ਕਿਲੋਮੀਟਰ ਦੂਰੀ ਤੋਂ ਆਏ। ਲੰਗਰ ਏਡ ਦੇ ਮੈਂਬਰਾਂ ਨੇ, ਜੋ ਆਪਣੇ ਪਰਉਪਕਾਰੀ ਕੰਮਾਂ ਲਈ ਜਾਣੇ ਜਾਂਦੇ ਹਨ, ਠੰਡੇ ਅਤੇ ਬਰਸਾਤੀ ਮੌਸਮ ਵਿਚ ਪਾਣੀ ਅਤੇ ਭੋਜਨ ਲੈਣ ਲਈ ਲੰਬਾ ਸਫ਼ਰ ਤੈਅ ਕੀਤਾ।

ਕੈਂਟ ਦੇ ਗਰੇਵਸੇਂਡ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਚ ਸਿੱਖ ਸੰਸਥਾਵਾਂ ਵੱਲੋਂ ਲੰਗਰ ਬਣਾ ਕੇ ਸਰਹੱਦ ‘ਤੇ ਫਸੇ ਟਰੱਕ ਡਰਾਇਵਰਾਂ ਲਈ ਭੇਜਿਆ ਗਿਆ। ਟਰੱਕ ਡਰਾਇਵਰਾਂ ਲਈ ਪੌਸ਼ਟਿਕ ਅਤੇ ਸੁਰੱਖਿਅਤ ਲੰਗਰ ਪਕਾਇਆ ਜਿਸ ਵਿੱਚ ਚਾਵਲ, ਦਾਲ, ਛੋਲੇ, ਪਾਸਤਾ ਅਤੇ ਮਸ਼ਰੂਮ ਸ਼ਾਮਲ ਹਨ। ਲੰਗਰ ਦੇ ਨਾਲ ਹੀ ਰੈਸਟੋਰੈਂਟ ਤੋਂ ਟਰੱਕ ਡਰਾਈਵਰਾਂ ਲਈ ਫੂਡ ਪੈਕਟ ਦਿੱਤੇ ਗਏ ਹਨ। ਇਕ ਸਥਾਨਕ ਸਿੱਖ ਕਾਰੋਬਾਰੀ ਵੱਲੋਂ 1000 ਪੀਜ਼ਾ ਦਾਨ ਕੀਤਾ ਗਿਆ।

ਸਿਰਫ ਲੰਗਰ ਸਹਾਇਤਾ ਹੀ ਨਹੀਂ, ਬੀਬੀਸੀ ਦੇ ਅਨੁਸਾਰ, ਕਈ ਸਿੱਖ ਸੰਸਥਾਵਾਂ ਉਡੀਕ ਕਰ ਰਹੇ ਡਰਾਈਵਰਾਂ ਦੀ ਸਹਾਇਤਾ ਲਈ ਅੱਗੇ ਆਉਂਦੀਆਂ ਰਹੀਆਂ ਹਨ। ਉਹ ਸਹਾਇਤਾ ਏਜੰਸੀਆਂ ਦੇ ਨਾਲ-ਨਾਲ ਡਰਾਇਵਰਾਂ ਨਾਲ ਤਾਲਮੇਲ ਬਣਾ ਰਹੇ ਹਨ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਨੂੰ ਪਾਣੀ, ਭੋਜਨ ਅਤੇ ਦਵਾਈ ਮਿਲਦੀ ਹੈ। ਰਿਪੋਰਟ ਦੇ ਅਨੁਸਾਰ, ਪਾਣੀ ਅਤੇ ਪੈਕ ਕੀਤੇ ਖਾਣੇ ਸਮੇਤ ਜ਼ਰੂਰੀ ਸਪਲਾਈ ਨਾਲ ਭਰੇ ਦੋ ਟਰੱਕ ਕੈਂਟ ‘ਚ ਭੁੱਖੇ ਡਰਾਇਵਰਾਂ ਨੂੰ ਡੋਵਰ ਤੋਂ ਭੇਜੇ ਗਏ ਸਨ।

ਖਾਲਸਾ ਏਡ ਦੇ ਮੈਂਬਰ, ਰਵਿੰਦਰ ਸਿੰਘ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਸਿਰਫ 3 ਘੰਟਿਆਂ ਵਿੱਚ 800 ਲੋਕਾਂ ਲਈ ਲੰਗਰ ਬਣਾ ਦਿੱਤਾ। ਇਸ ਤੋਂ ਬਾਅਦ ਖਾਲਸਾ ਏਡ ਨੇ ਇਹ ਲੰਗਰ ਲੋੜਵੰਦ ਲੋਕਾਂ ਵਿੱਚ ਵੰਡਿਆ। ਸ਼ੋਸ਼ਲ ਮੀਡੀਆ ‘ਤੇ ਸਿੱਖ ਭਾਈਚਾਰੇ ਦੇ ਇਸ ਕਾਰਜ ਦੀ ਬਹੁਤ ਸ਼ਲਾਘਾ ਹੋ ਰਹੀ ਹੈ। ਅੰਤਰਾਸ਼ਟਰੀ ਅਖ਼ਬਾਰਾਂ ਵਿਚ ਖਾਸ ਤੌਰ ‘ਤੇ ਇਸ ਦਾ ਜ਼ਿਕਰ ਕੀਤਾ ਗਿਆ ਹੈ।

  • 3
  •  
  •  
  •  
  •