ਮਹਾਨ ਰੂਹਾਂ ਨੂੰ ਸਮਰਪਿਤ ਸਰਹਿੰਦ ਦੇ ਯਾਦਗਾਰੀ ਗੇਟ

-ਡਾ. ਹਰਚੰਦ ਸਿੰਘ ਸਰਹਿੰਦੀ

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਦੇ ਅਵਸਰ ’ਤੇ ਪੰਜਾਬ ਸਰਕਾਰ ਵੱਲੋਂ ਸਰਹਿੰਦ ਵਿਖੇ ਉਸਾਰੇ ਗਏ ਚਾਰ ਯਾਦਗਾਰੀ ਗੇਟ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੂੰ ਸਮਰਪਿਤ ਹਨ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ- ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਵੇਲੇ, ਸਮੇਂ ਦੀ ਜਾਬਰ ਹਕੂਮਤ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਸ਼ਖ਼ਸੀਅਤਾਂ ਨੇ ਅਜਿਹੀ ਸ਼ਾਨਦਾਰ ਭੂਮਿਕਾ ਨਿਭਾਈ ਜਿਸ ਨੂੰ ਸਿੱਖ ਜਗਤ ਕਦੇ ਭੁਲਾ ਨਹੀਂ ਸਕੇਗਾ। ਸਿੱਖ ਮਨਾਂ ’ਤੇ ਡੂੰਘਾ ਪ੍ਰਭਾਵ ਛੱਡਣ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਵਾਲੀਆਂ ਇਹ ਮਹਾਨ ਸ਼ਖ਼ਸੀਅਤਾਂ ਬਾਬਾ ਬੰਦਾ ਸਿੰਘ ਬਹਾਦਰ, ਦੀਵਾਨ ਟੋਡਰ ਮੱਲ, ਨਵਾਬ ਸ਼ੇਰ ਮੁਹੰਮਦ ਖ਼ਾਂ ਅਤੇ ਬਾਬਾ ਮੋਤੀ ਰਾਮ ਮਹਿਰਾ ਸਨ। ਹਰ ਗੇਟ ਦੇ ਦੋਵੇਂ ਪਾਸੇ ਇੱਕ-ਇੱਕ ਬੋਰਡ ਦੀ ਉਸਾਰੀ ਕੀਤੀ ਗਈ ਹੈ। ਇਨ੍ਹਾਂ ਬੋਰਡਾਂ ’ਤੇ ਸਬੰਧਿਤ ਸ਼ਖ਼ਸੀਅਤਾਂ ਵੱਲੋਂ ਨਿਭਾਈ ਗਈ ਯਾਦਗਾਰੀ ਭੂਮਿਕਾ ਦਾ ਇਤਿਹਾਸ ਪੰਜਾਬੀ ਤੇ ਅੰਗਰੇਜ਼ੀ ਵਿੱਚ ਅੰਕਿਤ ਕੀਤਾ ਗਿਆ ਹੈ। ਇਨ੍ਹਾਂ ਬੋਰਡਾਂ ’ਤੇ ਪੰਜਾਬੀ ਵਿੱਚ ਲਿਖੀ ਇਬਾਰਤ ਇਸ ਪ੍ਰਕਾਰ ਹੈ:

ਬਾਬਾ ਬੰਦਾ ਸਿੰਘ ਬਹਾਦਰ:- ਆਪ ਦਾ ਜਨਮ 27 ਅਕਤੂਬਰ 1670 ਨੂੰ ਜੰਮੂ ਦੇ ਇਲਾਕੇ ਰਜੌਰੀ ਕਸਬੇ ਵਿਖੇ ਹੋਇਆ। ਜਵਾਨੀ ਵਿੱਚ ਆਪ ਘਰ-ਬਾਰ ਤਿਆਗ ਕੇ ਬੈਰਾਗੀ ਸਾਧੂ ਬਣ ਗਏ। ਬੈਰਾਗੀ ਸੰਪਰਦਾਇ ਵਿੱਚ ਆਪ ਨੂੰ ਮਾਧੋ ਦਾਸ ਦੇ ਨਾਮ ਨਾਲ ਜਣਿਆ ਜਾਂਦਾ ਸੀ। ਦੱਖਣ ਵਿੱਚ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਵਿਖੇ ਆਪਣਾ ਡੇਰਾ ਬਣਾ ਕੇ ਇਹ ਰਹਿਣ ਲੱਗ ਪਏ। ਇੱਥੇ ਹੀ ਸਤੰਬਰ, 1708 ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਇਨ੍ਹਾਂ ਦਾ ਮੇਲ ਹੋਇਆ। ਗੁਰੂ ਦੀ ਅਦੁੱਤੀ ਸ਼ਖ਼ਸੀਅਤ ਤੇ ਵਾਰਤਾਲਾਪ ਦਾ ਉਨ੍ਹਾਂ ਉੱਪਰ ਐਸਾ ਪ੍ਰਭਾਵ ਪਿਆ ਕਿ ਬੈਰਾਗੀ ਸਾਧੂ ‘ਗੁਰੂ ਦਾ ਬੰਦਾ’ ਭਾਵ ਸੇਵਕ ਬਣ ਗਿਆ ਅਤੇ ਗੁਰੂ ਦੀ ਆਗਿਆ ਅਨੁਸਾਰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਗਾਰਾ, ਨਿਸ਼ਾਨ ਸਾਹਿਬ ਤੇ ਪੰਜ ਤੀਰਾਂ ਦੀ ਬਖ਼ਸ਼ਿਸ਼ ਕਰ ਕੇ ਪੱਚੀ ਸਿੰਘਾਂ ਦੇ ਜਥੇ ਨਾਲ ਪੰਜਾਬ ਤੋਰਿਆ।

26 ਨਵੰਬਰ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੰਘਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦਾਂ ਦੇ ਕਸਬੇ ਸਮਾਣਾ ’ਤੇ ਹਮਲਾ ਕਰ ਕੇ ਉਸ ਨੂੰ ਤਹਿਸ-ਨਹਿਸ ਕਰ ਦਿੱਤਾ। ਫੇਰ ਘੁੜਾਮ, ਠਸਕਾ, ਸ਼ਾਹਬਾਦ ’ਤੇ ਕਬਜ਼ਾ ਕਰ ਕੇ ਕਪੂਰੀ ਨਗਰ ਨੂੰ ਫ਼ਤਹਿ ਕੀਤਾ। ਸਢੌਰੇ ਦੇ ਮੁਖੀ ਉਸਮਾਨ ਖ਼ਾਨ ਨੂੰ ਮਾਰਿਆ ਕਿਉਂਕਿ ਉਸ ਨੇ ਸੱਯਦ ਬੁੱਧੂ ਸ਼ਾਹ ਅਤੇ ਉਸ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਸੀ। 12 ਮਈ 1710 ਨੂੰ ਚੱਪੜਚਿੜੀ ਦੀ ਗਹਿਗੱਚ ਲੜਾਈ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਾਉਣ ਵਾਲਾ ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਗਿਆ।

14 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਫ਼ੌਜਾਂ ਸਮੇਤ ਸਰਹਿੰਦ ਫ਼ਤਹਿ ਕਰ ਕੇ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਨਿਯੁਕਤ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਅਤੇ ਜ਼ਿਮੀਂਦਾਰਾ ਸਿਸਟਮ ਖ਼ਤਮ ਕਰ ਕੇ ਪਹਿਲੀ ਵਾਰ ਜ਼ਮੀਨ ਵਾਹੁਣ ਵਾਲਿਆਂ ਦੇ ਨਾਮ ਪਟੇਦਾਰੀ ਕਰ ਕੇ ਉਨ੍ਹਾਂ ਨੂੰ ਜ਼ਮੀਨ ਦੇ ਮਾਲਕ ਬਣਾ ਦਿੱਤਾ। ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਗੁਰਦਾਸ ਨੰਗਲ (ਜ਼ਿਲ੍ਹਾ ਗੁਰਦਾਸਪੁਰ) ਦੀ ਗੜ੍ਹੀ ਵਿੱਚ ਘੇਰੇ ਗਏ। ਆਪ ਨੂੰ 740 ਸਿੰਘਾਂ ਸਮੇਤ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ। 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਬੂਰਾਂ ਨਾਲ ਮਾਸ ਨੋਚ-ਨੋਚ ਕੇ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਦੀ ਸੁਪਤਨੀ ਅਤੇ ਚਾਰ ਸਾਲ ਦੇ ਭੁਝੰਗੀ ਨੂੰ ਵੀ ਆਪ ਦੇ ਸਾਹਮਣੇ ਕਤਲ ਕੀਤਾ ਗਿਆ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦਾ ਬੰਦਾ ਹੋਣ ਦੇ ਵਚਨਾਂ ਦੀ ਪ੍ਰਤਿੱਗਿਆ ਨਿਭਾਉਂਦੇ ਹੋਏ, ਪੂਰਨ ਅਡੋਲਤਾ ਵਿੱਚ ਰਹਿ ਕੇ ਖਿੜੇ ਮੱਥੇ ਬੇਮਿਸਾਲ ਸ਼ਹੀਦੀ ਪ੍ਰਾਪਤ ਕੀਤੀ।

ਗੁਰੂ ਘਰ ਦਾ ਸ਼ਰਧਾਲੂ ਤੇ ਸੱਚਾ ਸੇਵਕ ਦੀਵਾਨ ਟੋਡਰ ਮੱਲ:- ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀਆਂ ਦੇਹਾਂ ਦਾ ਅੰਤਿਮ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਜ਼ਮੀਨ ਦਾ ਇੱਕ ਟੁਕੜਾ ਚੌਧਰੀ ਅੱਤਾਂ ਨਾਂ ਦੇ ਇੱਕ ਜ਼ਿਮੀਂਦਾਰ ਪਾਸੋਂ ਭਾਰੀ ਕੀਮਤ ਅਦਾ ਕਰਕੇ ਖ਼ਰੀਦਿਆ ਸੀ। ਦੀਵਾਨ ਸਾਹਿਬ ਨੇ ਸਬੰਧਿਤ ਜ਼ਮੀਨ ਦੇ ਟੁਕੜੇ ’ਤੇ ਸੋਨੇ ਦੇ ਸਿੱਕੇ (ਅਸ਼ਰਫੀਆਂ) ਖੜ੍ਹੇ ਕਰ ਕੇ ਮੁੱਲ ਉਤਾਰਿਆ ਸੀ। ਸੇਠ ਟੋਡਰ ਮੱਲ ਨੇ ਹੀ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਨੂੰ ਅੰਤਿਮ ਸਸਕਾਰ ਕਰਨ ਦਾ ਪ੍ਰਬੰਧ ਕੀਤਾ ਸੀ। ਇਹੋ ਕਾਰਨ ਹੈ ਕਿ ਸਿੱਖ ਜਗਤ ਵਿੱਚ ਦੀਵਾਨ ਸਾਹਿਬ ਨੂੰ ਬੜੀ ਸ਼ਰਧਾ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਜਿਸ ਸਥਾਨ ’ਤੇ ਇਨ੍ਹਾਂ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਸੀ, ਉੱਥੇ ਹੁਣ ਇੱਕ ਬੜਾ ਆਲੀਸ਼ਾਨ ਗੁਰਦੁਆਰਾ (ਗੁਰਦੁਆਰਾ ਸ੍ਰੀ ਜੋਤੀ ਸਰੂਪ) ਸਥਿਤ ਹੈ। ਇਹ ਗੁਰਦੁਆਰਾ, ਮੁੱਖ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਪੂਰਬ ਵੱਲ ਲਗਪਗ ਇੱਕ ਮੀਲ ਦੀ ਦੂਰੀ ’ਤੇ ਸਥਿਤ ਹੈ ਅਤੇ ਜਿਹੜੀ ਸੜਕ ਇਨ੍ਹਾਂ ਦੋਵਾਂ ਇਤਿਹਾਸਕ ਗੁਰਦੁਆਰਿਆਂ ਨੂੰ ਜੋੜਦੀ ਹੈ, ਉਸ ਨੂੰ ‘ਦੀਵਾਨ ਟੋਡਰ ਮੱਲ ਮਾਰਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਸਿੱਖ ਸੰਗਤ ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੇ ਨਾਂ ’ਤੇ ਉਸਾਰਿਆ ਸ਼ਾਨਦਾਰ ਹਾਲ, ਦੀਵਾਨ ਸਾਹਿਬ ਦੀ ਯਾਦ ਨੂੰ ਸਮਰਪਿਤ ਹੈ ਅਤੇ ਸਿੱਖ ਸਮਾਜ ਦੀ ਉਨ੍ਹਾਂ ਪ੍ਰਤੀ ਸ਼ਰਧਾ ਦਾ ਪ੍ਰਤੀਕ ਵੀ ਹੈ। ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਆਉਂਦਾ ਹੈ, ਉੱਥੇ ਨੇਕ ਦਿਲ ਇਨਸਾਨ ਦੀਵਾਨ ਟੋਡਰ ਮੱਲ ਵੱਲੋਂ ਨਿਭਾਈ ਭੂਮਿਕਾ ਦਾ ਜ਼ਿਕਰ ਆਉਣਾ ਸੁਭਾਵਿਕ ਹੀ ਹੈ। ਇਸ ਤਰ੍ਹਾਂ ਦੀਵਾਨ ਸਾਹਿਬ ਦੇ ਜਸ ਦੀ ਕਹਾਣੀ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।

ਨਵਾਬ ਸ਼ੇਰ ਮੁਹੰਮਦ ਖ਼ਾਂ:- ਜਿਸ ਨੇ ਭਰੀ ਕਚਹਿਰੀ ‘ਹਾਅ ਦਾ ਨਾਅਰਾ’ ਮਾਰਿਆ 25 ਦਸੰਬਰ 1704 ਨੂੰ ਦੋਵੇਂ ਸਾਹਿਬਜ਼ਾਦਿਆਂ- ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਦੂਜੀ ਵਾਰ ਸੂਬੇਦਾਰ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਇਸਲਾਮ ਕਬੂਲ ਕਰਨ ਦੀ ਫਿਰ ਉਹੀ ਰਟ ਦੁਹਰਾਈ ਗਈ ਪਰ ਸਾਹਿਬਜ਼ਾਦੇ ਬੇਪ੍ਰਵਾਹ ਤੇ ਅਡੋਲ ਰਹੇ। ਉਸ ਸਮੇਂ ਮਾਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਕਚਹਿਰੀ ਵਿੱਚ ਹਾਜ਼ਰ ਸੀ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਨਵਾਬ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਉਨ੍ਹਾਂ ਨੂੰ ਕਤਲ ਕਰ ਕੇ ਆਪਣੇ ਭਰਾ ਨਾਹਰ ਖ਼ਾਂ (ਜੋ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਮਾਰਿਆ ਗਿਆ ਸੀ) ਦੀ ਮੌਤ ਦਾ ਬਦਲਾ ਲੈ ਸਕੇ ਪਰ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਸੂਬੇਦਾਰ ਦੀ ਇਸ ਘਿਨਾਉਣੀ ਪੇਸ਼ਕਸ਼ ਨੂੰ ਮੁੱਢੋਂ ਹੀ ਠੁਕਰਾ ਦਿੱਤਾ।

ਅੰਤ, ਸੂਬੇਦਾਰ ਨੇ ਆਪਣੀ ‘ਹਾਰ ਕਬੂਲ ਕਰਦਿਆਂ’ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਵਿੱਚ ਚਿਣ ਦੇਣ ਦਾ ਮੰਦਭਾਗੀ ਫ਼ੈਸਲਾ ਆਖ਼ਿਰ ਦੇ ਹੀ ਦਿੱਤਾ। ਨਵਾਬ ਮਾਲੇਰਕੋਟਲਾ ਨੇ ਇਸ ਫ਼ੈਸਲੇ ’ਤੇ ਅਸਹਿਮਤੀ ਪ੍ਰਗਟ ਕਰਦਿਆਂ ਇਸ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ। ਪਰ ਇਸ ਪਵਿੱਤਰ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਗਿਆ। ਨਵਾਬ ਸ਼ੇਰ ਮੁਹੰਮਦ ਖ਼ਾਂ ਉਸੇ ਸਮੇਂ ਰੋਸ ਵਜੋਂ ਕਚਹਿਰੀ ਵਿੱਚੋਂ ਉੱਠ ਕੇ ਚਲੇ ਗਏ। ਉਨ੍ਹਾਂ ਦੇ ਇਸ ਰੋਸ ਦੇ ਪ੍ਰਗਟਾਵੇ ਨੂੰ ਸਿੱਖ ਜਗਤ ਬੜੀ ਸ਼ਰਧਾ ਨਾਲ ‘ਹਾਅ ਦਾ ਨਾਅਰਾ’ ਨਾਂ ਨਾਲ ਯਾਦ ਕਰਦਾ ਹੈ ਅਤੇ ਇਹ ਘਟਨਾ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਸਿੱਖ ਬੱਚਾ ਜਿੱਥੇ ਹੋਸ਼ ਸੰਭਾਲਦੇ ਹੀ ਸਰਹਿੰਦ ਦਾ ਸਾਕਾ ਕੰਠ ਕਰ ਲੈਂਦਾ ਹੈ, ਉੱਥੇ ਹਾਅ ਦੇ ਨਾਅਰੇ ਦੀ ਦਾਸਤਾਨ ਵੀ ਉਸ ਦੇ ਕੋਮਲ ਮਨ ’ਤੇ ਡੂੰਘੀ ਉੱਕਰੀ ਜਾਂਦੀ ਹੈ। ਇਸ ਤਰ੍ਹਾਂ ਨਵਾਬ ਦੇ ਜਸ ਦੀ ਇਹ ਕਹਾਣੀ ਸਿੱਖ ਹਿਰਦਿਆਂ ਨੂੰ ਸਦਾ ਟੁੰਬਦੀ ਰਹੇਗੀ। ਇਹੋ ਕਾਰਨ ਹੈ ਕਿ ਸਿੱਖਾਂ ਨੇ ਆਪਣੀ ਚੜ੍ਹਤ ਦੌਰਾਨ ਰਿਆਸਤ ਮਾਲੇਰਕੋਟਲਾ ਨੂੰ ਕਦੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਗੱਲ ਕੀ, ਸਿੱਖ ਸਦਾ ਨਵਾਬ ਮਾਲੇਰਕੋਟਲਾ ਦੇ ਰਿਣੀ ਰਹਿਣਗੇ।

ਗੁਰੂ ਘਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ:- ਮੋਰਿੰਡਾ ਦੇ ਪੁਲੀਸ ਅਧਿਕਾਰੀਆਂ, ਜਾਨੀ ਖ਼ਾਂ ਤੇ ਮਾਨੀ ਖ਼ਾਂ ਨੇ ਮਿਤੀ 23 ਦਸੰਬਰ 1704 ਦੀ ਸਵੇਰ ਨੂੰ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ- ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਪਿੰਡ ਸਹੇੜੀਓਂ ਗ੍ਰਿਫ਼ਤਾਰ ਕਰ ਕੇ ਉਸੇ ਦਿਨ ਸ਼ਾਮ ਨੂੰ ਇਨ੍ਹਾਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੇ ਹਵਾਲੇ ਕਰ ਦਿੱਤਾ। ਸੂਬੇਦਾਰ ਨੇ ਇਨ੍ਹਾਂ ਤਿੰਨਾਂ ਸ਼ਾਹੀ ਕੈਦੀਆਂ ਨੂੰ ਅਗਲੀ ਕਾਰਵਾਈ ਤੱਕ ਸਰਹਿੰਦ ਦੇ ਕਿਲ੍ਹੇ ਦੇ ਇੱਕ ਬੁਰਜ, ਜਿਸ ਨੂੰ ‘ਠੰਢਾ ਬੁਰਜ’ ਕਿਹਾ ਜਾਂਦਾ ਸੀ, ਵਿੱਚ ਨਜ਼ਰਬੰਦ ਕਰ ਦਿੱਤਾ।

ਗੁਰੂ ਘਰ ਦੇ ਇੱਕ ਉਪਾਸਕ ਤੇ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਜੀ ਮਹਿਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ, ਰਾਤ ਵੇਲੇ ਬੜੇ ਨਾਟਕੀ ਢੰਗ ਨਾਲ ਠੰਢੇ ਬੁਰਜ ਵਿੱਚ ਦਾਖਲ ਹੋ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। ਬਾਬਾ ਮੋਤੀ ਰਾਮ ਮਹਿਰਾ ਦਾ ਇਹ ਕਾਰਨਾਮਾ, ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ‘‘ਧੰਨ ਮੋਤੀ ਜਿਸ ਪੁੰਨ ਕਮਾਇਆ, ਗੁਰਲਾਲਾਂ ਤਾਈਂ ਦੁੱਧ ਪਿਲਾਇਆ।’’

  • 102
  •  
  •  
  •  
  •