ਯੂਪੀ ‘ਚ ਸਿੱਖ ਗੁਰੂਆਂ ਦਾ ਇਤਿਹਾਸ ਸਕੂਲ ਸਿਲੇਬਸ ’ਚ ਸ਼ਾਮਲ ਹੋਵੇਗਾ: ਯੋਗੀ

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਲਾਨ ਕੀਤਾ ਕਿ ਯੂਪੀ ਵਿੱਚ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਗੁਰੂਆਂ ਦਾ ਇਤਿਹਾਸ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਇਹ ਐਲਾਨ ਉਨ੍ਹਾਂ ਦੀ ਰਿਹਾਇਸ਼ ’ਤੇ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਯਾਦ ’ਚ ਕਰਵਾਏ ਗਏ ਸਮਾਗਮ ‘ਸਾਹਿਬਜ਼ਾਦਾ ਦਿਵਸ’ ਮੌਕੇ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ,‘ਸਿੱਖ ਗੁਰੂਆਂ ਦਾ ਇਤਿਹਾਸ ਸਿਲੇਬਸ ’ਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਸਾਲ ਸਾਰੇ ਸਕੂਲਾਂ ਵਿੱਚ 27 ਦਸੰਬਰ ਨੂੰ ‘ਸਾਹਿਬਜ਼ਾਦਾ ਦਿਵਸ’ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਸਕੂਲਾਂ ਵਿੱਚ ਸਿੱਖ ਗੁਰੂਆਂ ਦੀ ਸ਼ਹਾਦਤ ’ਤੇ ਕੇਂਦਰਿਤ ਵਾਦ-ਵਿਵਾਦ ਮੁਕਾਬਲੇ ਵੀ ਕਰਵਾਏ ਜਾਣਗੇ। ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਬੱਚੇ-ਬੱਚੇ ਨੂੰ ਪਤਾ ਲੱਗਣਾ ਚਾਹੀਦਾ ਹੈ।’

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ,‘ਤਤਕਾਲੀ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ’ਤੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ- ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਇਸਲਾਮ ਧਰਮ ਨਾ ਕਬੂਲਣ ਅਤੇ ਆਪਣੇ ਧਰਮ ’ਤੇ ਦ੍ਰਿੜ ਰਹਿਣ ਦੀ ਸਜ਼ਾ ਵਜੋਂ ਜ਼ਿੰਦਾ ਨੀਂਹਾਂ ’ਚ ਚਿਣਵਾ ਦਿੱਤਾ ਸੀ। ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਲਈ ਤਹਿ ਦਿਲੋਂ ਧੰਨਵਾਦ ਕਰ ਰਹੇ ਹਾਂ। ਮੈਨੂੰ ਲਗਦਾ ਹੈ ਕਿ ਗੁਰਬਾਣੀ ਕੀਰਤਨ ਨਾਲ ਸਾਡੀ ਸਾਂਝ ਇਸ ਇਤਿਹਾਸ ਨੂੰ ਅੱਗੇ ਵਧਾ ਰਹੀ ਹੈ।”

  • 243
  •  
  •  
  •  
  •