ਕਿਸਾਨ ਅੰਦੋਲਨ ਦਾ 34ਵਾਂ ਦਿਨ, ਕੱਲ੍ਹ ਹੋਏਗੀ ਅਹਿਮ ਮੀਟਿੰਗ

ਦਿੱਲੀ ਦੀਆਂ ਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 34ਵਾਂ ਦਿਨ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ।

ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ 30 ਦਸੰਬਰ ਨੂੰ ਅਗਲੇ ਦੌਰ ਦੀ ਗੱਲਬਾਤ ਹੋਵੇਗੀ। ਇਸ ਦੇ ਮੱਦੇਨਜ਼ਰ ਹੁਣ ਦਿੱਲੀ ਦੇ ਚਾਰੇ ਪਾਸਿਓਂ ਲੰਘਦੇ ਰਾਹਾਂ ‘ਤੇ ਟਰੈਕਟਰ ਮਾਰਚ ਕੱਢਣ ਦਾ ਪ੍ਰੋਗਰਾਮ ਇਕ ਦਿਨ ਲਈ ਅੱਗੇ ਪਾ ਦਿੱਤਾ ਗਿਆ ਹੈ। ਇਸ ਲਈ ਟ੍ਰੈਕਟਰ ਮਾਰਚ ਹੁਣ 30 ਦੀ ਥਾਂ 31 ਦਸੰਬਰ ਨੂੰ ਕੱਢਿਆ ਜਾਵੇਗਾ।

ਖੇਤੀ ਕਾਨੂੰਨਾਂ ਖਿਲਾਫ ਡਟੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਹੁਣ ਰਿਲਾਇੰਸ ‘ਜੀਓ’ ਦੇ ਟਾਵਰ ਬੰਦ ਨਹੀਂ ਕੀਤੇ ਜਾਣਗੇ। ਕਿਸਾਨ ਲੀਡਰ ਜਗਮੋਹਨ ਸਿੰਘ ਨੇ ਕਿਹਾ ਕਿ ਰਿਲਾਇੰਸ ‘ਜੀਓ’ ਟਾਵਰਾਂ ਨੂੰ ਤਾਲੇ ਲਾਉਣ ਜਾਂ ਬੰਦ ਕਰਨ ਦਾ ਕਦਮ ਫ਼ਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਦੀ ਆਨਲਾਈਨ ਪੜ੍ਹਾਈ ਵਿੱਚ ਵਿਘਨ ਨਾ ਪਵੇ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਟਾਵਰ ਬੰਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਗੁਰੇਜ ਕਰੇ, ਜੇਕਰ ਅਜਿਹਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਮੋਬਾਈਲ ਟਾਵਰਾਂ ਦੀ ਭੰਨ-ਤੋੜ ਤੇ ਦੂਰਸੰਚਾਰ ਸੇਵਾਵਾਂ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਪੁਲਿਸ ਨੂੰ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

  • 332
  •  
  •  
  •  
  •