ਕਿਸਾਨਾਂ ਦੀ ਮਦਦ ਕਰਨ ਬਦਲੇ ਭੰਡੀ ਪ੍ਰਚਾਰ ਦਾ ਸਾਹਮਣਾ ਕਰਨਾ ਪੈ ਰਿਹਾ: ਖ਼ਾਲਸਾ ਏਡ

ਨਵੀਂ ਦਿੱਲੀ: ਕਿਸੇ ਵੀ ਦੁੱਖ ਦੀ ਘੜੀ ‘ਚ ਲੋਕਾਂ ਦੀ ਮਦਦ ਕਰਨ ਵਾਲੇ ਗ਼ੈਰ-ਸਰਕਾਰੀ ਸੰਗਠਨ ਖ਼ਾਲਸਾ ਏਡ ਇੰਡੀਆ ਨੇ ਕਿਹਾ ਕਿ ਕਿਸਾਨਾਂ ਦੇ ਮੌਜੂਦਾ ਅੰਦੋਲਨ ਦੌਰਾਨ ਆਪਣੇ ਲੋਕਾਂ ਦੀ ਮਦਦ ਲਈ ਸੰਗਠਨ ਨੂੰ ਤਿ੍ਸਕਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 2013 ‘ਚ ਚੈਰੀਟੇਬਲ ਟਰੱਸਟ ਦੇ ਤੌਰ ‘ਤੇ ਪੰਜੀਕਰਨ ਕਰਵਾਉਣ ਵਾਲੀ ਸੰਸਥਾ ਖ਼ਾਲਸਾ ਏਡ ਇੰਡੀਆ ਦਿੱਲੀ ਨਾਲ ਲੱਗਦੇ ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਕਿਸਾਨਾਂ ਦੇ ਅੰਦੋਲਨ ਦੌਰਾਨ ਪਹਿਲੇ ਦਿਨ ਤੋਂ ਹੀ ਇਥੇ ਮਦਦ ‘ਚ ਲੱਗੀ ਹੋਈ ਹੈ।

ਖ਼ਾਲਸਾ ਏਡ ਪ੍ਰੋਜੈਕਟ (ਏਸ਼ੀਆ ਚੈਪਟਰ) ਦੇ ਨਿਰਦੇਸ਼ਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ 6 ਪੂਰਨ ਸਮੇਂ ਦੇ ਕਰਮਚਾਰੀਆਂ ਦੀ ਇਕ ਟੀਮ ਤੇ 150 ਤੋਂ ਜ਼ਿਆਦਾ ਵਲੰਟੀਅਰ ਵੱਖ-ਵੱਖ ਮੋਰਚਿਆਂ ਵਾਲੇ ਸਥਾਨਾਂ ‘ਤੇ ਲਗਾਤਾਰ ਮਦਦ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜਪ੍ਰਚਾਰ ਦੀ ਵਜ੍ਹਾ ਨਾਲ ਵਲੰਟੀਅਰਾਂ ਦੇ ਮਨੋਬਲ ‘ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦਾ ਇਕ ਧੜਾ ਤੇ ਕੁਝ ਲੋਕ ਪੁੱਛਦੇ ਹਨ ਕਿ ਸਾਨੂੰ ਕੌਣ ਪੈਸਾ ਮੁਹੱਈਆ ਕਰਵਾ ਰਿਹਾ ਹੈ? ਕੀ ਤੁਸੀਂ ਸਿੱਖ ਹੋਣ ਦੇ ਕਾਰਨ ਇਥੇ ਸਮਰਥਨ ਦੇਣ ਆਏ ਹੋ? ਤੁਹਾਡਾ ਏਜੰਡਾ ਕੀ ਹੈ?

ਅਮਰਪ੍ਰੀਤ ਨੇ ਕਿਹਾ ਕਿ ਕੇਰਲ ‘ਚ ਹੜ੍ਹ, ਕੋਰੋਨਾ ਵਾਇਰਸ ਮਹਾਂਮਾਰੀ ਜਾਂ ਅਮਰਨਾਥ ਯਾਤਰਾ ਦੌਰਾਨ ਅਸੀਂ ਜਦ ਲੋਕਾਂ ਦੀ ਮਦਦ ਕੀਤੀ ਤਾਂ ਕਿਸੇ ਨੇ ਇਸ ਤਰ੍ਹਾਂ ਦੇ ਸਵਾਲ ਨਹੀਂ ਪੁੱਛੇ, ਫਿਰ ਅੱਜ ਕਿਉਂ ਸਵਾਲ ਪੁੱਛੇ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਇੰਡੀਆ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ ਤੇ ਦਾਨ ‘ਚ ਮਿਲੇ ਇਕ-ਇਕ ਪੈਸੇ ਦਾ ਸਾਡੇ ਕੋਲ ਹਿਸਾਬ ਹੈ, ਭਾਰਤ ਸਰਕਾਰ ਕਦੇ ਵੀ ਸਾਡੇ ਖਾਤੇ ਦੀ ਜਾਂਚ ਕਰ ਸਕਦੀ ਹੈ ਪਰ ਸਾਡੇ ਖ਼ਿਲਾਫ਼ ਜਾਰੀ ਕੂੜ ਪ੍ਰਚਾਰ ਮੁਹਿੰਮ ਰੁਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਰਨ ਵਾਲੇ ਕਿਸਾਨ ਸਾਡੇ ਆਪਣੇ ਹੀ ਲੋਕ ਹਨ, ਜਿਨ੍ਹਾਂ ਨੇ ਸਾਨੂੰ ਇਸ ਸੰਗਠਨ ਨੂੰ ਤਿਆਰ ਕਰਨ ‘ਚ ਮਦਦ ਕੀਤੀ ਸੀ। ਯਕੀਨੀ ਤੌਰ ‘ਤੇ ਅਸੀਂ ਉਨ੍ਹਾਂ ਦੀ ਸਹਾਇਤਾ ਕਰਾਂਗੇ। ਉਨ੍ਹਾਂ ਕਿਹਾ ਕਿ ਰੋਹਿੰਗਿਆ ਸ਼ਰਨਾਰਥੀਆਂ ਦੀ ਮਦਦ ਕਰਨ ਤੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਲਈ ਲੰਗਰ ਦੇ ਪ੍ਰਬੰਧ ਦੌਰਾਨ ਵੀ ਸੰਗਠਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

  • 151
  •  
  •  
  •  
  •