ਨਵਜੋਤ ਸਿੱਧੂ ਨੇ ਵਿਵਾਦਤ ਸ਼ਾਲ ਲੈਣ ਦੇ ਮਾਮਲੇ ‘ਚ ਮੰਗੀ ਮੁਆਫ਼ੀ

ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਇੱਕ ਓਂਕਾਰ ਅਤੇ ਖੰਡੇ ਵਾਲੇ ਸ਼ਾਲ ਦੇ ਵਿਵਾਦ ’ਤੇ ਮੁਆਫ਼ੀ ਮੰਗ ਲਈ ਹੈ। ਸਿੱਧੂ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਤੇ ਜੇਕਰ ਮੈਂ ਅਣਜਾਣੇ ਵਿਚ ਕਿਸੇ ਸਿੱਖ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ।

ਆਪਣੇ ਇੱਕ ਟਵੀਟ ਵਿਚ ਸਿੱਧੂ ਨੇ ਕਿਹਾ ਕਿ ਲੱਖਾਂ ਲੋਕ ਆਪਣੇ ਸਰੀਰ, ਪੱਗਾਂ ਅਤੇ ਕੱਪੜਿਆਂ ’ਤੇ ਬੜੇ ਮਾਣ ਨਾਲ ਸਤਿਕਾਰਯੋਗ ਸਿੱਖ ਚਿੰਨ੍ਹ ਬਣਵਾਉਂਦੇ ਹਨ। ਮੈਂ ਵੀ ਇਕ ਨਿਮਾਣੇ ਸਿੱਖ ਵਾਂਗ ਅਣਜਾਣੇ ਵਿਚ ਇਹ ਸ਼ਾਲ ਪਹਿਣ ਲਿਆ ਸੀ। ਜੇਕਰ ਕਿਸੇ ਦੀ ਭਾਵਨਾ ਨੂੰ ਠੇਸ ਪਹੁੱਜੀ ਹੋਵੇ ਤਾਂ ਇਸ ਲਈ ਉਹ ਮੁਆਫ਼ੀ ਮੰਗਦੇ ਹਨ।

ਦੱਸ ਦਈਏ ਕਿ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਧਾਰਮਿਕ ਚਿੰਨ੍ਹ ਵਾਲੇ ਸ਼ਾਲ ਲੈਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਿੱਧੂ ਨੂੰ ਸਿੱਖ ਜਗਤ ਕੋਲੋਂ ਮੁਆਫੀ ਮੰਗਣ ਲਈ ਆਖਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ, ਸਿੱਧੂ ਨੇ ਵੱਡੀ ਗਲਤੀ ਕੀਤੀ ਹੈ, ਜਿਸ ਲਈ ਉਸ ਨੂੰ ਤੁਰੰਤ ਮੁਆਫੀ ਮੰਗ ਲੈਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਸਿੱਖ ਯੂਥ ਪਾਵਰ ਆਫ ਪੰਜਾਬ ਨੇ ਇਸ ਮਾਮਲੇ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਇਕ ਮੰਗ ਪੱਤਰ ਪੁਲਿਸ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਸੀ।

  • 82
  •  
  •  
  •  
  •