ਨਵਜੋਤ ਸਿੱਧੂ ਸਿੱਖ ਸੰਗਤ ਤੋਂ ਮੁਆਫ਼ੀ ਮੰਗੇ: ਜਥੇਦਾਰ ਹਰਪ੍ਰੀਤ ਸਿੰਘ

ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਹੁਣ ‘ਇਕ ਉਂਕਾਰ’ ਅਤੇ ਖੰਡੇ ਦੇ ਨਿਸ਼ਾਨ ਵਾਲੀ ਲੋਈ ਲੈਣ ਕਾਰਨ ਵਿਵਾਦਾਂ ਵਿਚ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਸ ਨੂੰ ਸਿੱਖ ਜਗਤ ਕੋਲੋਂ ਮੁਆਫੀ ਮੰਗਣ ਲਈ ਆਖਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਅਤੇ ਸਿੱਖ ਸੰਗਤਾਂ ਵਲੋਂ ਪੁੱਜੀਆਂ ਸ਼ਿਕਾਇਤਾਂ ਸਬੰਧੀ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਓਂਕਾਰ ਅਤੇ ਖੰਡੇ ਦਾ ਨਿਸ਼ਾਨ ਵਾਲਾ ਸ਼ਾਲ ਆਪਣੇ ਉੱਪਰ ਲੈ ਕੇ ਬਹੁਤ ਹੀ ਮੰਦਭਾਗਾ ਕਾਰਜ ਕੀਤਾ ਹੈ, ਕਿਉਂਕਿ ਇਕ ਸਿੱਖ ਹੋਣ ਦੇ ਨਾਤੇ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਅਜਿਹਾ ਕਰਨਾ ਸਿੱਖ ਧਰਮ ਦੀ ਮਰਿਆਦਾ ਦੇ ਵਿਰੁੱਧ ਹੈ। ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਸਿੱਖ ਜਗਤ ਤੋਂ ਤੁਰੰਤ ਹੀ ਇਸ ਹੋਈ ਗ਼ਲਤੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਅੱਜ ਸਿੱਖ ਜਥੇਬੰਦੀ ਸਿੱਖ ਯੂਥ ਪਾਵਰ ਆਫ ਪੰਜਾਬ ਨੇ ਇਸ ਸਬੰਧ ਵਿਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਅਕਾਲ ਤਖਤ ਦੇ ਸਕੱਤਰੇਤ ਵਿਖੇ ਸ਼ਿਕਾਇਤ ਪੱਤਰ ਦਿੱਤਾ ਹੈ। ਜਥੇਬੰਦੀ ਨੇ ਪੁਲੀਸ ਕਮਿਸ਼ਨਰੇਟ ਕੋਲ ਵੀ ਕਾਰਵਾਈ ਲਈ ਸ਼ਿਕਾਇਤ ਕੀਤੀ ਹੈ। ਸਿੱਖ ਯੂਥ ਪਾਵਰ ਆਫ ਪੰਜਾਬ ਦੇ ਮੁਖੀ ਪਰਜੀਤ ਸਿੰਘ ਅਕਾਲੀ ਦੀ ਅਗਵਾਈ ਹੇਠ ਸਿੱਖ ਨੌਜਵਾਨਾਂ ਨੇ ਸ੍ਰੀ ਅਕਾਲ ਤਖਤ ਦੇ ਸਕਤਰੇਤ ਵਿਖੇ ਸ੍ਰੀ ਸਿੱਧੂ ਖਿਲਾਫ ਕਾਰਵਾਈ ਲਈ ਸ਼ਿਕਾਇਤ ਪੱਤਰ ਦਿੱਤਾ। ਜਥੇਬੰਦੀ ਨੇ ਇਸ ਸਬੰਧ ਵਿਚ ਪੁਲੀਸ ਦੇ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦਿੱਤਾ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

  • 221
  •  
  •  
  •  
  •