ਪੰਜਾਬ ਦੇ ਲੋਕ ਨਵੇ ਸਾਲ ਦੀ ਆਮਦ ਦੇ ਜਸ਼ਨ ਕਿਸਾਨਾਂ ਦੇ ਨਾਲ ਮਿਲਕੇ ਮਨਾਉਣ: ਦਲ ਖ਼ਾਲਸਾ

ਦਲ ਖਾਲਸਾ ਨੇ ਕਿਸਾਨ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਨਵੇਂ ਸਾਲ ਦੇ ਜਸ਼ਨ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਰਲਕੇ ਮਨਾਉਣ ਦੇ ਦਿੱਤੇ ਸੱਦੇ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਪੰਜਾਬ ਦਾ ਹਰ ਵਰਗ ਸਿੰਘੂ ਅਤੇ ਟਿਕਰੀ ਬਾਰਡਰ ਪਹੁੰਚ ਕੇ ਅੰਦੋਲਨਕਾਰੀ ਕਿਸਾਨਾਂ ਨਾਲ ਮਿਲਕੇ ‘ਨਵੇਂ ਸਾਲ (2021) ਨੂੰ ਜੀ ਆਇਆਂ’ ਆਖੇ ਅਤੇ ਅਰਦਾਸ ਕਰੇ ਕਿ ਪਰਮਾਤਮਾ ਕਿਸਾਨ ਅੰਦੋਲਨ ਨੂੰ ਫਤਿਹਯਾਬੀ ਬਖ਼ਸ਼ਣ।

ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ-ਮਾਰੂ ਕਾਨੂੰਨਾਂ ਅਤੇ ਨਰਿੰਦਰ ਮੋਦੀ ਵਰਗੇ ਤਾਨਾਸ਼ਾਹ ਪ੍ਰਧਾਨ ਮੰਤਰੀ ਦੀ ਸਲਤਨਤ ਨੂੰ ਚੁਣੌਤੀ ਦੇਕੇ ਦਿਖਾਈ ਹਿੰਮਤ ਅਤੇ ਹੌਸਲੇ ‘ਤੇ ਫ਼ਖ਼ਰ ਕਰਦਿਆਂ ਦਲ ਖਾਲਸਾ ਨੇ ਅੰਦੋਲਨਕਾਰੀ ਕਿਸਾਨ ਨੂੰ 2020 ਦਾ ਸਭ ਤੋ ਅਹਿਸ ਸ਼ਖਸ ਕਰਾਰ ਦਿੱਤਾ ਹੈ। ਪਾਰਟੀ ਬੁਲਾਰੇ ਕੰਵਰਪਾਲ ਸਿੰਘ ਅਤੇ ਸੀਨੀਅਰ ਆਗੂ ਜਸਵੀਰ ਸਿੰਘ ਖੰਡੂਰ ਨੇ ਪੰਜਾਬ ਨਾਲ ਸੰਬੰਧਿਤ ਭਾਜਪਾ ਲੀਡਰਾਂ ਅਤੇ ਪਾਰਲੀਮੈਂਟ ਮੈਂਬਰਾਂ ਦੀ ਲੋਕਾਂ ਹਥੋ ਹੋ ਰਹੀ ਦੁਰਗਤੀ ਉਤੇ ਟਿਪਣੀ ਕਰਦਿਆਂ ਕਿਹਾ ਕਿ ਇਹਨਾਂ ਨੇ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਗ਼ਦਾਰੀ ਕੀਤੀ ਹੈ ਅਤੇ ਇਹ ਉਸੇ ਦਾ ਖ਼ਮਿਆਜ਼ਾ ਭੁਗਤ ਰਹੇ ਹਨ।

ਉਹਨਾ ਕਿਹਾ ਕਿ ਜਿਵੇ 84 ਮੌਕੇ ਕਾਗਰਸੀਆਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ ਸੀ ਉਸੇ ਤਰਾਂ ਅੱਜ ਹਿੰਦੁਤਵ ਪਾਰਟੀ ਦੇ ਆਗੂ ਲੋਕਾਂ ਦੀ ਨਫਰਤ ਦੇ ਪਾਤਰ ਬਣੇ ਹੋਏ ਹਨ। ਉਹਨਾਂ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕਰਨ ਦੀ ਕਿਸਾਨਾਂ ਦੀ ਜਾਇਜ਼ ਮੰਗ ਦਾ ਪੂਰਨ ਸਮਰਥਨ ਕਰਦਿਆ ਕਿਹਾ ਕਿ ਨਰਿੰਦਰ ਮੋਦੀ ਦੀ ਫਾਸੀਵਾਦੀ ਸਰਕਾਰ ਹੱਠ ਅਤੇ ਹੰਕਾਰ ਛੱਡੇ ਅਤੇ ਮਸਲੇ ਨੂੰ ਹੱਲ ਕਰਨ ਵੱਲ ਕਦਮ ਚੁੱਕੇ। ਉਹਨਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆਪਣਾ ਅੜੀਅਲ ਰਵਈਆ ਨਾ ਤਿਆਗਿਆ ਅਤੇ “ਸੋਧਾਂ” ਵਾਲੀ ਰੱਟ ‘ਤੇ ਹੀ ਅੜੀ ਰਹੀ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ। ਉਹਨਾਂ ਭਾਜਪਾ ਨੇਤਾਵਾ ਵਲੋ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਵਰਤੀ ਭੱਦੀ ਸ਼ਬਦਾਵਲੀ ‘ਤੇ ਤਿੱਖਾ ਇਤਰਾਜ ਕਰਦਿਆਂ ਜਥੇਬੰਦੀਆਂ ਦੇ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਅਜਿਹੇ ਸਿਰ-ਫਿਰੇ ਆਗੂਆਂ ਨੂੰ ਨੱਥ ਪਾਉਣ ਅਤੇ ਇਹਨਾਂ ਨੂੰ ਜਨਤਾ ਵਿਚ ਸ਼ਰਮਿੰਦਾ ਕਰਨ ।

  • 98
  •  
  •  
  •  
  •