ਓਵੈਸੀ ਨੇ ਪੁੱਛਿਆ- ਜੇ ਹਰ ਹਿੰਦੂ ਦੇਸ਼ ਭਗਤ ਹੈ ਤਾਂ 1984 ਸਿੱਖ ਕਤਲੇਆਮ ਬਾਰੇ ਕੀ ਕਹਿਣਗੇ ਭਾਗਵਤ?

ਨਵੀਂ ਦਿੱਲੀ: ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਆਰਐਸਐਸ ਮੁਖੀ ਮੋਹਨ ਭਾਗਵਤ (RSS) ਦੇ ‘ਹਿੰਦੂ ਦੇਸ਼ ਭਗਤ’ ਵਾਲੇ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਜੇ ਸਾਰੇ ਹਿੰਦੂ ਦੇਸ਼ ਭਗਤ ਹਨ, ਤਾਂ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਬਾਰੇ ਤੁਸੀਂ ਕੀ ਸੋਚਦੇ ਹੋ? ਓਵੈਸੀ ਨੇ ਟਵੀਟ ਕਰਕੇ ਪੁੱਛਿਆ, “ਕੀ ਭਾਗਵਤ ਜਵਾਬ ਦੇਣਗੇ: ਗਾਂਧੀ ਦੇ ਕਾਤਲ ਗੌਡਸੇ ਦੇ ਬਾਰੇ?” ਨੈਲੀ ਕਤਲੇਆਮ, 1984 ਦੇ ਸਿੱਖ ਕਤਲੇਆਮ ਅਤੇ 2002 ਦੇ ਗੁਜਰਾਤ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਬਾਰੇ?”

ਉਨ੍ਹਾਂ ਨੇ ਅੱਗੇ ਲਿਖਿਆ, “ਇਹ ਵਾਜਬ ਹੈ ਕਿ ਧਰਮ ਵਿੱਚ ਭੇਦਭਾਵ ਕੀਤੇ ਬਿਨਾਂ, ਬਹੁਤੇ ਭਾਰਤੀ ਦੇਸ਼ ਭਗਤ ਹਨ। ਇਹ ਆਰਐਸਐਸ ਦੀ ਸਿਰਫ ਬੇਤੁਕੀ ਵਿਚਾਰਧਾਰਾ ਹੈ ਕਿ ਇੱਕ ਧਰਮ ਦੇ ਲੋਕਾਂ ਨੂੰ ਆਪਣੇ ਆਪ ਦੇਸ਼ ਭਗਤੀ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ਜਦੋਂ ਕਿ ਦੂਸਰੇ ਲੋਕਾਂ ਨੂੰ ਆਪਣੀ ਸਾਰੀ ਜ਼ਿੰਦਗੀ ਇਹ ਸਾਬਿਤ ਕਰਦਿਆਂ ਰਹਿਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਇਥੇ ਰਹਿਣ ਦਾ ਅਤੇ ਭਾਰਤੀ ਕਹਾਉਣ ਦਾ ਅਧਿਕਾਰ ਹੈ।”

ਦੱਸ ਦਈਏ ਕਿ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਪੁਸਤਕ ਰਿਲੀਜ਼ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਸਾਰੇ ਹਿੰਦੂ ਦੇਸ਼ ਭਗਤ ਹੁੰਦੇ ਹਨ ਤੇ ਕੋਈ ਵੀ ਹਿੰਦੂ ਗਦਾਰ ਨਹੀਂ ਹੋ ਸਕਦਾ। ਇਸ ਕਿਤਾਬ ਵਿੱਚ ਮਹਾਤਮਾ ਗਾਂਧੀ ਨੂੰ ਹਿੰਦੂ ਦੇਸ਼ ਭਗਤ ਦੱਸਿਆ ਗਿਆ ਹੈ। ਓਵੈਸੀ ਦਾ ਇਹ ਪ੍ਰਤੀਕਰਮ ਮੋਹਨ ਭਾਗਵਤ ਦੇ ਉਸੇ ਬਿਆਨ ‘ਤੇ ਆਇਆ ਹੈ।

  • 1.4K
  •  
  •  
  •  
  •