ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਕਰਵਾਏ ਜਾਣਗੇ ਰਿਫਰੈਸ਼ਰ ਕੋਰਸ: ਬੀਬੀ ਜਗੀਰ ਕੌਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਉਣ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਦੌਰਾਨ ਸਿੱਖ ਸਰੋਕਾਰਾਂ ਪ੍ਰਤੀ ਪਾਬੰਦ ਰਹਿਣ ਲਈ 15 ਦਿਨਾਂ ਦੇ ਰਫਰੈਸ਼ਰ ਕੋਰਸ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹਰ ਗੁਰਦੁਆਰਾ ਸਾਹਿਬਾਨ ਦੇ ਮੁੱਖ ਗ੍ਰੰਥੀ ਅਤੇ ਕਥਾਵਾਚਕ ਮੁਲਾਜ਼ਮਾਂ ਨੂੰ ਸਿੱਖ ਰਹਿਤ ਮਰਯਾਦਾ ਦੇ ਨਾਲ ਨਾਲ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਸੰਗਤ ਨਾਲ ਗੁਰਮਤਿ ਦੀਆਂ ਸੇਧਾਂ ਅਨੁਸਾਰ ਵਿਹਾਰ ਯਕੀਨੀ ਬਣਾਉਣ ਲਈ ਮੁਲਾਜ਼ਮਾਂ ਨੂੰ ਪ੍ਰੇਰਿਆ ਜਾਵੇਗਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਾਂ ਅੰਦਰ ਸਿੱਖੀ ਦੀ ਮੁਕੰਮਲ ਜਾਣਕਾਰੀ ਮੁਲਾਜ਼ਮਾਂ ਦੀ ਸੇਵਾ ਦਾ ਅਹਿਮ ਹਿੱਸਾ ਹੈ, ਜਿਸ ਪ੍ਰਤੀ ਜਾਗਰੂਕ ਕਰਨ ਲਈ ਰਫਰੈਸ਼ਰ ਕੋਰਸ ਲਗਾਏ ਜਾਣਗੇ। ਇਹ ਕੋਰਸ ਸਥਾਨਕ ਪੱਧਰ ’ਤੇ ਹੀ ਰੋਜ਼ਾਨਾ ਅੱਧਾ ਘੰਟਾ ਲਗਾਏ ਜਾਣਗੇ।

ਇਸ ਤਹਿਤ ਸੇਵਾ ਦੌਰਾਨ ਨਿਮਰਤਾ, ਸਤਿਕਾਰ, ਸਹਿਣਸ਼ੀਲਤਾ, ਸੰਜਮ, ਪ੍ਰੇਮ ਭਾਵਨਾ ਦੇ ਮਹੱਤਵ ਨੂੰ ਮੁਲਾਜ਼ਮਾਂ ਅੰਦਰ ਉਜਾਗਰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਗੁਰਮਤਿ ਬਾਰੇ ਮੁੱਢਲੀ ਜਾਣਕਾਰੀ ਦ੍ਰਿੜ੍ਹ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਹਰੇਕ ਗੁਰਦੁਆਰਾ ਸਾਹਿਬ ਅੰਦਰ ਸਵੇਰੇ ਸ਼ਾਮ ਹੁੰਦੀ ਕਥਾ ਦੌਰਾਨ ਚੱਲ ਰਹੇ ਪ੍ਰਸੰਗ ਤੋਂ ਇਲਾਵਾ ਗੁਰਬਾਣੀ ਪਿਆਰ, ਸਿੱਖ ਸਿਧਾਂਤਾਂ, ਸਿੱਖ ਸੰਸਥਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਤੇ ਸਥਾਨਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਗਤ ਨੂੰ ਸੰਖੇਪ ਜਾਣਕਾਰੀ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਥਾ ਦੌਰਾਨ ਕਰੀਬ 10 ਮਿੰਟ ਦਾ ਸਮਾਂ ਇਸ ਸਬੰਧ ਵਿਚ ਨਿਸ਼ਚਤ ਕੀਤਾ ਗਿਆ ਹੈ।

ਬੀਬੀ ਜਗੀਰ ਕੌਰ ਨੇ ਸਿੱਖ ਜਥੇਬੰਦੀਆਂ, ਮਹਾਂਪੁਰਖਾਂ, ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਤੇ ਸਿੰਘ ਸਭਾਵਾਂ ਨੂੰ ਵੀ ਹਰ ਗੁਰੂ ਘਰ ਤੋਂ ਰੋਜ਼ਾਨਾ ਕਥਾ ਸਮੇਂ ਸੰਗਤ ਨੂੰ ਸਿੱਖੀ ਬਾਰੇ ਮੁਢਲੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਸੰਗਤ ਨੂੰ ਸਿੱਖੀ ਬਾਰੇ ਮੁੱਢਲੀ ਜਾਣਕਾਰੀ ਨਾਲ ਰੋਜ਼ਾਨਾ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਇਸੇ ਸਬੰਧ ਵਿਚ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਹਰ ਗੁਰਦੁਆਰਾ ਸਾਹਿਬ ਅੰਦਰ ਕਥਾ ਦੌਰਾਨ ਇਸ ਰੁਝਾਨ ਨੂੰ ਲਾਜ਼ਮੀ ਕੀਤਾ ਗਿਆ ਹੈ।

  • 102
  •  
  •  
  •  
  •