ਬਾਬਾ ਸੋਹਣ ਸਿੰਘ ਭਕਨਾ ਅਤੇ ਗ਼ਦਰ ਪਾਰਟੀ

ਸਮਾਂ ਕੌਮ ਤੋਂ ਦੇਖ ਜਿੰਦ ਵਾਰਨੇ ਦਾ,
ਖਿੱਚੀ ਲੀਕ ਤੂੰ ਵਿਚ ਮੈਦਾਨ ਬਾਬਾ।
ਆਪ ਲੰਘ ਕੇ ਪਾਰ ਵੰਗਾਰਿਆ ਸੀ,
ਵਾਰੋ ਸੀਸ ਕੋਈ ਮਰਦ ਮੈਦਾਨ ਬਾਬਾ।
ਨਿਧਾਨ ਸਿੰਘ, ਕਰਤਾਰ ਤੇ ਸਿੰਘ ਊਧਮ,
ਮਾਰੀ ਛਾਲ ਸੰਤੋਖ ਜੁਵਾਨ ਬਾਬਾ।
ਜੁਵਾਲਾ ਸਿੰਘ ਜਹੇ ਸਾਥੀਆਂ ਕਿਹਾ ਵਧਕੇ,
ਜਿਥੇ ਕਵੇਂ ਤੂੰ ਵਾਰੀਏ ਜਾਨ ਬਾਬਾ।
(ਬਾਬਾ= ਬਾਬਾ ਸੋਹਣ ਸਿੰਘ ਭਕਨਾ)
(ਗਿਆਨੀ ਕੇਸਰ ਸਿੰਘ ਵੱਲੋਂ ਸੰਪਾਦਿਤ ਪੁਸਤਕ ‘ਗ਼ਦਰ ਲਹਿਰ ਦੀ ਕਵਿਤਾ’ ਵਿੱਚੋਂ)

-ਹਰਪੀਤ ਕੌਰ ਬਬਲੀ

ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਅੰਮ੍ਰਿਤਸਰ ਦੇ ਪਿੰਡ ਖੁਤਰਾ ਖੁਰਦ ਵਿੱਚ ਨਾਨਕੇ ਘਰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਕਰਮ ਸਿੰਘ ਅਤੇ ਮਾਤਾ ਦਾ ਨਾਂ ਰਾਮ ਕੌਰ ਸੀ। ਉਨ੍ਹਾਂ ਦੀ ਉਮਰ ਮਸਾਂ ਵਰ੍ਹੇ ਕੁ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪਿੰਡ ਦੀ ਧਰਮਸ਼ਾਲਾ ’ਚੋਂ ਹੀ ਗੁਰਮੁਖੀ ਤੇ ਮਦਰੱਸੇ ’ਚੋਂ ਉਰਦੂ ਸਿੱਖੀ। ਜਵਾਨੀ ਵੇਲੇ ਨਾਮਧਾਰੀ ਬਾਬਾ ਕੇਸਰ ਸਿੰਘ ਦੇ ਵਿਚਾਰਾਂ ਦਾ ਪ੍ਰਭਾਵ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਪਿਆ। ਬਾਬਾ ਸੋਹਣ ਸਿੰਘ ਭਕਨਾ ਦੀ ਨੂੰ ਗ਼ਦਰ ਪਾਰਟੀ ਲਹਿਰ ਨਾਲੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਦਾ ਸਮੁੱਚਾ ਜੀਵਨ ਹੀ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਗੁਜ਼ਰਿਆ।

ਆਪਣੀ ਜ਼ਿੰਦਗੀ ਵਿੱਚ ਪਈ ਗੁਰਬਤ ਨੂੰ ਦੂਰ ਕਰਨ ਲਈ ਸੋਹਣ ਸਿੰਘ ਭਕਨਾ ਵਿਦੇਸ਼ ਵੱਲ ਕੂਚ ਕਰ ਗਏ। ਅਮਰੀਕਾ, ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਨਾਲ ਨਸਲੀ ਵਿਤਕਰੇ ਨੂੰ ਭਾਰਤੀਆਂ ਨੇ ਆਪਣੇ ਸਰੀਰ ’ਤੇ ਹੰਢਾਇਆ। ਉੱਥੇ ਬਾਬਾ ਸੋਹਣ ਸਿੰਘ ਭਕਨਾ ਵੀ ਇਸ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ। ਇੱਕ ਵਾਰ ਸੋਹਣ ਸਿੰਘ ਭਕਨਾ ਕੰਮ ਪੁੱਛਣ ਲਈ ਇੱਕ ਨਵੇਂ ਆਏ ਭਾਰਤੀ ਨੂੰ ਇੱਕ ਵਕਫਕਾਰ ਕਾਰਖ਼ਾਨੇਦਾਰ ਕੋਲ ਲੈ ਗਏ। ਉਸ ਨੇ ਪਹਿਲਾਂ ਬੜਾ ਸਤਿਕਾਰ ਦਿੱਤਾ ਪਰ ਜਦੋਂ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਮੇਰਾ ਦਿਲ ਕਰਦਾ ਕਿ ਤੁਹਾਨੂੰ ਗੋਲੀ ਮਾਰ ਦੇਵਾਂ। ਕਾਰਨ ਪੁੱਛਣ ’ਤੇ ਉਸ ਨੇ ਹਿੰਦੀਆਂ ਅਤੇ ਗੋਰਿਆਂ ਦੀ ਗਿਣਤੀ ਦਾ ਮੁਕਾਬਲਾ ਕਰਕੇ ਸ਼ਰਮਿੰਦਿਆਂ ਕੀਤਾ ਅਤੇ ਆਖਿਆ, ‘‘ਮੈਂ ਤੁਹਾਨੂੰ ਬੰਦੂਕਾਂ ਅਤੇ ਗੋਲੀਆਂ ਦਿੰਦਾ ਹਾਂ। ਪਹਿਲਾਂ ਆਪਣਾ ਮੁਲਕ ਆਜ਼ਾਦ ਕਰਵਾ ਕੇ ਆਓ, ਫਿਰ ਜਹਾਜ਼ ’ਤੇ ਸਵਾਗਤ ਕਰਨ ਵਾਲਾ ਮੈਂ ਸਭ ਤੋਂ ਪਹਿਲਾ ਸ਼ਖ਼ਸ ਹੋਵਾਂਗਾ।’’ ਅਮਰੀਕਾ, ਕੈਨੇਡਾ ਵਿੱਚ ਵਿਤਕਰੇ ਭਰੀ ਤਾਨੇਬਾਜ਼ੀ ਅਤੇ ਵਤੀਰੇ ਨੇ ਭਾਰਤੀ ਕਾਮਿਆਂ ਦੇ ਮਨਾਂ ’ਤੇ ਡੂੰਘਾ ਅਸਰ ਕੀਤਾ। ਤਕਰੀਬਨ ਹਰ ਭਾਰਤੀ ਨੂੰ ਇਸ ਦਾ ਜਾਤੀ ਕੌੜਾ ਤਜ਼ਰਬਾ ਹੁੰਦਾ ਸੀ। ਉੱਥੇ ਸੋਹਣ ਸਿੰਘ ਭਕਨਾ ਵੀ ਇਸ ਵਿਤਕਰੇਬਾਜ਼ੀ ਨੂੰ ਮਹਿਸੂਸ ਕਰ ਚੁੱਕੇ ਸਨ।

ਬਾਬਾ ਸੋਹਣ ਸਿੰਘ ਭਕਨਾ ਤੇ ਉਨ੍ਹਾਂ ਦੇ ਸਾਥੀਆਂ ਦੀ ਸੁਹਿਰਦ ਕੋਸ਼ਿਸ਼ ਸਦਕਾ 23 ਅਪਰੈਲ 1913 ਵਿੱਚ ਹਿੰਦੋਸਤਾਨੀਆਂ ਨੇ ਭਾਰੀ ਇਕੱਠ ਮਗਰੋਂ ਪੈਸੇਫਿਕ ਐਸੇਸੀਏਸ਼ਨ ਆਫ਼ ਹਿੰਦ ਪਾਰਟੀ ਬਣਾਈ। ਇਸ ਵਿੱਚ ਪ੍ਰਧਾਨ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ ਠੱਠਗੜ੍ਹ , ਸਕੱਤਰ ਲਾਲਾ ਹਰਦਿਆਲ, ਖ਼ਜ਼ਾਨਚੀ ਕਾਂਸੀ ਰਾਮ ਮੜੌਲੀ, ਜੁਅਇੰਟ ਸਕੱਤਰ ਲਾਲਾ ਠਾਕੁਰ ਸਿੰਘ ਨੂੰ ਬਣਾਇਆ ਗਿਆ। ਪਾਰਟੀ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਉਸ ਵਿੱਚ ਜੋਸ਼ ਭਰਨ ਲਈ ਪਾਰਟੀ ਨੇ ਕੁਝ ਨਿਯਮ ਅਤੇ ਉਪ-ਨਿਯਮ ਬਣਾਏ, ਜਿਸ ਤਹਿਤ ਆਜ਼ਾਦੀ ਦਾ ਹਰ ਪ੍ਰੇਮੀ ਬਿਨਾਂ ਜਾਤ-ਪਾਤ ਜਾਂ ਦੇਸ਼-ਕੌਮ ਦੇ ਲਿਹਾਜ਼ ਨਾਲ ਇਸ ਪਾਰਟੀ ਵਿੱਚ ਸ਼ਾਮਿਲ ਹੋ ਸਕਦਾ ਹੈ, ਗ਼ਦਰ ਪਾਰਟੀ ਦੇ ਹਰ ਸਿਪਾਹੀ ਦਾ ਆਪੋ ਵਿੱਚ ਕੌਮੀ ਨਾਤਾ ਹੋਵੇਗਾ। ਦੁਨੀਆਂ ਦੇ ਕਿਸੇ ਹਿੱਸੇ ਵਿੱਚ ਜਿੱਥੇ ਗੁਲਾਮੀ ਦੇ ਵਿਰੁੱਧ ਜੰਗ ਛਿੜੇ ਗ਼ਦਰ ਪਾਰਟੀ ਦੇ ਸਿਪਾਹੀ ਦਾ ਫ਼ਰਜ਼ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਤਨੋਂ-ਮਨੋਂ ਸਹਾਇਤਾ ਕਰੇ।

ਇਸ ਦੌਰਾਨ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ ਗਿਆ। ਗ਼ਦਰ ਨਾਂ ਦਾ ਅਖ਼ਬਾਰ 1857 ਦੇ ਗ਼ਦਰ ਨੂੰ ਸਮਰਪਿਤ ਸੀ। ਗ਼ਦਰ ਅਖ਼ਬਾਰ ਨੂੰ ਪੰਜਾਬੀ, ਉਰਦੂ ਅਤੇ ਮਰਾਠੀ ਵਿੱਚ ਕੱਢਣ ਦਾ ਵੀ ਫ਼ੈਸਲਾ ਕੀਤਾ ਗਿਆ। ਬਰਤਾਨਵੀ ਹਕੂਮਤ ਨੂੰ ਕੱਢਣ ਲਈ ਲੜਨਾ ਅਤੇ ਲੜਾਈ ਵਿੱਚ ਆਪਣੀ ਜਾਨ ਵਾਰਨ ਲਈ ਤਿਆਰ ਰਹਿਣਾ, ਗ਼ਦਰ ਲਹਿਰ ਲਈ ਮੂਲ ਮੰਤਰ ਬਣ ਗਿਆ ਸੀ। ਪਵਿੱਤਰ ਮੰਤਵ ਲਈ ਕੁਰਬਾਨ ਹੋਣ ’ਤੇ ਜ਼ੋਰ ਦੇਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਸਲੋਕ ਅਖ਼ਬਾਰ ਦੇ ਮੁੱਖ ਪੰਨੇ ’ਤੇ ਮੋਟੇ ਅੱਖਰਾਂ ਵਿੱਚ ਛਾਪਿਆ ਗਿਆ ਸੀ:

ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।।
ਸਿਰੁ ਦੀਜੈ ਕਾਣਿ ਨ ਕੀਜੈ।।

ਗ਼ਦਰ ਦਾ ਉਦੇਸ਼ ਸਪੱਸ਼ਟ ਸੀ ਕਿ ਜੇ ਤੁਸੀਂ ਗੱਲ ਕਰਦੇ ਹੋ ਤਾਂ ਗ਼ਦਰ ਦੀ ਗੱਲ ਕਰੋ, ਜੇ ਸੁਪਨਾ ਲੈਂਦੇ ਹੋ ਤਾਂ ਗ਼ਦਰ ਦਾ ਸੁਪਨਾ ਲਵੋ, ਜੇ ਤੁਸੀਂ ਖਾਂਦੇ ਹੋ ਤਾਂ ਗ਼ਦਰ ਲਈ ਖਾਓ। ਗ਼ਦਰ ਨੇ ਅਮਰੀਕਾ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਸੱਦਾ ਦਿਤਾ। 11 ਅਗਸਤ ਦੇ ਗ਼ਦਰ ਨੇ ਆਪਣੇ ਮੁੱਖ ਪੰਨੇ ’ਤੇ ਗ਼ਦਰੀਆਂ ਨੂੰ ਨਿਧੜਕ ਬੁਲਾਵਾ ਦਿੱਤਾ: ਲੋੜੀਦੇ : ਬਗਾਵਤ ਕਰਨ ਲਈ ਲੀਡਰ ਅਤੇ ਹੌਸਲੇ ਵਾਲੇ ਸਿਪਾਹੀ। ਤਨਖ਼ਾਹ: ਮੌਤ ਇਨਾਮ: ਆਜ਼ਾਦੀ ਲਈ ਸ਼ਹਾਦਤਾਂ। ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਨੇ ਆਪਣੀ ਜੀਵਨੀ ਵਿੱਚ ਲਿਖਿਆ, ‘‘ਸਾਨੂੰ ਇਹ ਜਾਣਕਾਰੀ ਮਿਲ ਗਈ ਸੀ ਕਿ ਮੁਸਾਫਿਰ ਰਸਤੇ ਵਿੱਚ ਜਰਮਨ ਏਜੰਟਾਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਪੁੱਜਣ ’ਤੇ ਬਗਾਵਤ ਆਰੰਭ ਕਰਨ ਦੀ ਇੱਛਾ ਨੂੰ ਲੁਕਾ ਕੇ ਨਹੀਂ ਸੀ ਰੱਖਿਆ।’’ ਪਾਰਟੀ ਦੇ ਪ੍ਰਧਾਨ ਭਕਨਾ ਤੇ ਦੋਵੇਂ ਉੱਪ ਪ੍ਰਧਾਨ ਜਵਾਲਾ ਸਿੰਘ, ਕੇਸਰ ਸਿੰਘ ਅਤੇ ਹੋਰ ਊਧਮ ਸਿੰਘ ਵਰਗੇ ਉੱਘੇ ਆਗੂਆਂ ਦੀ ਗ੍ਰਿਫ਼ਤਾਰੀ ਨੇ ਗ਼ਦਰੀਆਂ ਦੀਆਂ ਆਸਾਂ ਨੂੰ ਹਿਲਾ ਕੇ ਰੱਖ ਦਿੱਤਾ।

ਥੋੜੇ ਜਿਹੇ ਆਗੂ ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ, ਹਰਨਾਮ ਸਿੰਘ, ਕਾਂਸੀ ਰਾਮ, ਪ੍ਰਿਥਵੀ ਸਿੰਘ ਅਤੇ ਜਗਤ ਰਾਮ, ਜੋ ਪੁਲੀਸ ਦੀ ਪੁੱਛ ਪੜਤਾਲ ਤੋਂ ਬਚ ਗਏ ਸਨ। 21 ਫਰਵਰੀ ਦੀ ਰਾਤ ਨੂੰ 26ਵੀਂ ਪੰਜਾਬ ਇਨਫੈਂਟਰੀ ਤੋਂ ਬਗਾਵਤ ਆਰੰਭ ਹੋਣ ਦੀ ਯੋਜਨਾ ਅਤੇ ਫਿਰ ਜਲਦੀ ਨਾਲ 19 ਫਰਵਰੀ ਨੂੰ ਰੱਦ ਕਰਨ ਦੇ ਫ਼ੈਸਲੇ ਨੇ ਇਸ ਨੂੰ ਅਸਫ਼ਲ ਕਰ ਦਿੱਤਾ ਕਿਉਂਕਿ ਕਿਰਪਾਲ ਸਿੰਘ ਨਾਂ ਦੇ ਇੱਕ ਸੂਹੀਏ ਨੇ ਗ਼ਦਰੀਆਂ ਦੀ ਸਾਰੀ ਜਾਣਕਾਰੀ ਸਿਵਲ ਅਤੇ ਫ਼ੌਜੀ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ। ਨਵਾਬ ਖ਼ਾਨ ਹਲਵਾਰਾ, ਅਮਰ ਸਿੰਘ ਨਵਾਂ ਸ਼ਹਿਰ ਤੇ ਮੂਲਾ ਸਿੰਘ ਮੀਰਾਂ ਕੋਟ ਵਾਅਦਾ ਮੁਆਫ਼ ਗਵਾਹ ਸਨ। ਇਹ ਤਿੰਨੇ ਗ਼ਦਰ ਪਾਰਟੀ ਦੇ ਸਿਰਕੱਢ ਆਗੂ ਸਨ। ਨਵਾਬ ਖਾਂ ਤਾਂ ਪਾਰਟੀ ਵਿੱਚ ਸ਼ਾਮਿਲ ਹੀ ਸਰਕਾਰ ਦਾ ਏਜੰਟ ਬਣ ਕੇ ਹੋਇਆ ਸੀ ਪਰ ਮੂਲਾ ਸਿੰਘ ਤੇ ਅਮਰ ਸਿੰਘ ਪੁਲੀਸ ਦੀਆਂ ਸਖ਼ਤੀਆਂ ਨਾ ਸਹਾਰਨ ਕਰਕੇ ਵਾਅਦਾ ਮੁਆਫ਼ ਗਵਾਹ ਬਣ ਗਏ।

ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਸਰਦਾਰ ਜਗਤ ਸਿੰਘ ਸੁਰਸਿੰਘਵਾਲਾ, ਸਰਦਾਰ ਬੀਰ ਸਿੰਘ ਬਾਹੋਵਾਲ, ਸਰਦਾਰ ਸੁਰੈਣ ਸਿੰਘ ਚੀਮਾ ਤੇ ਰਹਿਮਤ ਅਲੀ ਸ਼ਾਹ ਨੂੰ ਫਾਂਸੀ ਦਿੱਤੀ ਗਈ। ਲਾਹੌਰ ਸਾਜ਼ਿਸ਼ ਕੇਸ, ਫਾਸਟ ਸਪਲੀਮੈਂਟਰੀ ਸਾਜ਼ਿਸ਼ ਕੇਸ ਤੋਂ ਇਲਾਵਾ 20 ਤਰ੍ਹਾਂ ਦੇ ਮੁਕੱਦਮੇ ਚਲਾ ਕੇ ਗ਼ਦਰ ਲਹਿਰ ਦੇ 279 ਆਗੂਆਂ ਨੂੰ ਦੋਸ਼ੀ ਠਹਿਰਾਇਆ ਗਿਆ। 42 ਬਰੀ ਕਰ ਦਿੱਤੇ, 69 ਨੂੰ ਫਾਂਸੀ ਲਾਈ ਗਈ, 125 ਨੂੰ ਉਮਰ ਕੈਦ ਸਜ਼ਾ ਦਿੱਤੀ ਗਈ ਅਤੇ 93 ਨੂੰ ਘੱਟ ਸਜ਼ਾਵਾਂ ਦਿੱਤੀਆਂ ਗਈਆਂ। ਗ਼ਦਰ ਦੇ ਅਸਫ਼ਲ ਹੋਣ ਤੋਂ ਬਾਅਦ ਸੋਹਣ ਸਿੰਘ ਭਕਨਾ, ਸੰਤੋਖ ਸਿੰਘ ਕਿਰਤੀ, ਗ਼ਦਰੀ ਹਰਜਾਪ ਸਿੰਘ ਤੋਂ ਇਲਾਵਾ ਬਹੁਤ ਸਾਰੇ ਗ਼ਦਰੀਆਂ ਨੇ ਜੇਲ੍ਹਾਂ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਬਰਤਾਨੀ ਹਕੂਮਤ ਖ਼ਿਲਾਫ਼ ਜੰਗ ਜਾਰੀ ਰੱਖੀ। ਅੱਜ 4 ਜਨਵਰੀ ਨੂੰ ਸੋਹਣ ਸਿੰਘ ਭਕਨਾ ਦੇ 155ਵੇਂ ਜਨਮ ਦਿਨ ’ਤੇ ਉਨ੍ਹਾਂ ਨੂੰ ਸਲਾਮ ਕਰਨਾ ਬਣਦਾ ਹੈ।

ਸੰਪਰਕ: 94786-13328

  • 151
  •  
  •  
  •  
  •