ਇਟਲੀ ‘ਚ ਪੰਜ ਰੇਲਵੇ ਸਟੇਸ਼ਨਾਂ ਦੇ ਨਾਮ ਪੰਜਾਬੀ ਵਿਚ ਹੋਣਗੇ

ਮਿਲਾਨ: 90 ਦੇ ਦਹਾਕੇ ਤੋਂ ਬਾਅਦ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਵਿਚ ਆਏ ਪੰਜਾਬੀਆਂ ਵੱਲੋਂ ਆਪਣੀ ਪਹਿਚਾਣ ਕਾਇਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇਸ਼ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਬਿਲਕੁਲ ਵੀ ਗਿਆਨ ਨਹੀਂ ਸੀ, ਅੱਜ ਉਸੇ ਦੇਸ਼ ਵਿਚ ਅਨੇਕਾਂ ਗੁਰਦੁਆਰਾ ਸਾਹਿਬ ਹੋਣਾ ਕੌਮ ਲਈ ਮਾਣ ਵਾਲੀ ਗੱਲ ਹੈ।

‘ਇੰਡੀਅਨ ਸਿੱਖ ਕਮਿਨਊਟੀ ਇਟਲੀ’ ਵੱਲੋਂ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਨੂੰ ਵੀ ਬੂਰ ਪੈਂਦਾ ਨਜ਼ਰ ਆਇਆ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ‘ਇੰਡੀਅਨ ਸਿੱਖ ਕਮਨਿਊਨਟੀ’ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਆਉਂਦੇ ਕੁੱਝ ਸਮੇਂ ਵਿਚ ਉੱਤਰੀ ਇਟਲੀ ਦੇ 5 ਵੱਡੇ ਰੇਲਵੇ ਸਟੇਸ਼ਨਾਂ ਦੇ ਨਾਂ ਪੰਜਾਬੀ ਬੋਲੀ ਵਿਚ ਲਿਖੇ ਜਾਣਗੇ।

ਇਸ ਸਬੰਧੀ ਪ੍ਰਸ਼ਾਸ਼ਨ ਨਾਲ ਸਾਰੀ ਗੱਲਬਾਤ ਹੋ ਚੁੱਕੀ ਹੈ ਤੇ ਹੁਣ ਉਹ ਦਿਨ ਦੂਰ ਨਹੀਂ ਜਦ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਉੱਤਰੀ ਇਟਲੀ ਦੇ 5 ਰੇਲਵੇ ਸਟੇਸ਼ਨਾਂ ਦੇ ਨਾਂ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਲਿਖੇ ਜਾਣਗੇ। ਸ. ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਦੇ ਨਾਮ ਵਾਲਾ ਇਤਿਹਾਸਕ ਦਿਨ ਬਹੁਤ ਜਲਦੀ ਹੀ ਚੜ੍ਹੇਗਾ। ਦੱਸਣਯੋਗ ਹੈ ਕਿ ਇਟਲੀ ਦੇ ਬ੍ਰੇਸ਼ੀਆ, ਬੈਰਗਾਮੋ, ਮਾਨਤੋਵਾ, ਮੋਧਨਾ, ਵਿਰੋਨਾ ਤੇ ਰਿਜੋਮਿਲੀਆ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ।

  • 179
  •  
  •  
  •  
  •