ਮੋਦੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਵਾਲੇ ਭਾਜਪਾ ਆਗੂ ਦਾ ਹੋ ਰਿਹਾ ਭਾਰੀ ਵਿਰੋਧ

ਭਾਜਪਾ ਆਗੂ ਸੁਖਪਾਲ ਸਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦੇ ਮਾਮਲੇ ’ਚ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਸਰਾਂ ਦੇ ਘਰ ਨੂੰ ਘੇਰਾ ਪਾ ਲਿਆ ਹੈ। ਜਿਨ੍ਹਾਂ ਦੀ ਪੁਲਸ ਨਾਲ ਵੀ ਝੜਪ ਹੋਈ। ਜਾਣਕਾਰੀ ਮੁਤਾਬਕ ਸੁਖਪਾਲ ਸਰਾਂ ਜਨਰਲ ਸਕੱਤਰ ਭਾਜਪਾ ਪੰਜਾਬ ਇਕ ਟੀ. ਵੀ. ਚੈਨਲ ’ਤੇ ਖੇਤੀ ਕਾਨੂੰਨਾਂ ਬਾਰੇ ਹੋਈ ਡਿਬੇਟ ’ਚ ਭਾਗ ਲੈ ਰਿਹਾ ਸੀ। ਇਸ ਮੌਕੇ ਸਰਾਂ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਕਿ ਖੇਤੀ ਕਾਨੂੰਨ ਜਾਰੀ ਕਰਕੇ ਪ੍ਰਧਾਨ ਮੰਤਰੀ ਨੇ ਜੁਅਰਤ ਭਰਿਆ ਕਾਰਨਾਮਾ ਕੀਤਾ ਹੈ, ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਔਰੰਗਜੇਬ ਨੂੰ ਜ਼ਫਰਨਾਮਾ ਲਿਖ ਕੇ ਕੀਤਾ ਸੀ।

ਭਾਜਪਾ ਆਗੂ ਦੇ ਇਸ ਬਿਆਨ ’ਤੇ ਸਿੱਖ ਜਥੇਬੰਦੀਆਂ ਨੇ ਪੁਲਸ ਪ੍ਰਸ਼ਾਸਨ ਕੋਲ ਇਤਰਾਜ ਦਰਜ ਕਰਵਾਇਆ ਹੈ ਕਿ ਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਨੇ ਪ੍ਰਧਾਨ ਮੰਤਰੀ ਦੀ ਤੁਲਨਾ ਗੁਰੂ ਸਾਹਿਬ ਨਾਲ ਕਰ ਕੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੂਜੇ ਪਾਸੇ ਦਲ ਖਾਲਸਾ ਤੇ ਹੋਰ ਜਥੇਬੰਦੀਆਂ ਦੀ ਅਗਵਾਈ ਵਿਚ ਵੱਡੀ ਗਿਣਤੀ ’ਚ ਸਿੱਖ ਨੌਜਵਾਨਾਂ ਨੇ ਸਰਾਂ ਦੇ ਘਰ ਨੂੰ ਘੇਰਾ ਪਾ ਲਿਆ, ਜਿਥੇ ਪਹਿਲਾਂ ਹੀ ਪੁਲਸ ਪਾਰਟੀਆਂ ਪਹੁੰਚ ਚੁੱਕੀਆਂ ਸਨ। ਸਿੱਖ ਨੌਜਵਾਨਾਂ ਨੇ ਸਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਕਤ ਦੀ ਪੁਲਸ ਨਾਲ ਵੀ ਤਿੱਖੀ ਝੜਪ ਹੋਈ।

ਸਿੱਖ ਆਗੂਆਂ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਉਕਤ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਉਹ ਸਰਾਂ ਦੇ ਘਰ ਦੇ ਬਾਹਰ ਪੱਕੇ ਤੰਬੂ ਗੱਡ ਦੇਣਗੇ। ਉਨ੍ਹਾਂ ਕਿਹਾ ਕਿ ਇਹ ਬਿਆਨ ਜਾਣਬੁੱਝ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਦਿੱਤਾ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਥੇਬੰਦੀਆਂ ਤੋਂ ਸੋਮਵਾਰ ਤਕ ਦਾ ਸਮਾਂ ਲਿਆ ਗਿਆ ਹੈ।

  • 533
  •  
  •  
  •  
  •