ਪਾਕਿਸਤਾਨ ਦੇ ਸਰਹੱਦੀ ਖੇਤਰਾਂ ‘ਚ ਸਥਾਪਿਤ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਚਿੰਤਾਜਨਕ

-ਸੁਰਿੰਦਰ ਕੋਛੜ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿ ਵਾਲੇ ਪਾਸੇ ਲਾਹੌਰ, ਕਸੂਰ, ਸਿਆਲਕੋਟ ਆਦਿ ਸ਼ਹਿਰਾਂ ਸਮੇਤ ਮਕਬੂਜ਼ਾ ਕਸ਼ਮੀਰ ਦੇ ਵੱਖ-ਵੱਖ ਖੇਤਰਾਂ ਵਿਚਲੇ ਲਗਪਗ ਦੋ ਦਰਜਨ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਭਾਰਤ ਤੇ ਪਾਕਿਸਤਾਨ ਸਮੇਤ ਵੱਖ-ਵੱਖ ਮੁਲਕਾਂ ਦੀਆਂ ਸਿੱਖ ਜਥੇਬੰਦੀਆਂ ਅਤੇ ਵਿਰਾਸਤੀ ਸਮਾਰਕਾਂ ਦੇ ਰੱਖ-ਰਖਾਅ ਨਾਲ ਜੁੜੇ ਪਾਕਿ ਸੰਗਠਨ ਇਨ੍ਹਾਂ ਗੁਰਧਾਮਾਂ ਦੇ ਰੱਖ-ਰਖਾਅ ਦੀ ਮੰਗ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਪਿੰਡ ਜਾਹਮਣ ਵਿਚਲਾ ਗੁਰਦੁਆਰਾ ਰੋੜੀ ਸਾਹਿਬ ਉਹ ਮੁਕੱਦਸ ਅਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰ ਚਰਨ ਪਾਏ। ਮੌਜੂਦਾ ਸਮੇਂ ਇਸ ਢਾਈ ਮੰਜ਼ਿਲਾ ਵਿਸ਼ਾਲ ਤੇ ਖ਼ੂਬਸੂਰਤ ਗੁਰਦੁਆਰੇ ਦੀ ਇਮਾਰਤ ਪੂਰੀ ਤਰ੍ਹਾਂ ਨਾਲ ਖੰਡਰ ਦਾ ਰੂਪ ਲੈ ਚੁੱਕੀ ਹੈ ਗੁਰਦੁਆਰਾ ਰੋੜੀ ਸਾਹਿਬ ਦੇ ਨਾਂਅ ਸਿੱਖ ਰਾਜ ਵੇਲੇ ਦੀ 100 ਵਿਘੇ ਜ਼ਮੀਨ ਹੈ ਅਤੇ ਇਹ ਅਸਥਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਖਾਲੜਾ ਤੋਂ ਸਰਹੱਦ ਪਾਰ ਸਿਰਫ਼ ਡੇਢ ਕਿੱਲੋਮੀਟਰ ਦੀ ਦੂਰੀ ‘ਤੇ ਸਥਾਪਿਤ ਹੈ।

ਲਾਹੌਰ ਦੀ ਬਰਕੀ ਰੋਡ ‘ਤੇ ਆਬਾਦ ਪਿੰਡ ਘਵਿੰਡੀ ਦੀ ਪੱਤੀ ਕੈਰੋਂਪੁਰਾ ‘ਚ ਮੌਜੂਦ ਪਹਿਲੀ ਪਾਤਿਸ਼ਾਹੀ ਨਾਲ ਸਬੰਧਿਤ ਯਾਦਗਾਰ ਗੁਰਦੁਆਰਾ ਲਹੁੜਾ ਸਾਹਿਬ ਵੀ ਭਾਰਤੀ ਸਰਹੱਦ ਖਾਲੜਾ ਤੋਂ ਲਗਪਗ ਇਕ ਕਿੱਲੋਮੀਟਰ ਦੀ ਦੂਰੀ ‘ਤੇ ਹੈ ਅਤੇ ਇਸ ਅਸਥਾਨ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ । ਇਸ ਅਸਥਾਨ ਦਾ ਵੱਡਾ ਹਿੱਸਾ ਲੁਪਤ ਹੋ ਚੁੱਕਿਆ ਹੈ।

ਇਸੇ ਪ੍ਰਕਾਰ ਲਾਹੌਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਪਿੰਡ ਮਨਿਹਾਲਾ ਜੋ ਕਿ ਪਾਕਿਸਤਾਨ ਸਰਹੱਦ ਤਰਫ਼ੋਂ ਭਾਰਤ ਵੱਲ ਪਾਕਿ ਦਾ ਆਖ਼ਰੀ ਪਿੰਡ ਹੈ, ਭਾਵ ਇਸ ਦੇ ਅੱਗੇ ਭਾਰਤੀ ਸਰਹੱਦ ਸ਼ੁਰੂ ਹੋ ਜਾਂਦੀ ਹੈ, ਦੀ ਆਬਾਦੀ ਸਾਧਾਂਵਾਲੀ ‘ਚ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਦਾ ਅਸਥਾਨ ਮੌਜੂਦ ਹੈ। ਇਸ ਅਸਥਾਨ ‘ਚ ਕਿਸੇ ਦੀ ਰਿਹਾਇਸ਼ ਹੈ ਅਤੇ ਪ੍ਰਕਾਸ਼ ਅਸਥਾਨ ‘ਤੇ ਹੋਰ ਸਮਾਰਕਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਨੌਸ਼ਹਿਰਾ ਢਾਲਾ ਤੋਂ ਲਗਪਗ ਡੇਢ ਕਿੱਲੋਮੀਟਰ ਦੂਰ ਸਰਹੱਦ ਪਾਰ ਪਾਕਿ ਵਾਲੇ ਪਾਸੇ ਪਿੰਡ ਪਢਾਣਾ ‘ਚ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦਗਾਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੇ ਰੂਪ ‘ਚ ਮੌਜੂਦ ਹੈ | ਇਸ ਯਾਦਗਾਰ ਦੀ ਬਾਹਰੀ ਬਨਾਵਟ ਭਾਵੇਂ ਕਿ ਤਸੱਲੀਬਖ਼ਸ਼ ਹੈ, ਪਰ ਅੰਦਰੋਂ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ। ਇਸ ਅਸਥਾਨ ਦੇ ਅੰਦਰ ਵੀ ਕਿਸੇ ਦੀ ਰਿਹਾਇਸ਼ ਹੈ। ਮੌਜੂਦਾ ਸਮੇਂ ਇਸ ਯਾਦਗਾਰ ਦੇ ਦਰਸ਼ਨ ਭਾਰਤ ਵਾਲੇ ਪਾਸੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਦੇ ਗੁਰਦੁਆਰਾ ਬਾਬਾ ਜਲ੍ਹਣ ਦੀ ਛੱਤ ਤੋਂ ਆਸਾਨੀ ਨਾਲ ਕੀਤੇ ਜਾ ਸਕਦੇ ਹਨ।

ਇੱਥੋਂ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਆਬਾਦ ਸਰਹੱਦੀ ਪਿੰਡਾਂ ‘ਚ ਛੇਵੇਂ ਪਾਤਿਸ਼ਾਹ ਨਾਲ ਸਬੰਧਿਤ ਇਤਿਹਾਸਕ ਅਸਥਾਨ, ਗੁਰਦੁਆਰਾ ਮੰਜੀ ਸਾਹਿਬ (ਢਿਲਵਾਂ), ਗੁਰਦੁਆਰਾ ਹਰਿਗੋਬਿੰਦ ਸਾਹਿਬ (ਰਾਮਪੁਰਾ ਖ਼ੁਰਦ) ਅਤੇ ਗੁਰਦੁਆਰਾ ਹਰਿਗੋਬਿੰਦ ਸਾਹਿਬ (ਝੱਲੀਆਂ) ਆਦਿ ਦੇ ਰੱਖ-ਰਖਾਅ ਅਤੇ ਨਵਨਿਰਮਾਣ ਲਈ ਵੀ ਪਾਕਿ ਸਰਕਾਰ ਪਾਸੋਂ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ।

ਇਸੇ ਪ੍ਰਕਾਰ ਪਾਕਿ ਦੇ ਜ਼ਿਲ੍ਹਾ ਕਸੂਰ ਦੀ ਸਰਹੱਦ ਤੋਂ ਥੋੜੀ ਦੂਰੀ ‘ਤੇ ਗੁਰੂ ਅਮਰਦਾਸ ਜੀ ਨਾਲ ਸਬੰਧਿਤ ਇਕ ਯਾਦਗਾਰ ਕਾਦੀ ਵਿੰਡ ਕਸਬੇ ‘ਚ ਅਤੇ ਦੂਜੀ ਕਸੂਰ-ਫ਼ਿਰੋਜ਼ਪੁਰ ਰੋਡ ‘ਤੇ ਬੀ. ਆਰ. ਬੀ. ਨਹਿਰ ਪਾਰ ਕਰਦਿਆਂ ਪਿੰਡ ਤਰਗੇ ‘ਚ ਮੌਜੂਦ ਹੈ | ਇਹ ਅਸਥਾਨ ਸੇਵਾ ਸੰਭਾਲ ਦੀ ਕਮੀ ਕਾਰਨ ਪੂਰੀ ਤਰ੍ਹਾਂ ਨਾਲ ਖੰਡਰਾਂ ‘ਚ ਤਬਦੀਲ ਹੋ ਚੁੱਕੇ ਹਨ।

ਦੱਸਿਆ ਜਾਂਦਾ ਹੈ ਕਿ ਉਕਤ ਗੁਰਦੁਆਰਾ ਸਾਹਿਬਾਨ ਦੇ ਇਲਾਵਾ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੀ ਮੁਜ਼ਫ਼ਰਾਬਾਦ ਡਵੀਜ਼ਨ ਦੀ ਤਹਿਸੀਲ ਨਲੂਛੀ ਅਤੇ ਤਹਿਸੀਲ ਭਿੰਬਰ ਦੇ ਪਿੰਡ ਅਲੀ ਬੇਗ਼ ਵਿਚਲੇ ਛੇਵੀਂ ਪਾਤਿਸ਼ਾਹੀ ਨਾਲ ਸਬੰਧਿਤ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ।

  • 106
  •  
  •  
  •  
  •