ਜਾਂਦੇ-ਜਾਂਦੇ ਟਰੰਪ ਖਿਲਾਫ ਹੋਏਗੀ ਵੱਡੀ ਕਾਰਵਾਈ!

ਅਮਰੀਕੀ ਸੰਸਦ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾ ਦੋਸ਼ ਮਤਾ ਲਿਆਂਦਾ ਜਾਵੇਗਾ। ਅਮਰੀਕੀ ਸੰਸਦ ਭਵਨ ਦੇ ਪ੍ਰਤੀਨਿਧ ਨੈਂਸੀ ਪੇਲੋਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨੈਨਸੀ ਪੇਲੋਸੀ ਮੁਤਾਬਿਕ ਡੈਮੋਕ੍ਰੇਟਿਕ ਸਾਂਸਦ ਟਰੰਪ ਵਿਰੁੱਧ ਮਹਾ ਦੋਸ਼ ਮਤਾ ਲਿਆਉਣਗੇ। ਇਹ ਮਹਾ ਦੋਸ਼ ਮਤਾ 6 ਜਨਵਰੀ ਨੂੰ ਅਮਰੀਕੀ ਸੰਸਦ ‘ਤੇ ਹੋਏ ਹਮਲੇ ਕਰਕੇ ਲਿਆਂਦਾ ਜਾਵੇਗਾ, ਜਿਸ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕੈਪੀਟੌਲ ਹਿੱਲ ‘ਤੇ ਹੋਏ ਹਮਲੇ ਵਿੱਚ 4 ਲੋਕਾਂ ਦੀ ਜਾਨ ਚਲੀ ਗਈ ਸੀ।

ਜੇਕਰ ਪ੍ਰਤੀਨਿਧੀ ਸਦਨ ਵਿੱਚ ਮਤਾ ਪਾਸ ਹੋ ਜਾਂਦਾ ਹੈ, ਤਾਂ ਇਹ ਸੁਣਵਾਈ ਲਈ ਸੈਨੇਟ ਵਿੱਚ ਜਾਵੇਗਾ। ਸੈਨੇਟ ਵਿੱਚ ਮੈਂਬਰ ਜਿਊਰੀ ਦੀ ਤਰ੍ਹਾਂ ਕੰਮ ਕਰਨਗੇ ਤੇ ਟਰੰਪ ਨੂੰ ਬਰੀ ਕਰਨ ਜਾਂ ਦੋਸ਼ੀ ਠਹਿਰਾਉਣ ਲਈ ਵੋਟ ਪਾਉਣਗੇ। ਜੇਕਰ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਥਾਂ ਉਪ ਰਾਸ਼ਟਰਪਤੀ ਮਾਈਕ ਪੇਂਸ ਲੈਣਗੇ। 3 ਨਵੰਬਰ ਨੂੰ ਚੋਣ ਵਿਚ ਟਰੰਪ ਦੀ ਹਾਰ ਤੋਂ ਬਾਅਦ ਜੋਅ ਬਾਇਡਨ 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣਗੇ।

ਜੋਅ ਬਾਇਡਨ ਨੇ ਟਰੰਪ ਦੇ ਸਮਰਥਕਾਂ ਨੂੰ ਯੂਐਸ ਕੈਪੀਟਲ ਬਿਲਡਿੰਗ (ਯੂਐਸ ਸੰਸਦ ਭਵਨ) ‘ਤੇ ਹੋਏ ਹਿੰਸਕ ਹਮਲੇ ਤੋਂ ਬਾਅਦ ਘਰੇਲੂ ਅੱਤਵਾਦੀ ਕਿਹਾ ਤੇ ਇਸ ਘਟਨਾ ਦੀ ਨਿੰਦਾ ਕੀਤੀ। ਇਸਦੇ ਨਾਲ ਹੀ ਬਾਇਡਨ ਨੇ ਰਾਜਧਾਨੀ ਨੂੰ ਹਿਲਾ ਦੇਣ ਵਾਲੀ ਹਿੰਸਾ ਦੀ ਇਸ ਘਟਨਾ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ।

ਵਿਦੇਸ਼ੀ ਮਾਮਲਿਆਂ ਬਾਰੇ ਹਾਊਸ ਕਮੇਟੀ ਦੇ ਚੇਅਰਮੈਨ ਐਮਪੀ ਗ੍ਰੇਗਰੀ ਮੀਕਸ ਨੇ ਵੀ ਡੈਮੋਕਰੇਟਿਕ ਸੰਸਦ ਮੈਂਬਰਾਂ ਵੱਲੋਂ ਟਰੰਪ ਨੂੰ ਮਹਾਦੋਸ਼ ਚਲਾਉਣ ਕਰਨ ਦੀ ਕਮੇਟੀ ਦੀ ਮੰਗ ਦੀ ਅਗਵਾਈ ਕੀਤੀ। ਪੈਲੋਸੀ ਨੂੰ ਲਿਖੇ ਇੱਕ ਪੱਤਰ ਵਿੱਚ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਲੋਕਤੰਤਰ ਤੇ ਕਾਨੂੰਨ ਦੇ ਸ਼ਾਸਨ ਦੇ ਮਾਮਲੇ ਵਿੱਚ ਅਮਰੀਕਾ ਦੀ ਵਿਸ਼ਵਵਿਆਪੀ ਲੀਡਰਸ਼ਿਪ ਦੀ ਸਥਿਤੀ ਬਹਾਲ ਕਰਨ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਬਹੁਤ ਜ਼ਰੂਰੀ ਹੈ।

  • 76
  •  
  •  
  •  
  •