ਪਾਕਿ ‘ਚ ਮੌਜੂਦ ਸਿੱਖ ਇਤਿਹਾਸ ਨਾਲ ਸਬੰਧਿਤ ਦੁਰਲੱਭ ਗ੍ਰੰਥਾਂ ਤੇ ਸਾਹਿਤਕ ਪੁਸਤਕਾਂ ਦਾ ਬਣੇਗਾ ਕੈਟਾਲਾਗ

ਅੰਮ੍ਰਿਤਸਰ- (ਸੁਰਿੰਦਰ ਕੋਛੜ): ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ‘ਚ ਮੌਜੂਦ ਸਰਕਾਰੀ ਲਾਇਬ੍ਰੇਰੀਆਂ, ਅਜਾਇਬ-ਘਰਾਂ ਤੇ ਲੋਕਾਂ ਦੇ ਘਰਾਂ ‘ਚ ਰੱਖੇ ਸਿੱਖ ਇਤਿਹਾਸ ਨਾਲ ਸਬੰਧਿਤ ਦੁਰਲੱਭ ਗ੍ਰੰਥਾਂ ਤੇ ਸਾਹਿਤਕ ਪੁਸਤਕਾਂ ਨੂੰ ਸੂਚੀਬੰਦ ਕਰਕੇ ਉਨ੍ਹਾਂ ਦਾ ਇਕ ਕੈਟਾਲਾਗ ਤਿਆਰ ਕੀਤਾ ਜਾ ਰਿਹਾ ਹੈ। ਇਸ ਕੈਟਾਲਾਗ ‘ਚ ਗ੍ਰੰਥਾਂ, ਪੁਸਤਕਾਂ, ਇਤਿਹਾਸਕ ਦਸਤਾਵੇਜ਼ਾਂ ਦੀ ਕੁੱਲ ਗਿਣਤੀ ਤੇ ਉਨ੍ਹਾਂ ਦੇ ਲੇਖਕਾਂ, ਪ੍ਰਕਾਸ਼ਕਾਂ ਅਤੇ ਪ੍ਰਕਾਸ਼ਨ ਦੇ ਸਮੇਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ।

ਇਹ ਨਿਵੇਕਲਾ ਉਪਰਾਲਾ ਕਰਨ ਵਾਲੇ ‘ਦਿ ਸਿੱਖ ਹੈਰੀਟੇਜ-ਬਿਯੌਡ ਬਾਰਡਰਜ਼’ ਪੁਸਤਕ ਦੇ ਲੇਖਕ ਤੇ ਖੋਜ-ਕਰਤਾ ਅਮਰੀਕੀ ਡਾਕਟਰ ਦਲਵੀਰ ਸਿੰਘ ਪੰਨੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਦੀ ਵੰਡ ਦੇ ਜਲਦੀ ਬਾਅਦ ਪਾਕਿ ਦੇ ਵੱਖ-ਵੱਖ ਸ਼ਹਿਰਾਂ ‘ਚ ਮੌਜੂਦ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਕਾਰਵਾਈਆਂ ਸ਼ੁਰੂ ਹੋ ਗਈਆਂ ਸਨ ਪਰ ਵੰਡ ਦੇ ਬਾਅਦ ਪਾਕਿ ‘ਚ ਰਹਿ ਗਏ ਸਾਹਿਤਕ ਅਮੁੱਲ ਖ਼ਜ਼ਾਨੇ ਦੇ ਰੱਖ-ਰਖਾਅ ਤੇ ਸੇਵਾ ਸੰਭਾਲ ਲਈ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਵਲੋਂ ਉਪਰਾਲਾ ਨਹੀਂ ਕੀਤਾ ਗਿਆ।

ਪਿਛਲੇ ਕੁਝ ਦਿਨਾਂ ਤੋਂ ਪਾਕਿ ‘ਚ ਇਤਿਹਾਸਕ ਗੁਰਧਾਮਾਂ ਅਤੇ ਵਿਰਾਸਤੀ ਯਾਦਗਾਰਾਂ ਦੀ ਖੋਜ ਲਈ ਪਹੁੰਚੇ ਡਾ: ਪੰਨੂ ਨੇ ਦੱਸਿਆ ਕਿ ਪਾਕਿ ਦੇ ਵੱਖ-ਵੱਖ ਸ਼ਹਿਰਾਂ ‘ਚ ਮੌਜੂਦ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ, ਜਨਮ ਸਾਖੀਆਂ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਫ਼ਾਰਸੀ ‘ਚ ਲਿਖੇ ਰੋਜ਼ਨਾਮਚੇ ਤੇ ਹੋਰ ਦਸਤਾਵੇਜ਼, ਜ਼ਫ਼ਰਨਾਮਾ, ਸਾਹਿਤਕ ਪੁਸਤਕਾਂ, ਹਿਕਮਤ ਤੇ ਦੁਰਲਭ ਆਯੁਰਵੈਦਿਕ ਨੁਸਿਖ਼ਆਂ ਵਾਲੇ ਹੱਥ ਲਿਖਤ ਗ੍ਰੰਥਾਂ ਤੇ ਧਾਰਮਿਕ ਪੁਸਤਕਾਂ ਆਦਿ ਸਮੇਤ ਕਈ ਅਮੁਲ ਇਤਿਹਾਸਕ ਦਸਤਾਵੇਜ਼ ਪਾਕਿਸਤਾਨੀਆਂ ਵਲੋਂ ਸੰਭਾਲ ਕੇ ਰੱਖੇ ਗਏ ਹਨ ਪਰ ਸੇਵਾ ਸੰਭਾਲ ਦੀ ਕਮੀ ਦੇ ਚਲਦਿਆਂ ਉਨ੍ਹਾਂ ‘ਚੋਂ ਬਹੁਤਿਆਂ ਦੀ ਹਾਲਤ ਖਸਤਾ ਹੋ ਚੁਕੀ ਹੈ।

ਉਨ੍ਹਾਂ ਕਿਹਾ ਕਿ ਪਾਕਿ ਦੇ ਵੱਖ-ਵੱਖ ਸ਼ਹਿਰਾਂ ‘ਚ ਇਹ ਇਤਿਹਾਸਕ ਤੇ ਸਾਹਿਤਕ ਸਰਮਾਇਆ ਸੰਭਾਲਿਆ ਗਿਆ ਹੋਣ ਕਰਕੇ ਹੁਣ ਉਨ੍ਹਾਂ ਨੇ ਆਪਣੇ ਪੱਧਰ ‘ਤੇ ਬਿਨਾ ਕਿਸੇ ਬਾਹਰੀ ਸਹਾਇਤਾ ਦੇ ਇਸ ਦੀ ਸੰਭਾਲ ਤੇ ਮੁਰੰਮਤ ਦੀ ਕਾਰਵਾਈ ਸ਼ੁਰੂ ਕੀਤੀ ਹੈ, ਜਿਸ ਦੇ ਚਲਦਿਆਂ ਖਸਤਾ ਹਾਲਤ ਸਫ਼ਿਆਂ ਦੀ ਕੈਮੀਕਲ ਤੇ ਹੋਰ ਸਾਧਨਾਂ ਨਾਲ ਮੁਰੰਮਤ ਕਰਵਾ ਕੇ ਗ੍ਰੰਥਾਂ, ਪੁਸਤਕਾਂ ਤੇ ਹੋਰਨਾਂ ਦਸਤਾਵੇਜ਼ਾਂ ਦੀ ਬਾਇੰਡਿੰਗ ਕਰਵਾਈ ਜਾ ਰਹੀ ਹੈ। ਇਸ ਦੇ ਬਾਅਦ ਇਨ੍ਹਾਂ ਨੂੰ ਸੂਚੀਬੰਦ ਕਰਕੇ ਇਨ੍ਹਾਂ ਦਸਤਾਵੇਜ਼ਾਂ ਤੇ ਗ੍ਰੰਥਾਂ ਨੂੰ ਡਿਜੀਟਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਸ ਕਾਰਜ ਨੂੰ ਪੂਰਾ ਕਰਨ ਲਈ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਪ੍ਰੋ: ਕਲਿਆਣ ਸਿੰਘ ਕਲਿਆਣ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ।

  • 227
  •  
  •  
  •  
  •