ਜਿੱਤ ਦੇ ਦ੍ਰਿੜ੍ਹ ਸੰਕਲਪ ਦੀ ਅਦੁੱਤੀ ਮਿਸਾਲ ਹੈ ਜੰਗ ਸ੍ਰੀ ਮੁਕਤਸਰ ਸਾਹਿਬ

-ਨਿਸ਼ਾਨ ਸਿੰਘ ਮੂਸੇ

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੁਨੀਆਂ ਦੇ ਇਤਿਹਾਸ ਵਿੱਚੋਂ ਵਿਸ਼ੇਸ਼ ਵਿਲੱਖਣਤਾ ਰੱਖਦਾ ਹੈ। ਗੁਰੁ ਗੋਬਿੰਦ ਸਿੰਘ ਜੀ ਨੇ ਗ਼ਰੀਬ ਲਿਤਾੜੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਅਤੇ ਖਾਲਸੇ ਪੰਥ ਦੀ ਆਜ਼ਾਦ ਹਸਤੀ ਕਾਇਮ ਕਰਨ ਲਈ ਛੋਟੀਆਂ ਵੱਡੀਆਂ 14 ਜੰਗਾ ਲੜਾਈਆ। ਜਿੰਨਾਂ ਵਿਚ ਸਫਲਤਾ ਨੇ ਗੁਰੂ ਜੀ ਦੇ ਚਰਨ ਚੁੰਮੇ, ਉਨ੍ਹਾਂ ਜੰਗਾਂ ਵਿਚੋਂ ਇੱਕ ਵੱਡੀ ‘ਤੇ ਸਿੱਖ ਇਤਿਹਾਸ ਅੰਦਰ ਅਹਿਮ ਥਾਂ ਰੱਖਣ ਵਾਲੀ ਜੰਗ ਸ੍ਰੀ ਮੁਕਤਸਰ ਸਾਹਿਬ ਹੈ। ਜਿਸ ਨੂੰ ਖਿਦਰਾਣੇ ਦੀ ਢਾਬ ਵਾਲੀ ਜੰਗ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸੇ ਦਿਹਾੜੇ ਨੂੰ ਟੁੱਟੀ ਗੰਢਣਹਾਰ ਦਿਵਸ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਸ ਜੰਗ ਦੌਰਾਨ ਭਾਈ ਮਹਾਂ ਸਿੰਘ ਸਮੇਤ ਅਨੇਕਾਂ ਸਿੰਘ ਸ਼ਹੀਦ ਹੋ ਗਏ, ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਜਨਮ ਮਰਨ ਤੋਂ ਰਹਿਤ ਕਰ ਦਿੱਤਾ ਤਾਂ ਹੀ ਇਸ ਜਗ੍ਹਾ ਦਾ ਨਾਮ ਮੁਕਤਸਰ ਪੈ ਗਿਆ। ਇਸ ਦਿਹਾੜੇ ਉਪਰ ਮੱਚੇ ਘਮਸਾਣ ਦੇ ਯੁੱਧ ਅਤੇ ਗੁਰੂ ਜੀ ਦੀ ਹੋਈ ਸ਼ਾਨਦਾਰ ਜਿੱਤ ਦੇ ਵਿਲੱਖਣ ਇਤਿਹਾਸ ਉੱਪਰ ਸੰਖੇਪ ਝਾਤੀ ਮਾਰਦੇ ਹਾਂ।

ਚਮਕੌਰ ਦੀ ਗੜ੍ਹੀ ਵਿਚੋਂ ਦੁਸ਼ਮਣਾ ਨੂੰ ਲਲਕਾਰ ਕੇ ਨਿਕਲੇ ਸਤਿਗੁਰੂ ਜੀ ਮਾਛੀਵਾੜੇ ਵਾਲੇ ਦੇ ਜੰਗਲਾ ਵਿਚੋਂ ਹੁੰਦੇ ਹੋਏ ਸੰਗਤਾਂ ਨੂੰ ਤਾਰਦੇ ਜਲਾਲ, ਭਗਤੇ, ਆਦਿ ਪਿੰਡਾਂ ਨੂੰ ਭਾਗ ਲਾ ਕੇ ਗੁਰੂ ਜੀ ਕੋਟ ਕਪੂਰੇ ਪਹੁੰਚੇ। ਇਹ ਥਾਂ ਇੱਕ ਢਾਬ ਦੇ ਵਿਚਕਾਰ ਉੱਚੇ ਧੋੜੇ ਉੱਪਰ ਸੀ, ਦੂਜੇ ਬੰਨੇ ਜਦੋਂ ਇਸ ਗੱਲ ਦਾ ਪਤਾ ਵਜ਼ੀਰ ਖਾਂ ਨੂੰ ਲੱਗਾ ਤਾਂ ਉਹ ਹੱਥਾ ਨੂੰ ਦੰਦੀਆਂ ਵੱਢਦਾ ਹੋਇਆ ਗੁਰੂ ਜੀ ਦਾ ਪਿੱਛਾ ਕਰਨ ਲੱਗਾ। ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕੇ ਵਜ਼ੀਰ ਖਾਂ ਆ ਰਿਹਾ ਹੈ, ਤਾਂ ਗੁਰੂ ਜੀ ਨੇ ਵਜ਼ੀਰ ਖਾਂ ਦੇ ਦੰਦ ਖੱਟੇ ਕਰਨ ਲਈ ਕੋਟ ਕਪੂਰੇ ਦੇ ਮਾਲਕ ਕਪੂਰੇ ਨੂੰ ਇਸ ਗੜ੍ਹੀ ਵਿਚ ਜੰਗ ਲੜਨ ਲਈ ਕਿਹਾ ਤਾਂ ਕਪੂਰਾ ਡੋਲ ਗਿਆ ਅਤੇ ਗੁਰੂ ਜੀ ਨੂੰ ਇੱਥੇ ਜੰਗ ਲੜਨ ਤੋ ਨਾਂਹ ਕਰ ਦਿੱਤੀ ਕਿ ਤੁਰਕ ਮੈਨੂੰ ਮਾਰ ਦੇਣਗੇ ਤਾਂ ਗੁਰੂ ਜੀ ਹੱਸ ਕੇ ਕਹਿਣ ਲੱਗੇ ਕਪੂਰਿਆਂ ਤੁਰਕਾਂ ਨੇ ਤੈਨੂੰ ਫੇਰ ਵੀ ਨਹੀਂ ਛੱਡਣਾ। ਸਹਿਜ ਸੁਭਾਅ ਬਚਨ ਕਰ ਕਿ ਗੁਰੂ ਜੀ ਅਗਾਹ ਢਿਲਵਾਂ ਕਲਾਂ ਵੱਲੋਂ ਹੁੰਦੇ ਹੋਏ ਜੈਤੋ ਪਹੁੰਚੇ। ਏਥੈ ਗੁਰੂ ਜੀ ਨੂੰ ਪਤਾ ਲੱਗਾ ਕੇ ਸਰਹਿੰਦ ਦਾ ਨਵਾਬ ਸੂਬਾ ਫ਼ੌਜ ਲੈ ਕੇ ਸਾਡੇ ‘ਤੇ ਚੜਾਈ ਕਰ ਰਿਹਾ ਹੈ। ਚਾਰ ਪੰਜ ਦਿਨਾਂ ਤੱਕ ਪਹੁੰਚ ਜਾਵੇਗਾ। ਉਸ ਸਮੇਂ ਗੁਰੂ ਜੀ ਕੋਲ ਅਨੇਕਾਂ ਸਿੰਘ ਪਹੁੰਚ ਚੁੱਕੇ ਸਨ। ਕੁੱਝ ਗੁਰੂ ਜੀ ਦੀ ਫ਼ੌਜ ਵਿਚ ਤਨਖ਼ਾਹੀਏ ਫ਼ੌਜੀ ਵੀ ਭਰਤੀ ਕੀਤੇ ਗਏ। ਇਸ ਜਗ੍ਹਾ ਤੇ ਲੋਕਾਂ ਦੀ ਰਹਾਇਸ਼ੀ ਇਲਾਕਾ ਹੋਣ ਕਰਕੇ ਗੁਰੂ ਜੀ ਆਮ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ‘ਚ ਨਹੀਂ ਸਨ ਪਾਉਣਾ ਚਾਹੁੰਦੇ। ਗੁਰੂ ਜੀ ਅਗਾਂਹ ਸੁਨੀਆਰ, ਰਾਮੇਆਣੇ, ਤੋਂ ਅੱਗੇ ਖਿਦਰਾਣੇ ਵੱਲ ਚਲੇ ਗਏ।

ਆਪ ਜੀ ਦੀ ਨਿੱਜੀ ਦਲੀਲ ਸੀ ਕਿ ਖਿਦਰਾਣੇ ਕੋਲ ਖਾਲੀ ਪਈ ਢਾਬ ਦੇ ਕੰਡੇ ‘ਤੇ ਦੁਸ਼ਮਣਾਂ ਨਾਲ ਦੋ-ਦੋ ਹੱਥ ਕੀਤੇ ਜਾਣ ਇਸੇ ਢਾਬ ਦੇ ਕੰਡੇ ਉਪਰ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਦੌਰਾਨ ਕੁੱਝ ਸਿੰਘ ਬੇਦਾਵਾ ਲਿਖ ਕੇ ਚਲੇ ਗਏ ਸਨ। ਉਹ ਮਾਝੇ ਦੇ ਭਾਈ ਮਹਾਂ ਸਿੰਘ ਅਤੇ ਝਬਾਲ ਦੀ ਮਾਤਾ ਭਾਗ ਕੌਰ ਜੀ ਨਾਲ ਜਥੇ ਸਮੇਤ ਪੁੱਛਦੇ ਪਛਾਉਦੇ ਖਿਦਰਾਣੇ ਦੀ ਢਾਬ ‘ਤੇ ਗੁਰੂ ਜੀ ਨੂੰ ਆਣ ਮਿਲੇ। ਦੂਜੇ ਬੰਨੇ ਵਜ਼ੀਰ ਖਾਂ ਆਪਣੇ ਲਾਮ ਲਸ਼ਕਰ ਨਾਲ ਢਾਬ ਤੋਂ ਦੋ ਕੋਹ ਤੇ ਆਹ ਰਿਹਾ ਸੀ ਤਾਂ ਸਿੰਘਾਂ ਨੇ ਜੰਗ ਦੀ ਵਿਉਂਤਬੰਦੀ ਕਰਦੇ ਹੋਏ ਢਾਬ ਕਿਨਾਰੇ ਬੇਰੀਆਂ ਦੇ ਦਰਖ਼ਤਾਂ ਉੱਪਰ ਚਾਦਰਾਂ ਆਦਿ ਪਾ ਦਿੱਤੀਆਂ। ਦੂਰ ਤੋਂ ਇਹ ਭੁਲੇਖਾ ਪੈ ਸਕੇ ਕਿ ਖਾਲਸੇ ਦੀ ਬਹੁਤ ਸਾਰੀ ਫ਼ੌਜ ਤੰਬੂਆਂ ਵਿੱਚ ਉਤਰੀ ਹੈ। ਇਸੇ ਨੂੰ ਵਜ਼ੀਰ ਖਾਂ ਦੀ ਫ਼ੌਜ ਵੀ ਪਹੁੰਚ ਗਈ। ਪਹੁੰਚਦਿਆਂ ਸਾਰ ਈ ਘਮਸਾਣ ਦੀ ਜੰਗ ਸ਼ੁਰੂ ਹੋਈ।

ਸਿੱਖ ਬੜੀ ਦਲੇਰੀ ਨਾਲ ਵੈਰੀਆਂ ਤੇ ਭੁੱਖੇ ਸ਼ੇਰਾਂ ਵਾਂਗਰਾਂ ਟੁੱਟ ਪਏ ਗੁਰੂ ਸਾਹਿਬ ਜੀ ਵੀ ਉੱਚੀ ਟਿੱਬੀ ਤੇ ਖੜੇ ਵੈਰੀਆਂ ‘ਤੇ ਤੀਰਾਂ ਦੀਆਂ ਬੁਛਾੜਾਂ ਕਰਦੇ ਆਹੂ ਲਾਈ ਜਾਂਦੇ ਸਨ। ਸ਼ਾਹੀ ਫ਼ੌਜਾਂ ਤੀਰਾਂ ਦੀ ਵਰਖਾ ਅਤੇ ਸਿੰਘਾ ਦੀ ਦਹਾੜ ਅਂਗੇ ਟਿਕ ਨਾ ਸਕੀਆਂ ਕੁੱਝ ਤੁਰਕ ਜੰਗ ਦੌਰਾਨ ਮਾਰੇ ਗਏ। ਬਾਕੀ ਗੁਰੂ ਜੀ ਅਤੇ ਮਝੈਲ, ਸਿੰਘਾ ਦੀ ਫ਼ੌਜ ਤੋਂ ਡਰਦੇ ਅੱਡੀਆਂ ਨੂੰ ਥੁੱਕ ਲਾ ਗਏ। ਵੇਖਦਿਆ-ਵੇਖਦਿਆ ਮੈਦਾਨ ਖਾਲੀ ਹੋ ਗਿਆ ਫਿਰ ਦਸਮੇਸ਼ ਪਿਤਾ ਜੀ ਰਣ ਭੂਮੀ ਦਾ ਜਾਇਜ਼ਾ ਲੈਣ ਲੱਗੇ। ਚੱਲਦਿਆਂ ਚੱਲਦਿਆਂ ਗੁਰੂ ਜੀ ਮਝੈਲਾਂ ਦੀ ਖ਼ਾਲਸਾਈ ਫ਼ੌਜ ਦੇ ਮੋਰਚਿਆਂ ਵਿਚ ਪਹੁੰਚੇ। ਜਿੱਥੇ ਮਾਝੇ ਦੇ ਮਝੈਲ ਜਾਂ ਤਾਂ ਫੱਟੜ ਪਏ ਸਨ ਅਤੇ ਜਾਂ ਸ਼ਹੀਦ ਹੋ ਚੁੱਕੇ ਸਨ।

ਦਇਆ ਦੇ ਸਾਗਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਜ਼ੂਰੀਏ ਨਾਲ ਧਰਤੀ ਉੱਪਰ ਪਏ ਸੂਰਮਿਆਂ ਦੇ ਮੁੱਖ ਪੂੰਝੇ, ਅਥਾਹ ਪਿਆਰ ਕੀਤਾ, ਵਰ ਦਿੱਤੇ ਕਿਹਾ ਕਿ ਇਹ ਮੇਰਾ ਦਸ ਹਜਾਰੀ ਸੂਰਮਾ ਹੈ, ਅਗਲੇ ਸਿੰਘ ਕੋਲ ਜਾਂਦੇ ਹਨ ਤਾਂ ਕਹਿੰਦੇ ਹਨ ਇਹ ਮੇਰਾ ਵੀਹ ਹਜਾਰੀ ਸੂਰਮਾ ਹੈ। ਕਿਸੇ ਨੂੰ ਤੀਹ ਹਜਾਰੀ ਸੂਰਮਾ ਆਖਦੇ ਹਨ, ‘ਤੇ ਕਿਸੇ ਨੂੰ ਚਾਲੀ ਅਤੇ ਕਈਆਂ ਨੂੰ ਤਾਂ ਕਹਿੰਦੇ ਹਨ ਇਹ ਮੇਰਾ ਪ੍ਰਾਨਾ ਤੋਂ ਪਿਆਰਾ ਸਿੱਖ ਹੈ। ਜਦੋਂ ਦਸਮੇਸ਼ ਪਿਤਾ ਜੀ ਦੀ ਸਵੱਲੀ ਨਿਗ੍ਹਾ ਭਾਈ ਮਹਾਂ ਸਿੰਘ ‘ਤੇ ਪਈ ਤਾਂ ਭਾਈ ਮਹਾਂ ਸਿੰਘ ਅਜੇ ਸਹਿਕਦੇ ਸਨ, ਤਾਂ ਗੁਰੂ ਜੀ ਨੇ ਭਾਈ ਸਾਹਿਬ ਜੀ ਦਾ ਮੁੱਖ ਸਾਫ਼ ਕੀਤਾ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੀ ਗੋਦ ਵਿਚ ਟਿਕਾਇਆ, ਜਦੋਂ ਭਾਈ ਮਹਾਂ ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਆਪਣਾ ਸੀਸ ਚੋਜੀ ਪ੍ਰੀਤਮ ਦੀ ਗੋਦ ਵਿਚ ਟਿਕਿਆ ਵੇਖ ਕੇ ਗੱਦ-ਗੱਦ ਹੋ ਗਏ।

ਗੁਰੂ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਬੜੇ ਹੀ ਪਿਆਰ ਨਾਲ ਕਿਹਾ ਕੇ ਮਹਾਂ ਸਿੰਘ ਮੰਗ ਲਵੋ ਜੋ ਵੀ ਚਾਹੁੰਦੇ ਹੋ ਤਾਂ ਭਾਈ ਮਹਾਂ ਸਿੰਘ ਜੀ ਕਹਿੰਦੇ ਹਨ। ਅੰਤਿਮ ਵੇਲੇ ਆਪ ਜੀ ਦੇ ਦਰਸ਼ਨ ਹੋ ਗਏ ਹੋਰ ਕੋਈ ਲਾਲਸਾ ਨਹੀਂ ਬਚੀ ਪਾਤਸ਼ਾਹ, ਫਿਰ ਦੁਬਾਰਾ ਗੁਰੂ ਜੀ ਵੱਲੋਂ ਕਿਹਾ ਮਹਾਂ ਸਿੰਘ ਕੁਝ ਮੰਗ ਲਵੋ ਸਾਡੀ ਖ਼ੁਸ਼ੀ ਇਸ ‘ਚ ਹੈ । ਫਿਰ ਭਾਈ ਮਹਾਂ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਜੇਕਰ ਆਪ ਤਰੁੱਠੇ ਹੋ ਮਿਹਰਾਂ ਦੇ ਘਰ ਵਿਚ ਆਏ ਹੋ ਤਾਂ ਗੁਰੂ ਸਾਹਿਬ ਇੱਕ ਬਹੁੜੀ ਕਰੋ ਆਪ ਬਖ਼ਸ਼ ਲਵੋ। ਜਿਹੜੇ ਸਿੰਘ ਆਪ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਉਹ ਬੇਦਾਵਾ ਪਾੜ ਦਿਓ, ਤਾਂ ਗੁਰੂ ਜੀ ਝੱਟ ਆਪਣੇ ਕਮਰਕੱਸੇ ਵਿੱਚੋਂ ਉਹ ਕਾਗ਼ਜ਼ ਦਾ ਟੁਕੜਾ ਕੱਢਿਆ ਅਤੇ ਪਾੜ ਦਿੱਤਾ ਨਾਲ ਹੀ ਕਿਹਾ ਕਿ ਤੁਸੀਂ ਬਾਕੀ ਸਿੰਘਾ ਦੀ ਰੱਖ ਲਈ ਨਾਲ ਹੀ ਕਿਹਾ ਧੰਨ ਸਿੱਖੀ, ਧੰਨ ਖ਼ਾਲਸਾ, ਜਦੋ ਬੇਦਾਵਾ ਪਾਟਿਆ ਵੇਖਿਆ, ਤਾਂ ਭਾਈ ਮਹਾਂ ਸਿੰਘ ਜੀ ਗੁਰੂ ਜੀ ਵੱਲ ਇੱਕ ਟੁੱਕ ਵੇਖੀ ਜਾਂਦੇ ਹਨ। ਗਲਾ ਪਾਣੀ ਨਾਲ ਭਰ ਗਿਆ ਕੁਝ ਬੋਲਣਾ ਚਾਹੁੰਦੇ ਸਨ ਪਰ ਬੋਲਿਆ ਨਹੀਂ ਜਾਂਦਾ। ਉਨ੍ਹਾਂ ਦੀਆਂ ਅੱਖਾਂ ਵਿਚੋਂ ਖ਼ੁਸ਼ੀ ਦੇ ਅੱਥਰੂ ਛਮ-ਛਮ ਵਹਿਣ ਲੱਗੇ, ਫਿਰ ਮਹਾਂ ਸਿੰਘ ਜੀ ਨੇ ਲੰਮਾ ਸਾਰਾ ਸਾਹ ਲਿਆ ਤਾਂ ਪ੍ਰਾਣਾਂ ਵਿੱਚੋਂ ਪੰਖੇਰੂ ਉੱਡ ਕੇ ਸੱਚਖੰਡ ਪਹੁੰਚ ਗਏ। ਅੱਗੇ ਗੁਰੂ ਜੀ ਨੇ ਮਾਈ ਭਾਗੋ ਜੀ ਨੂੰ ਵੇਖਿਆ ਅਤੇ ਉਨ੍ਹਾਂ ਨੂੰ ਹੋਸ਼ ਵਿਚ ਲਿਆਂਦਾ। ਸਾਰੀ ਬੇਦਾਵਾ ਪਾੜਨ ਵਾਲੀ ਵਿਥਿਆ ਦੱਸੀ ਮਾਈ ਜੀ ਦਾ ਲੂੰ-ਲੂੰ ਖਿੜ ਗਿਆ ਇਸ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦਾਂ ਦੇ ਸਰੀਰਾਂ ਨੂੰ ਇੱਕ ਜਗ੍ਹਾ ਇਕੱਠਾ ਕਰ ਕਿ ਸਸਕਾਰ ਕੀਤਾ।

ਜਿਸ ਜਗ੍ਹਾ ‘ਤੇ ਅੱਜ ਗੁਰੂ ਘਰ ਸੁਸ਼ੋਭਿਤ ਹਨ। ਜੰਗ ਵਾਲੀ ਥਾਂ ‘ਤੇ ਵੀ ਗੁਰਦਵਾਰਾ ਸਾਹਿਬ ਮੌਜੂਦ ਹੈ। ਇਸ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ‘ਤੇ ਜਿੱਥੇ ਸੰਗਤਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੀਆਂ ਹਨ। ਉੱਥੇ ਹੀ ਬਣੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਦਰਸ਼ਨ ਕਰ ਤਨ ਅਤੇ ਮਨ ਦੇ ਰੋਗਾਂ ਤੋਂ ਵੀ ਛੁਟਕਾਰਾ ਪਾਉਂਦੀਆਂ ਹਨ। ਟੁੱਟੀ ਗੰਢਣਹਾਰ ਅਤੇ ਜੰਗ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਕੌਮ ਰਹਿੰਦੀ ਦੁਨੀਆਂ ਤੱਕ ਅਕੀਕਦ ਦੇ ਫੁੱਲ ਭੇਟ ਅਤੇ ਹਮੇਸ਼ਾ ਸਿਜਦਾ ਕਰਦੀ ਰਹੇਗੀ।

ਸੰਪਰਕ: 98767 30001

  • 154
  •  
  •  
  •  
  •