ਟੁੱਟੀ ਗੰਢੀ: ਡਾ. ਹਰਪਾਲ ਸਿੰਘ ਪੰਨੂ

ਭਾਈ ਮਹਾਂ ਸਿੰਘ ਵੱਲੋਂ ਬੇਦਾਵਾ ਲਿਖਣਾ, ਫਿਰ ਭੁੱਲ ਬਖਸ਼ਾਉਣ ਲਈ ਖਿਦਰਾਣੇ ਦੀ ਢਾਬ ਉਪਰ ਜਾ ਕੇ ਬੇਦਾਵਾ ਪੜਵਾਉਣਾ, ਇਹ ਇਨ੍ਹਾਂ ਸਰਦੀਆਂ ਦੇ ਦਿਨਾਂ ਦਾ ਵਰਤਾਰਾ ਹੈ। ਸਿੱਖ ਸਨਾਤਨੀ ਗ੍ਰੰਥਾਂ ਵਿੱਚ ਇਸ ਘਟਨਾ ਨੂੰ ‘ਟੁੱਟੀ ਗੰਢੀ’ ਦਾ ਨਾਮ ਦਿੱਤਾ ਗਿਆ। ਗੁਰੂ ਜੀ ਦਾ ਹਰੇਕ ਵਰਤਾਰਾ, ਹਰੇਕ ਵਾਕ ਅਹਿਮ ਹੈ, ਇਉਂ ਹੀ ਟੁੱਟੀ ਗੰਢੀ ਸਾਖੀ ਦੀ ਵਚਿੱਤਰ ਭੂਮਿਕਾ ਹੈ। ਅਚਾਨਕ ਤਾਂ ਇੱਕ ਦਿਨ ਅਜਿਹਾ ਨਹੀਂ ਹੋਇਆ ਕਿ ਭਾਈ ਮਹਾਂ ਸਿੰਘ ਦਸਮ ਪਾਤਸ਼ਾਹ ਕੋਲ ਗਏ ਤੇ ਬੇਦਾਵਾ ਲਿਖ ਕੇ ਸਾਥੀਆਂ ਸਣੇ ਘਰੋ ਘਰੀ ਪਰਤ ਗਏ।

ਬੇਦਾਵਾ ਲਿਖਣ ਪਿੱਛੇ ਕਿੰਨਿਆਂ ਹਫ਼ਤਿਆਂ ਦਾ ਵਿਚਾਰ ਵਟਾਂਦਰਾ ਹੋਇਆ, ਤਕਰਾਰ ਹੋਇਆ, ਕਿਸੇ ਲਿਖਤ ਵਿੱਚ ਨਹੀਂ, ਤਾਂ ਵੀ ਏਨਾ ਵੱਡਾ ਫੈਸਲਾ ਲੈਣ ਪਿੱਛੇ ਇੱਕ ਇਤਿਹਾਸ ਹੈ, ਜਜ਼ਬੇ, ਵਿਸ਼ਵਾਸ ਅਚਾਨਕ ਗੁਮਰਾਹ ਨਹੀਂ ਹੋਏ। ਗੁਰੂ ਅਤੇ ਸਿੱਖ ਦਾ ਰਿਸ਼ਤਾ ਦੋ ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਜੋੜਿਆ ਸੀ, ਸਰਬੰਸ ਦਾਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਰਿਸ਼ਤੇ ਨੂੰ ਪੱਕਾ ਕੀਤਾ ਸੀ। ਭਾਈ ਮਹਾਂ ਸਿੰਘ ਨੇ ਉਸ ਮਜ਼ਬੂਤ ਰਿਸ਼ਤੇ ਨੂੰ ਤੋੜਨਾ ਸੀ, ਰੂਹ ਨਾਲੋਂ ਜਿਸਮ ਨੂੰ ਵੱਖ ਕਰਨਾ ਸੀ।

ਆਖਰ ਉਹ ਘੜੀ ਆ ਗਈ ਜਦੋਂ ਭਾਈ ਮਹਾਂ ਸਿੰਘ ਨੇ ਬੇਦਾਵਾ ਲਿਖ ਕੇ ਗੁਰੂ ਜੀ ਦੇ ਸਪੁਰਦ ਕਰ ਦਿੱਤਾ। ਚਾਲੀ ਯੋਧੇ ਜਾਨਾਂ ਬਚਾ ਕੇ ਆਪਣੇ ਘਰਾਂ ਵੱਲ ਚੱਲ ਪਏ। ਰੂਹ ਅਨੰਦਪੁਰ ਰਹਿ ਗਈ, ਜਿਸਮ ਘਰ ਪਰਤੇ। ਇੱਥੇ ਕੁਝ ਦੇਰ ਰੁਕ ਕੇ ਅੱਗੇ ਚੱਲਾਂਗੇ। ਸਾਖੀ ਦੇ ਮਾਇਨੇ ਪ੍ਰਗਟ ਹੋਣੇ ਸ਼ੁਰੂ ਹੋ ਗਏ ਹਨ। ਸਾਨੂੰ ਇੱਥੇ ਤਿੰਨ ਅਹਿਮ ਗੱਲਾਂ ਦੀ ਜਾਣਕਾਰੀ ਮਿਲਦੀ ਹੈ:

  1. ਸਿੱਖ ਭੁੱਲਣਹਾਰ ਹੋਣ ਕਰਕੇ ਗਲਤੀ, ਗੁਸਤਾਖੀ, ਬੇਅਦਬੀ ਕਰੇਗਾ, ਯਾਨੀ ਕਿ ਅਜਿਹਾ ਕਰਨ ਦੀ ਉਸ ਵਿੱਚ ਕਾਫ਼ੀ ਸੰਭਾਵਨਾ ਹੈ ਤੇ ਰਹੇਗੀ।

2. ਗੁਰੂ ਮਹਾਰਾਜ ਜਾਣਦੇ ਹਨ ਜਿਨ੍ਹਾਂ ਨੂੰ ਇੰਨਾ ਪਿਆਰ ਕੀਤਾ ਉਹ ਵਧੀਕ ਦੂਰ ਨਹੀਂ ਜਾ ਸਕਦੇ, ਤਾਂ ਵੀ ਦੇਖੀਏ ਸਹੀ ਸਾਡੇ ਵੱਲੋਂ ਆਜ਼ਾਦ ਛੱਡੇ ਪਰਿੰਦੇ ਕਿੰਨੀ ਕੁ ਦੂਰ ਤਕ ਚਲੇ ਜਾਣਗੇ।

3. ਗਾਹੇ ਬਗਾਹੇ ਸਿੱਖ, ਗੁਰੂ ਤੋਂ ਬੇਮੁਖ ਹੋਏਗਾ ਤਾਂ ਵੀ ਗੁਰੂ ਬਾਬੇ ਉਸ ਪਲ ਦੀ ਉਡੀਕ ਕਰਦੇ ਰਹਿਣਗੇ ਜਦੋਂ ਸਿੱਖ ਭੁੱਲ ਬਖਸ਼ਵਾਉਣ ਆਏਗਾ ਤੇ ਟੁੱਟੀਆਂ ਗੰਢੀਆਂ ਜਾਣਗੀਆਂ।

ਇਸ ਨਾਲ ਮਿਲਦੀ ਜੁਲਦੀ ਦੂਜੀ ਸਾਖੀ ਭਾਈ ਦਾਨ ਸਿੰਘ ਦੀ ਹੈ। ਮੁਕਤਸਰ ਨਜ਼ਦੀਕ ਗੁਰਦੁਆਰਾ ਟਿੱਬੀ ਸਾਹਿਬ ਦੇ ਸਥਾਨ ਉਪਰ ਗੁਰੂ ਗੋਬਿੰਦ ਸਿੰਘ ਜੀ ਨਾਲ ਜਾਂਦਿਆਂ ਸਿੱਖਾਂ ਨੇ ਮਹਾਰਾਜ ਦੇ ਘੋੜੇ ਦੀ ਲਗਾਮ ਫੜ ਲਈ, ਸਾਰੇ ਰੁਕ ਗਏ। ਸਿੱਖਾਂ ਨੇ ਕਿਹਾ- ਘਰਾਂ ਵਿੱਚ ਤੰਗੀ ਹੈ ਮਹਾਰਾਜ! ਮਹੀਨਿਆਂ ਤੋਂ ਤਲਬਾਂ (ਤਨਖਾਹਾਂ) ਨਹੀਂ ਮਿਲੀਆਂ। ਤਲਬਾਂ ਤਾਰੋ ਤਾਂ ਅੱਗੇ ਜਾਣ ਦਿਆਂਗੇ, ਨਹੀਂ ਰੁਕਾਂਗੇ, ਰੋਕਾਂਗੇ।

ਬਹੁਤ ਸਮਝਾਏ ਕਿ ਅਸੀਂ ਕਿਹੜਾ ਖਜ਼ਾਨੇ ਲੁਕਾ ਕੇ ਰੱਖੇ ਕਦੀ? ਜਦੋਂ ਮਿਲਿਆ ਜਿੰਨਾ ਮਿਲਿਆ ਤੁਹਾਡੇ ਵਿੱਚ ਵੰਡ ਦਈਦਾ ਹੈ। ਆਏਗਾ ਧਨ ਤਦ ਵੰਡ ਦਿਆਂਗੇ। ਬਜ਼ਿੱਦ ਸਿੱਖਾਂ ਨੇ ਲਗਾਮ ਨਹੀਂ ਛੱਡੀ। ਤਕਰਾਰ ਹੋ ਰਿਹਾ ਸੀ ਕਿ ਭਾਈ ਦੁਨੀ ਚੰਦ ਘੋੜੇ ਉੱਪਰ ਧਨ ਦੀਆਂ ਖੁਰਜੀਆਂ ਲੱਦੀ ਆ ਪੁੱਜੇ ਤੇ ਬੋਲੇ- ਬੜੀ ਮੁਸ਼ਕਿਲ ਨਾਲ ਲੱਭਿਆ ਮਹਾਰਾਜ ਤੁਹਾਨੂੰ। ਦਸਵੰਧ ਦੇਣ ਵਾਸਤੇ ਥਾਂ ਥਾਂ ਪੁੱਛਦਾ ਪੁਛਾਉਂਦਾ ਆਪ ਪਾਸ ਪੁੱਜਾ ਹਾਂ। ਮਨਜ਼ੂਰ ਕਰੋ ਸਾਡੀ ਸੇਵਾ ਹਜ਼ੂਰ।

ਗੁਰੂ ਜੀ ਨੇ ਪਿੱਠ ਪਿੱਛੋਂ ਢਾਲ ਉਤਾਰੀ ਜਿਸ ਵਿੱਚ ਧਨ ਭਰ ਭਰ ਸਿੱਖਾਂ ਵਿੱਚ ਵੰਡਣ ਲੱਗੇ। ਦੱਸੋ ਭਾਈ ਕਿੰਨੇ ਮਹੀਨਿਆਂ ਦੀ ਤਲਬ ਬਕਾਇਆ ਹੈ, ਆਖਦੇ ਅਤੇ ਵੰਡੀ ਜਾਂਦੇ। ਪੱਕੇ ਰੰਗ ਦਾ ਇੱਕ ਕੱਦਾਵਰ ਸਿੱਖ ਨੀਵੀਂ ਪਾਈ ਇੱਕ ਪਾਸੇ ਖਲੋਤਾ ਰਿਹਾ, ਤਲਬ ਲੈਣ ਅੱਗੇ ਨਹੀਂ ਵਧਿਆ। ਹਜ਼ੂਰ ਨੇ ਪੁੱਛਿਆ- ਦੱਸੋ ਭਾਈ ਕਿੰਨੀ ਤਲਬ ਹੈ ਤੁਹਾਡੀ ਬਕਾਇਆ? ਸਿੱਖ ਅੱਗੇ ਵਧਿਆ ਤੇ ਕਿਹਾ- ਜੀ ਕੋਈ ਬਕਾਇਆ ਨਹੀਂ, ਸਗੋਂ ਕਰਜ਼ ਚੁਕਾਉਣਾ ਹੈ ਆਪ ਦਾ।
ਗੁਰੂ ਜੀ ਨੇ ਪੁੱਛਿਆ- ਕੀ ਨਾਮ ਹੈ ਤੁਹਾਡਾ? ਕੀ ਚਾਹੀਦਾ ਹੈ ਫਿਰ ਜੇ ਮਾਇਆ ਨਹੀਂ ਚਾਹੀਦੀ? ਸਿੱਖ ਨੇ ਚਰਨ ਛੂਹੇ ਅਤੇ ਕਿਹਾ- ਜੀ ਮੇਰਾ ਨਾਮ ਦਾਨ ਸਿੰਘ ਹੈ। ਮੈਨੂੰ ਸਿੱਖੀ ਚਾਹੀਦੀ ਹੈ। ਸਿੱਖੀ ਦੀ ਬਖਸ਼ਿਸ਼ ਕਰੋ ਮਾਲਕ। ਮਹਾਰਾਜ ਨੇ ਛਾਤੀ ਨਾਲ ਲਾ ਕੇ ਫਰਮਾਇਆ- ਅੱਜ ਮਾਲਵਾ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਨਾਲੋਂ ਟੁੱਟ ਚੱਲਿਆ ਸੀ ਭਾਈ ਦਾਨ ਸਿੰਘ, ਤੁਸੀਂ ਬਚਾ ਲਿਆ। ਜਿਵੇਂ ਮਾਝੇ ਦੀ ਟੁੱਟੀ ਭਾਈ ਮਹਾਂ ਸਿੰਘ ਨੇ ਗੰਢੀ ਸੀ, ਤੁਸੀਂ ਅੱਜ ਮਾਲਵੇ ਦੀ ਟੁੱਟੀ ਗੰਢੀ। ਇਤਿਹਾਸ ਵਿੱਚ ਤੁਹਾਡੀ ਜੜ੍ਹ ਲੱਗੀ।

ਗੁਰੂ ਅਤੇ ਸਿੱਖ ਵਿੱਚ ਇਹ ਫਰਕ ਅਕਸਰ ਦੇਖਣ ਨੂੰ ਮਿਲੇਗਾ। ਸਿੱਖ ਗੁਰੂ ਤੋਂ ਦੂਰ ਜਾਏਗਾ, ਗੁਰੂ ਜੀ ਉਡੀਕਣਗੇ, ਚਾਹੁਣਗੇ ਕਿ ਵਾਪਸ ਆਏ, ਭੁੱਲ ਬਖਸ਼ਵਾਏ। ਕਿਸੇ ਸ਼ਹਿਰ ਜਾਂ ਪਿੰਡ ਦਾ ਕੋਈ ਬੰਦਾ ਅਸੀਂ ਬੁਰਾ ਦੇਖ ਲਈਏ, ਆਖਾਂਗੇ- ਇਹ ਸਾਰਾ ਸ਼ਹਿਰ ਹੀ ਬੁਰਾ ਹੈ, ਫਟਕਾਰਿਆ ਹੋਇਆ। ਸਭ ਦੋਜ਼ਖਾਂ ਵਿੱਚ ਜਾਣਗੇ। ਗੁਰੂ ਜੀ ਆਪਣੇ ਆਲੇ ਦੁਆਲੇ ਬੁਰਿਆਂ ਦੀ ਭੀੜ ਦੇਖਦੇ ਹਨ, ਉਡੀਕਦੇ ਹਨ ਕੋਈ ਇੱਕ ਇਨ੍ਹਾਂ ਵਿੱਚੋਂ ਚੰਗਾ ਹੋਵੇ ਤਾਂ ਇੱਕ ਦੇ ਸਹਾਰੇ ਸਾਰਿਆਂ ਦੇ ਔਗੁਣ ਮੁਆਫ਼ ਕਰੀਏ।

ਪੰਡਿਤ ਕਿਰਪਾ ਰਾਮ ਕਸ਼ਮੀਰੀ ਬ੍ਰਾਹਮਣਾਂ ਦਾ ਜਥਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਣ ਅਨੰਦਪੁਰ ਆਏ ਸਨ। ਮਹਾਰਾਜ ਸ਼ਹਾਦਤ ਦੇਣ ਦਿੱਲੀ ਵੱਲ ਤੁਰੇ, ਭਾਈ ਕਿਰਪਾ ਰਾਮ ਨਾਲ ਤੁਰੇ। ਗੁਰੂ ਜੀ ਰੁਕੇ, ਫੁਰਮਾਇਆ- ਤੁਸੀਂ ਨਾ ਦਿੱਲੀ ਜਾਓਗੇ ਭਾਈ ਕਿਰਪਾ ਰਾਮ ਨਾ ਸ਼੍ਰੀਨਗਰ। ਤੁਹਾਨੂੰ ਵੱਡੀ ਜ਼ਿੰਮੇਵਾਰੀ ਸੌਂਪ ਕੇ ਚੱਲੇ ਹਾਂ। ਬਾਲਕ ਗੋਬਿੰਦ ਰਾਇ ਦੀ ਵਿੱਦਿਆ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੋਈ। ਆਪਣੇ ਸਮੇਂ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਜ ਭਾਸ਼ਾ ਦੀ ਦੁਨੀਆਂ ਦੇ ਸ਼੍ਰੋਮਣੀ ਵਿਦਵਾਨ ਪਾਸੋਂ ਦਸਮ ਪਾਤਸ਼ਾਹ ਨੇ ਵਿੱਦਿਆ ਹਾਸਲ ਕੀਤੀ।

ਵਿਸਾਖੀ 1699 ਨੂੰ ਜਦੋਂ ਅੰਮ੍ਰਿਤ ਦੀ ਦਾਤ ਵੰਡੀ ਜਾਣ ਲੱਗੀ, ਕਿਰਪਾ ਰਾਮ ਜੀ ਅੰਮ੍ਰਿਤ ਛਕ ਕੇ ਭਾਈ ਕਿਰਪਾ ਸਿੰਘ ਹੋ ਗਏ। ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਹਿਫਾਜ਼ਤ ਕਰਦਿਆਂ ਸ਼ਹੀਦ ਹੋਏ। ਮੈਂ ਕਿਉਂਕਿ ਸਿੱਖ ਹਾਂ, ਇਸ ਕਰਕੇ ਭਾਈ ਕਿਰਪਾ ਰਾਮ ਦੀ ਥਾਂ ਮੈਨੂੰ ਗੰਗੂ ਵਧੀਕ ਯਾਦ ਰਹਿੰਦਾ ਹੈ।

ਭਾਈ ਮਹਾਂ ਸਿੰਘ ਭੁੱਲੇ ਸਨ। ਜਾਨ ਬਚਾ ਕੇ ਗਏ ਸਨ, ਜਾਨ ਕੁਰਬਾਨ ਕਰਨ ਲਈ ਪਰਤ ਆਏ। ਚਾਲੀ ਗਏ ਸਨ ਇਕਤਾਲੀ ਪਰਤ ਆਏ। ਸਿਰਫ਼ ਖਿਮਾ ਨਹੀਂ ਮਿਲੀ, ਅਰਦਾਸ ਵਿੱਚ ਸ਼ਾਮਲ ਹੋ ਗਏ। ਖਿਦਰਾਣੇ ਦੀ ਉਜੜੀ ਉਖੜੀ ਬਰਸਾਤੀ ਢਾਬ (ਛੱਪੜੀ) ਦਾ ਨਾਮ ਮੁਕਤਸਰ ਹੋ ਗਿਆ। ਗੁਨਾਹਗਾਰ ਇਸ ਸਰੋਵਰ ਵਿੱਚ ਇਸ਼ਨਾਨ ਕਰਿਆ ਕਰਨਗੇ ਤਾਂ ਉਨ੍ਹਾਂ ਦੇ ਪਾਪ ਵੀ ਧੋਏ ਜਾਇਆ ਕਰਨਗੇ ਕਿਉਂਕਿ ਟੁੱਟੀ ਗੰਢਣ ਵਾਲੇ ਨੀਲੇ ਦੇ ਸਵਾਰ ਖ਼ੁਦ ਹਨ।

  • 137
  •  
  •  
  •  
  •