”ਸਿੱਖ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਸਿੱਖ ਬੀਬੀਆਂ ਦੀ ਅਹਿਮ ਜ਼ਿੰਮੇਵਾਰੀ”

ਸ੍ਰੀ ਮੁਕਤਸਰ ਸਾਹਿਬ: ਸਿੱਖ ਇਤਿਹਾਸ ਦੇ ਚਾਲ੍ਹੀ ਮੁਕਤਿਆਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਮਾਘੀ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਇੱਥੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰੂ ਘਰਾਂ ਅੰਦਰ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਜਿਥੇ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕਾਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਸਿੱਖ ਇਤਿਹਾਸ ਨਾਲ ਜੋੜਿਆ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਚ ਮਾਤਾ ਭਾਗ ਕੌਰ ਜੀ ਗੁਰਮਤਿ ਸੰਮੇਲਨ ਕਰਵਾਇਆ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੇ ਸੰਬੋਧਨ ਵਿਚ ਖਿਦਰਾਣੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਨੂੰ ਸਾਂਝਾ ਕਰਦਿਆਂ ਆਖਿਆ ਕਿ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਟੁੱਟੀ ਗੰਢੀ ਦੀ ਉਹ ਮਿਸਾਲ ਹੈ, ਜਿਸ ਨੇ ਭੁੱਲ ਦੇ ਅਹਿਸਾਸ ਨੂੰ ਸ਼ਹਾਦਤਾਂ ਨਾਲ ਸਿੰਜਿਆ। ਇਨ੍ਹਾਂ ਕੁਰਬਾਨੀਆਂ ਦੀ ਗਾਥਾ ਹਰ ਸਿੱਖ ਨੂੰ ਗੁਰੂ ਸਾਹਿਬ ਅੱਗੇ ਸਮਰਪਿਤ ਰਹਿਣ ਦੀ ਪ੍ਰੇਰਣਾ ਦਿੰਦੀ ਹੈ।

ਉਨ੍ਹਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਅਤੇ ਨੌਜੁਆਨਾਂ ਅੰਦਰ ਸਿੱਖ ਸਰੋਕਾਰਾਂ ਨੂੰ ਦ੍ਰਿੜ੍ਹ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਮਾਤਾ ਭਾਗ ਕੌਰ ਦੀ ਪ੍ਰੇਰਣਾ ਅਤੇ ਸੂਰਮਤਾਈ ਦੀ ਉੱਘੜਵੀਂ ਮਿਸਾਲ ਵੀ ਹੈ, ਜੋ ਸਿੱਖ ਬੀਬੀਆਂ ਲਈ ਆਪਣੇ ਧਰਮ ਪ੍ਰਤੀ ਜ਼ੁੰਮੇਵਾਰੀ ਨਿਭਾਉਣ ਦਾ ਮਾਰਗ ਦਿਖਾਉਂਦੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ’ਤੇ ਪਹਿਰਾ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁਟ ਰਹਿਣ ਦੀ ਅਪੀਲ ਵੀ ਕੀਤੀ।

  • 73
  •  
  •  
  •  
  •