ਕਿਸਾਨੀ ਸੰਘਰਸ਼ ਨੇ ਪੰਜਾਬ ਦੀ ਨੌਜਵਾਨੀ ਨੂੰ ਜਗਾਇਆ

ਪੰਜਾਬ ਵਿੱਚ ਆਪਾ-ਧਾਪੀ ਤੇ ਪਾਟੋ-ਧਾੜ ਸਿਖ਼ਰਾਂ ਛੋਹ ਰਹੀ ਸੀ ਤੇ ਮਾਰੂ ਰੁਝਾਨਾਂ ਦਾ ਬੋਲਬਾਲਾ ਸਿਖਰਾਂ ‘ਤੇ ਸੀ। ਨਸ਼ਿਆਂ, ਅਸੱਭਿਅਕ ਗਾਇਕੀ ਤੇ ਹੋਰ ਨਾਂਹ-ਵਾਚਕ ਵਰਤਾਰਿਆਂ ਦੀਆਂ ਖ਼ਬਰਾਂ ਨੇ ਪੰਜਾਬ ਨੂੰ ਬੇਹੱਦ ਗ਼ਲਤ ਰੰਗ ਵਿੱਚ ਪੇਸ਼ ਕਰ ਦਿੱਤਾ ਹੋਇਆ ਸੀ। ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ਨੇ ਪੰਜਾਬ ਨੂੰ ਹੋਰ ਵੱਧ ਬਦਨਾਮ ਕੀਤਾ ਜਿਵੇਂ ਪੰਜਾਬ ਕਿਸੇ ਚੰਗੇ ਬੰਦੇ ਦੇ ਰਹਿਣ ਵਾਲੀ ਧਰਤੀ ਹੀ ਨਾ ਹੋਵੇ। ਪੰਜਾਬ ਦੇ ਖਿਲਾਫ ਰੱਜ ਕੇ ਭੰਡੀ ਪ੍ਰਚਾਰ ਹੋਇਆ। ਪਰ ਧੰਨਵਾਦ ਮੋਦੀ ਦਾ ਜਿੰਨੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਲਿਆਂਦੇ ਤੇ ਸਾਰਾ ਪੰਜਾਬ ਇਕਜੁੱਟ ਤੇ ਇਕਮੁੱਠ ਕਰ ਦਿੱਤਾ।

ਹੁਣ ਇਹ ਲੋਹੇ ਦੀ ਲੱਠ ਵਰਗਾ ਏਕਾ, ਮੋਦੀ ਸਰਕਾਰ ਨੂੰ ਸਿਆਲਾਂ ਵਿੱਚ ਵੀ ਤਰੇਲੀਆਂ ਲਿਆ ਰਿਹਾ ਹੈ। ਇਸ ਸੰਘਰਸ਼ ਨੇ ਪੰਜਾਬ ਦੇ ਅਜੋਕੇ ਯੂਥ ਨੂੰ ਇੱਕ ਨਵਾਂ ਨਿਸ਼ਾਨਾਂ ਦੇ ਦਿੱਤਾ ਹੈ। ਹਰ ਪਰਿਵਾਰ ਵਿੱਚ ਇਸ ਸੰਘਰਸ਼ ਦੀ ਚਰਚਾ ਹੈ, ਹਰ ਪੰਜਾਬੀ ਇਸ ਸੰਘਰਸ਼ ਦਾ ਹਿੱਸਾ ਬਣ ਚੁੱਕਾ ਹੈ, ਪੰਜਾਬ ਦੀ ਜਵਾਨੀ ਨੂੰ ਜ਼ਿੰਦਗੀ ਦਾ ਇੱਕ ਮਿਸ਼ਨ ਹਾਸਲ ਹੋ ਗਿਆ ਹੈ। ਪਿਛਲੀ ਪੀੜ੍ਹੀ ਨੇ ਧਰਮ ਯੁੱਧ ਮੋਰਚੇ ਤੋਂ ਸੇਧ ਲਈ ਸੀ, ਹੁਣ ਵਾਲੀ ਪੀੜ੍ਹੀ ਇਸ ਸੰਘਰਸ਼ ਤੋਂ ਸਿੱਖ ਰਹੀ ਹੈ।

ਬੀਤੇ ਵਕਤ ਵਿੱਚ ਅਕਾਲੀ ਮੋਰਚਿਆਂ ਵਿੱਚ ਹਾਜ਼ਰੀ ਭਰਨ ਮਗਰੋਂ ਸਾਦੇ ਜਿਹੇ ਪੇਂਡੂ ਬੰਦੇ ਚੋਟੀ ਦੇ ਅਕਾਲੀ ਬਣ ਜਾਂਦੇ ਰਹੇ, ਹਫ਼ਤੇ ਦਸ ਦਿਨ ਹੀ ਜੇਲ੍ਹ ਯਾਤਰਾ ਮਗਰੋਂ ਬਹੁਤਿਆਂ ਦੇ ਜੀਵਨ ਵਿੱਚ ਸਦੀਵੀ ਤੇ ਪੁਖਤਾ ਤਬਦੀਲੀ ਆ ਜਾਂਦੀ ਰਹੀ, ਜੇਲ੍ਹਾਂ ਜਿਵੇਂ ਸਾਡੇ ਲਈ ਟ੍ਰੇਨਿੰਗ ਕੈਂਪ ਹੋਣ ਜਿੱਥੋਂ ਬਾਣੀ ਤੇ ਬਾਣੇ ਨਾਲ ਜੁੜਨ ਦੇ ਨਾਲ-ਨਾਲ ਪੰਥ ਤੇ ਪੰਜਾਬ ਪ੍ਰਤੀ ਲੜਨ-ਜੂਝਣ ਦਾ ਪਾਠ ਪੜ੍ਹ ਆਈਦਾ। ਹੁਣ ਜਦ ਬਾਦਲਕਿਆਂ ਨੇ ਅਕਾਲੀ ਦਲ ਦਾ ਬੇਡ਼ਾ ਗਰਕ ਕਰ ਦਿੱਤਾ ਅਤੇ ਪੰਜਾਬ ਦੀ ਕਿਸਾਨੀ ਦੇ ਮੁੱਦੇ ਵੀ ਤਿਆਗ ਦਿੱਤੇ ਤਾਂ ਹੁਣ ਇਹ ਮੌਜੂਦਾ ਸੰਘਰਸ਼ ਨਵੀਂ ਪੀੜ੍ਹੀ ਲਈ ਇੱਕ ਇਹੋ ਜਿਹਾ ਮੌਕਾ ਹੈ, ਜਿੱਥੋਂ ਉਹ ਆਪਣੇ ਪੁਰਖਿਆਂ ਵਾਂਗ ਪੰਜਾਬ ਦੇ ਹਿੱਤਾਂ ਤੇ ਹੱਕਾਂ ਲਈ ਜੂਝਣ ਦਾ ਸਬਕ ਸਿੱਖ ਸਕਦੀ ਹੈ।

ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਜ਼ਿੰਦਗੀ ਵਿੱਚ ਸਿਫ਼ਤੀ ਤਬਦੀਲੀਆਂ ਆਉਣਗੀਆਂ, ਲੋਕ ਚਰਚਾ ਕਰਿਆ ਕਰਨਗੇ ਕਿ ਕਿਸਾਨੀ ਵਾਲੇ ਸੰਘਰਸ਼ ਮਗਰੋਂ ਫਲਾਣੇ ਦਾ ਹਿਸਾਬ-ਕਿਤਾਬ ਹੀ ਬਦਲ ਗਿਆ। ਭਾਰਤੀ ਹਕੂਮਤੀ ਮਸ਼ੀਨਰੀ ਬੜੀ ਚਿੰਤਾ ਵਿੱਚ ਹੈ ਕਿ ਸੰਘਰਸ਼ ਵਿੱਚ ਕਿਸਾਨੀ ਹਰੇ ਝੰਡਿਆਂ ਦੀ ਗਿਣਤੀ ਘੱਟ ਕੇ ਕਿਤੇ ਖ਼ਾਲਸਾਈ ਝੰਡੇ ਐਨੇ ਨਾ ਵੱਧ ਜਾਣ ਕਿ ਗੱਲ ਸਾਂਭਣੀ ਮੁਸ਼ਕਲ ਹੋ ਜਾਵੇ। ਜਦ ਵੀ ਦਿੱਲੀ ਦਰਬਾਰ ਦੇ ਧੱਕਿਆਂ ਦੀ ਗੱਲ ਛਿੜਦੀ ਹੈ ਤਾਂ ਸਿੱਖਾਂ ਨੂੰ ਪਿਛਲੀਆਂ ਸਦੀਆਂ ਵਿੱਚ ਅੱਡ-ਅੱਡ ਹਕੂਮਤਾਂ ਵੱਲੋਂ ਕੀਤੇ ਅੱਤਿਆਚਾਰ ਚੇਤੇ ਆ ਜਾਂਦੇ ਨੇ, ਹੁਣ ਵੀ ਹਰੇਕ ਸਿੱਖ ਜਬਰ-ਜ਼ੁਲਮ ਨੂੰ ਚੇਤੇ ਕਰਕੇ ਆਪਣੇ-ਆਪ ਨੂੰ ਵੱਡੇ ਸੰਘਰਸ਼ ਲਈ ਤਿਆਰ ਕਰੀ ਬੈਠਾ ਹੈ। ਜਦ ਵੀ ਗੱਲ ਛਿੜਦੀ ਹੈ ਕਿ ਕਿਤੇ ਮੋਦੀ ਸਰਕਾਰ ਕਿਸਾਨੀ ਸੰਘਰਸ਼ ਉੱਤੇ ਹੱਲਾ ਬੋਲ ਕੇ ਜਲ੍ਹਿਆਂ ਵਾਲੇ ਬਾਗ ਦੀ ਦਾਸਤਾਨ ਹੀ ਨਾ ਦੁਹਰਾਅ ਦੇਵੇ ਤਾਂ ਜਵਾਬ ਮਿਲਦਾ ਹੈ ਕਿ ਫਿਰ ਸਰਦਾਰ ਊਧਮ ਸਿੰਘ ਨੂੰ ਵੀ ਚੇਤੇ ਕਰ ਲੈ ਜਿੰਨੇ ਵੀਹ ਸਾਲ ਬਾਅਦ ਬਦਲਾ ਲਿਆ ਸੀ।

*(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.

  • 156
  •  
  •  
  •  
  •